ਏਸ਼ੀਆ ਕੱਪ ਮੇਰੇ ਅਤੇ ਟੀਮ ਦੇ ਲਈ ਨਵੀਂ ਸ਼ੁਰੂਆਤ ਹੋਵੇਗੀ : ਮਾਰਿਨ

09/25/2017 4:13:18 PM

ਬੈਂਗਲੁਰੂ— ਨਵੇਂ ਨਿਯੁਕਤ ਹਾਕੀ ਕੋਚ ਮਾਰਿਨ ਸ਼ੋਰਡ ਨੇ ਕਿਹਾ ਹੈ ਕਿ ਆਗਾਮੀ ਏਸ਼ੀਆ ਕੱਪ ਉਨ੍ਹਾਂ ਅਤੇ ਸੀਨੀਅਰ ਪੁਰਸ਼ ਟੀਮ ਦੇ ਲਈ ਨਵੀਂ ਸ਼ੁਰੂਆਤ ਹੋਵੇਗਾ। ਦਿੱਗਜ ਰੋਲੈਂਟ ਓਲਟਮੈਂਸ ਦੀ ਜਗ੍ਹਾ ਹਾਲ ਹੀ 'ਚ ਮੁੱਖ ਕੋਚ ਬਣਾਏ ਗਏ ਮਾਰਿਨ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਢਾਕਾ 'ਚ ਹੋਣ ਵਾਲਾ ਏਸ਼ੀਆ ਕੱਪ ਉਨ੍ਹਾਂ ਨੂੰ ਇਹ ਸਮਝਣ ਦਾ ਮੌਕਾ ਦੇਵੇਗਾ ਕਿ ਅਗਲੇ 15 ਮਹੀਨਿਆਂ 'ਚ ਕੀ ਕਰਨ ਦੀ ਜ਼ਰੂਰਤ ਹੈ ਜਦ ਹਾਕੀ ਵਿਸ਼ਵ ਲੀਗ ਫਾਈਨਲ, ਏਸ਼ੀਆਈ ਖੇਡ, ਰਾਸ਼ਟਰ ਮੰਡਲ ਖੇਡ ਅਤੇ ਵਿਸ਼ਵ ਕੱਪ ਜਿਹੀਆਂ ਕਈ ਵੱਡੀਆਂ ਪ੍ਰਤੀਯੋਗਿਤਾਵਾਂ ਹੋਣਗੀਆਂ। 

ਮਾਰਿਨ ਨੇ ਕਿਹਾ, ''ਏਸ਼ੀਆ ਕੱਪ 2017 ਮੇਰੇ ਲਈ ਨਹੀਂ ਸਗੋਂ ਟੀਮ ਦੇ ਲਈ ਵੀ ਨਵੀਂ ਸ਼ੁਰੂਆਤ ਹੋਵੇਗੀ ਜੋ ਕਿ ਖਿਤਾਬ ਦੇ ਨਾਲ ਵਤਨ ਪਰਤਨ ਦੇ ਲਈ ਮਾਨਸਿਕ ਤੌਰ 'ਤੇ ਤਿਆਰ ਹਨ।'' ਉਨ੍ਹਾਂ ਕਿਹਾ, ''ਟ੍ਰੇਨਿੰਗ ਸੈਸ਼ਨ 'ਚ ਹਿੱਸਾ ਲੈਣ ਅਤੇ ਟੂਰਨਾਮੈਂਟ ਦੇ ਮੈਚ ਖੇਡਣ 'ਚ ਫਰਕ ਹੈ। ਮੈਂ ਟ੍ਰੇਨਿੰਗ ਦੇ ਦੌਰਾਨ ਟੀਮ ਦੀਆਂ ਕੋਸ਼ਿਸਾਂ ਤੋਂ ਆਸਵੰਦ ਹਾਂ, ਏਸ਼ੀਆ ਕੱਪ ਦੇ ਦੌਰਾਨ ਮੈਨੂੰ ਦੇਖਣ ਦਾ ਮੌਕਾ ਮਿਲੇਗਾ ਕਿ ਟੀਮ ਮੈਚ ਦੇ ਹਾਲਾਤ 'ਚ ਕਿਹੋ ਜਿਹੀ ਪ੍ਰਤੀਕਿਰਿਆ ਦਿੰਦੀ ਹੈ ਅਤੇ ਕਿੱਥੇ ਕਮੀ ਹੈ ਅਤੇ ਤੁਰੰਤ ਸੁਧਾਰ ਦੀ ਜ਼ਰੂਰਤ ਹੈ।'' 

ਭਾਰਤੀ ਖੇਡ ਅਥਾਰਿਟੀ (ਸਾਈ) ਦੇ ਕੇਂਦਰ 'ਚ ਚਲ ਰਹੇ ਰਾਸ਼ਟਰੀ ਕੈਂਪ 'ਚ ਸਰਦਾਰ ਸਿੰਘ, ਐੱਸ.ਵੀ. ਸੁਨੀਲ ਅਤੇ ਕਪਤਾਨ ਮਨਪ੍ਰੀਤ ਸਿੰਘ ਜਿਹੇ ਸੀਨੀਅਰ ਖਿਡਾਰੀਆਂ ਨੂੰ ਹਰੇਕ ਸੈਸ਼ਨ ਦੇ ਬਾਅਦ ਮਾਰਿਨ ਨੂੰ ਇਸ ਦੀ ਜਾਣਕਾਰੀ ਦਿੰਦੇ ਹੋÎਏ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕਦੀ ਵੀ ਸੀਨੀਅਰ ਕੌਮਾਂਤਰੀ ਟੀਮ ਨੂੰ ਕੋਚਿੰਗ ਨਹੀਂ ਦਿੱਤੀ ਹੈ। ਮਾਰਿਨ ਦੇ ਮਾਰਗਦਰਸ਼ਨ 'ਚ ਜੂਨੀਅਰ ਖਿਡਾਰੀਆਂ ਦੇ ਵਿਕਾਸ 'ਤੇ ਕਾਫੀ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ''ਜੂਨੀਅਰ ਖਿਡਾਰੀਆਂ ਨੂੰ ਸੀਨੀਅਰ ਖਿਡਾਰੀਆਂ ਦੇ ਪੱਧਰ 'ਤੇ ਆਉਣ 'ਚ ਸਮਾਂ ਲਗਦਾ ਹੈ ਅਤੇ ਇਸ ਪੱਧਰ 'ਤੇ ਪਹੁੰਚਣ ਦੇ ਲਈ ਕਾਫੀ ਮੈਚਾਂ ਦੇ ਤਜਰਬੇ ਦੀ ਜ਼ਰੂਰਤ ਹੁੰਦੀ ਹੈ ਪਰ ਮੈਨੂੰ ਜੋ ਪਸੰਦ ਹੈ ਉਹ ਅੰਦਰੂਨੀ ਮੁਕਾਬਲੇਬਾਜ਼ੀ ਹੈ।'' 

ਉਨ੍ਹਾਂ ਕਿਹਾ, ''ਜੂਨੀਅਰ ਖਿਡਾਰੀ ਟੀਮ 'ਚ ਜਗ੍ਹਾ ਬਣਾਉਣ ਦੇ ਲਈ ਸੀਨੀਅਰ ਖਿਡਾਰੀਆਂ 'ਤੇ ਦਬਾਅ ਬਣਾ ਰਹੇ ਹਨ ਅਤੇ ਮੈਨੂੰ ਲਗਦਾ ਹੈ ਕਿ ਇਸ ਦਾ ਫਾਇਦਾ ਹੋਵੇਗਾ।'' ਭਾਰਤ ਨੂੰ ਏਸ਼ੀਆ ਕੱਪ 'ਚ ਪੂਲ ਏ 'ਚ ਰੱਖਿਆ ਗਿਆ ਹੈ ਅਤੇ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 11 ਅਕਤੂਬਰ ਨੂੰ ਜਾਪਾਨ ਦੇ ਖਿਲਾਫ ਕਰੇਗੀ। ਭਾਰਤ ਨੂੰ 13 ਅਕਤੂਬਰ ਨੂੰ ਮੇਜ਼ਬਾਨ ਬੰਗਲਾਦੇਸ਼ ਜਦਕਿ 15 ਅਕਤੂਬਰ ਨੂੰ ਲੰਬੇ ਸਮੇਂ ਦੀ ਮੁਕਾਬਲੇਬਾਜ਼ ਪਾਕਿਸਤਾਨ ਨਾਲ ਭਿੜਨਾ ਹੈ।


Related News