ਏਸ਼ੀਆ ਕੱਪ ਖੇਡਣ ਨੂੰ ਲੈ ਕੇ ਭਾਰਤ-ਪਾਕਿ 'ਚ ਰੇੜਕਾ ਬਰਕਰਾਰ, ਜੈ ਸ਼ਾਹ ਦਾ ਅਹਿਮ ਬਿਆਨ ਆਇਆ ਸਾਹਮਣੇ

Friday, May 26, 2023 - 10:58 AM (IST)

ਏਸ਼ੀਆ ਕੱਪ ਖੇਡਣ ਨੂੰ ਲੈ ਕੇ ਭਾਰਤ-ਪਾਕਿ 'ਚ ਰੇੜਕਾ ਬਰਕਰਾਰ, ਜੈ ਸ਼ਾਹ ਦਾ ਅਹਿਮ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਏਸ਼ੀਆ ਕੱਪ ਦੇ ਸਥਾਨ ਦਾ ਫੈਸਲਾ ਆਈ.ਪੀ.ਐੱਲ. ਫਾਈਨਲ ਤੋਂ ਬਾਅਦ ਹੋਣ ਵਾਲੀ ਬੈਠਕ 'ਚ ਕੀਤਾ ਜਾਵੇਗਾ, ਜਿਸ 'ਚ ਏਸ਼ੀਆਈ ਕ੍ਰਿਕਟ ਕੌਂਸਲ (ਏ.ਸੀ.ਸੀ.) ਦੇ ਚੋਟੀ ਦੇ ਅਧਿਕਾਰੀ ਹਾਜ਼ਰ ਹੋਣਗੇ। ਪਾਕਿਸਤਾਨ ਕੋਲ ਇਸ ਸਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਹੈ ਪਰ ਭਾਰਤੀ ਕ੍ਰਿਕਟ ਟੀਮ ਕੇਂਦਰ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਗੁਆਂਢੀ ਦੇਸ਼ ਦੀ ਯਾਤਰਾ ਨਹੀਂ ਕਰ ਸਕਦੀ। ਅਜਿਹੇ 'ਚ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਨਜਮ ਸੇਠੀ ਨੇ ਇਕ 'ਹਾਈਬ੍ਰਿਡ ਮਾਡਲ' ਦਾ ਪ੍ਰਸਤਾਵ ਰੱਖਿਆ, ਜਿਸ ਨਾਲ ਉਨ੍ਹਾਂ ਦੇ ਦੇਸ਼ 'ਚ 4 ਮੈਚਾਂ ਦਾ ਆਯੋਜਨ ਹੋ ਸਕਦਾ ਹੈ ਅਤੇ ਭਾਰਤ ਆਪਣੇ ਮੈਚ ਨਿਰਪੱਖ ਸਥਾਨ 'ਤੇ ਖੇਡੇ। ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸੇਠੀ ਨੂੰ ਆਈ.ਪੀ.ਐੱਲ. ਫਾਈਨਲ ਲਈ ਰਸਮੀ ਤੌਰ 'ਤੇ ਸੱਦਾ ਦਿੱਤਾ ਗਿਆ ਹੈ ਜਾਂ ਨਹੀਂ। ਜੈ ਸ਼ਾਹ ਨੇ ਦੱਸਿਆ, “ਏਸ਼ੀਆ ਕੱਪ ਦਾ ਸਥਾਨ ਅਜੇ ਤੈਅ ਨਹੀਂ ਹੋਇਆ ਹੈ। ਅਸੀਂ ਇਸ ਸਮੇਂ ਆਈ.ਪੀ.ਐੱਲ. ਵਿੱਚ ਰੁੱਝੇ ਹੋਏ ਸੀ ਪਰ ਸ਼੍ਰੀਲੰਕਾ ਕ੍ਰਿਕਟ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਪ੍ਰਮੁੱਖ ਅਧਿਕਾਰੀ ਆਈ.ਪੀ.ਐੱਲ. ਫਾਈਨਲ ਦੇਖਣ ਲਈ ਆ ਰਹੇ ਹਨ। ਅਸੀਂ ਇਸ 'ਤੇ ਚਰਚਾ ਕਰਾਂਗੇ ਅਤੇ ਢੁਕਵੇਂ ਸਮੇਂ 'ਤੇ ਫੈਸਲਾ ਲਵਾਂਗੇ।'

ਇਹ ਵੀ ਪੜ੍ਹੋ: ਕ੍ਰਿਕਟਰ ਰਿਸ਼ਭ ਪੰਤ ਬਿਨਾਂ ਸਹਾਰੇ ਮੁੰਬਈ ਏਅਰਪੋਰਟ 'ਤੇ ਹੋਏ ਸਪਾਟ, ਡੈਸ਼ਿੰਗ ਲੁੱਕ 'ਚ ਆਏ ਨਜ਼ਰ (ਵੀਡੀਓ)

ACC ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੇਠੀ ਦਾ ਪ੍ਰਸਤਾਵਿਤ ਹਾਈਬ੍ਰਿਡ ਮਾਡਲ ਇੱਕ ਵਿਹਾਰਕ ਹੱਲ ਜਾਪਦਾ ਹੈ ਪਰ ACC ਨੇ ਕੋਈ ਰਸਮੀ ਬਿਆਨ ਨਹੀਂ ਦਿੱਤਾ ਹੈ। ਮਾਡਲ ਦੇ ਅਨੁਸਾਰ, ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਅਤੇ ਅਫਗਾਨਿਸਤਾਨ ਦੇ ਲੀਗ ਪੜਾਅ ਦੇ 4 ਮੈਚ ਪਾਕਿਸਤਾਨ ਵਿੱਚ ਹੋਣਗੇ, ਜਦੋਂ ਕਿ ਭਾਰਤ ਆਪਣੇ ਮੈਚ ਨਿਰਪੱਖ ਸਥਾਨਾਂ 'ਤੇ ਖੇਡੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ 2 ਮੈਚ ਸ਼੍ਰੀਲੰਕਾ 'ਚ ਹੋਣਗੇ, ਹਾਲਾਂਕਿ ਪੀ.ਸੀ.ਬੀ. ਇਸ ਮੈਚ ਨੂੰ ਦੁਬਈ 'ਚ ਕਰਵਾਉਣਾ ਚਾਹੁੰਦਾ ਹੈ। ਸਤੰਬਰ ਵਿੱਚ ਯੂ.ਏ.ਈ. ਦਾ ਮੌਸਮ 50 ਓਵਰਾਂ ਦੇ ਮੈਚਾਂ ਦੇ ਆਯੋਜਨ ਲਈ ਅਨੁਕੂਲ ਨਹੀਂ ਹੋਵੇਗਾ ਪਰ ਲੌਜਿਸਟਿਕਸ ਅਤੇ ਪ੍ਰਬੰਧਾਂ ਦੇ ਲਿਹਾਜ਼ ਨਾਲ ਏ.ਸੀ.ਸੀ. ਲਈ ਯੂ.ਏ.ਈ. ਇੱਕ ਬਿਹਤਰ ਵਿਕਲਪ ਹੋਵੇਗਾ।

ਇਹ ਵੀ ਪੜ੍ਹੋ: ISSF ਵਿਸ਼ਵ ਕੱਪ:ਗਨੀਮਤ ਤੇ ਦਰਸ਼ਨਾ ਨੇ ਮਹਿਲਾ ਸਕੀਟ ’ਚ ਪਹਿਲੀ ਵਾਰ ਭਾਰਤ ਨੂੰ ਦਿਵਾਏ ਚਾਂਦੀ ਤੇ ਕਾਂਸੀ ਦੇ ਤਮਗੇ

ਏਸ਼ੀਆ ਕੱਪ ਦਾ ਆਯੋਜਨ ਇਸ ਸਾਲ 1 ਤੋਂ 17 ਸਤੰਬਰ ਤੱਕ ਹੋਣਾ ਹੈ। ਏਸ਼ੀਆ ਕੱਪ ਵਿੱਚ ਹਿੱਸਾ ਲੈਣ ਵਾਲੀਆਂ 6 ਟੀਮਾਂ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਹਨ। ਇਕ ਗਰੁੱਪ ਵਿਚ ਭਾਰਤ, ਪਾਕਿਸਤਾਨ ਅਤੇ ਨੇਪਾਲ ਨੂੰ ਰੱਖਿਆ ਗਿਆ ਹੈ, ਜਦਕਿ ਦੂਜੇ ਗਰੁੱਪ ਵਿੱਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਹੋਣਗੇ। ਏ.ਸੀ.ਸੀ. ਦੇ ਸੂਤਰਾਂ ਮੁਤਾਬਕ ਜੇਕਰ ਹਾਈਬ੍ਰਿਡ ਮਾਡਲ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਪਾਕਿਸਤਾਨ ਦੇਸ਼ ਵਿੱਚ 4 ਮੈਚਾਂ ਦਾ ਆਯੋਜਨ ਕਰੇਗਾ। ਇਸ ਵਿੱਚ ਨੇਪਾਲ ਖ਼ਿਲਾਫ਼ ਉਸ ਦੇ ਮੈਚ ਦੇ ਇਲਾਵਾ ਸ਼੍ਰੀਲੰਕਾ ਬਨਾਮ ਬੰਗਲਾਦੇਸ਼, ਬੰਗਲਾਦੇਸ਼ ਬਨਾਮ ਅਫਗਾਨਿਸਤਾਨ ਅਤੇ ਅਫਗਾਨਿਸਤਾਨ ਬਨਾਮ ਸ਼੍ਰੀਲੰਕਾ ਮੁਕਾਬਲੇ ਸ਼ਾਮਲ ਹਨ। ਫਾਰਮੈਟ ਦੇ ਅਨੁਸਾਰ, ਹਰੇਕ ਗਰੁੱਪ ਦੀਆਂ ਚੋਟੀ ਦੀਆਂ 2 ਟੀਮਾਂ ਸੁਪਰ ਫੋਰ ਵਿੱਚ ਪਹੁੰਚਣਗੀਆਂ, ਜਿੱਥੇ ਉਹ ਦੁਬਾਰਾ ਇੱਕ-ਦੂਜੇ ਨਾਲ ਭਿੜਨਗੀਆਂ। ਸੁਪਰ ਫੋਰ ਰਾਊਂਡ-ਰੋਬਿਨ ਪੜਾਅ ਤੋਂ ਬਾਅਦ ਚੋਟੀ ਦੀਆਂ 2 ਟੀਮਾਂ ਵਿਚਕਾਰ ਫਾਈਨਲ ਹੋਵੇਗਾ। ਸੁਪਰ ਫੋਰ ਨਾਲ ਯਕੀਨੀ ਹੋਵੇਗਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਘੱਟੋ-ਘੱਟ ਦੋ ਮੈਚ ਹੋਣਗੇ, ਜੋ ਮੇਜ਼ਬਾਨ ਦੇਸ਼, ਪ੍ਰਸਾਰਕਾਂ ਅਤੇ ਏ.ਸੀ.ਸੀ. ਲਈ ਫਾਇਦੇਮੰਦ ਹੈ। ਜੇਕਰ ਭਾਰਤ ਅਤੇ ਪਾਕਿਸਤਾਨ ਜੇਕਰ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਬਣਾਉਂਦੇ ਹਨ ਤਾਂ ਪੁਰਾਣੇ ਵਿਰੋਧੀ ਟੀਮਾਂ ਵਿਚਾਲੇ 3 ਮੈਚ ਹੋਣਗੇ। 

ਇਹ ਵੀ ਪੜ੍ਹੋ: ਭਾਰਤ 'ਚ ਜਨਮੀ ਸਵੀਨਾ ਪੰਨੂ ਨੂੰ ਕੈਲੀਫੋਰਨੀਆ 'ਚ ਮਿਲੀ ਵੱਡੀ ਜ਼ਿੰਮੇਵਾਰੀ, ਬਣੀ ਜੱਜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News