ਅਸ਼ਵਿਨ ਟੈਸਟ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਬੁਮਰਾਹ ਚੌਥੇ ਸਥਾਨ ’ਤੇ
Wednesday, Jan 31, 2024 - 07:07 PM (IST)
ਦੁਬਈ– ਭਾਰਤ ਦੇ ਤਜਰਬੇਕਾਰ ਆਫ ਸਪਿਨਰ ਆਰ. ਅਸ਼ਵਿਨ ਨੇ ਬੁੱਧਵਾਰ ਨੂੰ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਵਲੋਂ ਜਾਰੀ ਟੈਸਟ ਗੇਂਦਬਾਜ਼ੀ ਦੀ ਰੈਂਕਿੰਗ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ ਜਦਕਿ ਹਮਵਤਨ ਜਸਪ੍ਰੀਤ ਬੁਮਰਾਹ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਵਿਰੁੱਧ ਸ਼ੁਰੂਆਤੀ ਟੈਸਟ ਵਿਚ ਭਾਰਤ ਦੀ 28 ਦੌੜਾਂ ਦੀ ਹਾਰ ਦੌਰਾਨ ਅਸ਼ਵਿਨ ਨੇ ਮੈਚ ਵਿਚ 6 ਵਿਕਟਾਂ ਲਈਆਂ ਸਨ। ਉਸਦੇ ਨਾਂ 853 ਰੇਟਿੰਗ ਅੰਕ ਹਨ। ਤੇਜ਼ ਗੇਂਦਬਾਜ਼ ਬੁਮਰਾਹ ਨੇ ਵੀ ਇਸ ਮੈਚ ਵਿਚ 6 ਵਿਕਟਾਂ ਲਈਆਂ ਸਨ, ਜਿਸ ਨਾਲ ਉਹ ਚੌਥੇ ਸਥਾਨ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ- ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ PCB ਨੂੰ ਸਲਾਹ, ਤਿੰਨਾਂ ਫਾਰਮੈਟਾਂ ਲਈ ਰੱਖੋ ਇੱਕੋ ਹੀ ਕਪਤਾਨ
ਗੇਂਦਬਾਜ਼ੀ ਅੰਕ ਸੂਚੀ ਵਿਚ ਟਾਪ-10 ਵਿਚ ਤੀਜਾ ਭਾਰਤੀ ਖੱਬੇ ਹੱਥ ਦਾ ਸਪਿਨਰ ਰਵਿੰਦਰ ਜਡੇਜਾ ਹੈ, ਜਿਹੜਾ 6ਵੇਂ ਨੰਬਰ ’ਤੇ ਹੈ। ਟੈਸਟ ਆਲਰਾਊਂਡਰ ਰੈਂਕਿੰਗ ਵਿਚ ਜਡੇਜਾ ਚੋਟੀ ’ਤੇ ਹੈ। ਆਲਰਾਊਂਡਰ ਖਿਡਾਰੀਆਂ ਦੀ ਸੂਚੀ ਵਿਚ ਇੰਗਲੈਂਡ ਦਾ ਜੋ ਰੂਟ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਉਹ ਜੇਕਰ ਗੇਂਦ ਨਾਲ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਵਿਚ ਸਫ਼ਲ ਰਿਹਾ ਤਾਂ ਉਹ ਸੂਚੀ ਵਿਚ ਟਾਪ-3 ਸਥਾਨਾਂ ’ਤੇ ਕਾਬਜ਼ ਖਿਡਾਰੀਆਂ (ਜਡੇਜਾ, ਅਸ਼ਵਿਨ ਤੇ ਸ਼ਾਕਿਬ ਅਲ ਹਸਨ) ਨੂੰ ਸਖਤ ਟੱਕਰ ਦੇ ਸਕਦਾ ਹੈ। ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਣ ਵਾਲੇ ਰੂਟ ਨੇ ਹੈਦਰਾਬਾਦ ਟੈਸਟ ਵਿਚ 5 ਵਿਕਟਾਂ ਲਈਆਂ ਸਨ। ਅਕਸ਼ਰ ਪਟੇਲ ਇਸ ਸੂਚੀ ਵਿਚ 6ਵੇਂ ਸਥਾਨ ’ਤੇ ਖਿਸਕ ਗਿਆ ਹੈ।
ਇਹ ਵੀ ਪੜ੍ਹੋ- ਬਾਈਚੁੰਗ ਭੂਟੀਆ ਨੇ ਚੌਬੇ ਦਾ ਅਸਤੀਫਾ ਮੰਗਿਆ
ਧਾਕੜ ਭਾਰਤੀ ਵਿਰਾਟ ਕੋਹਲੀ 6ਵੇਂ ਸਥਾਨ ਨਾਲ ਟਾਪ-10 ਬੱਲੇਬਾਜ਼ਾਂ ਵਿਚ ਇਕੱਲਾ ਭਾਰਤੀ ਹੈ। ਭਾਰਤ ਵਿਰੁੱਧ ਦੂਜੀ ਪਾਰੀ ਵਿਚ 196 ਦੌੜਾਂ ਬਣਾਉਣ ਵਾਲਾ ਇੰਗਲੈਂਡ ਦਾ ਓਲੀ ਪੋਪ 20 ਸਥਾਨਾਂ ਦੇ ਸੁਧਾਰ ਨਾਲ 15ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪੋਪ ਦੇ ਇੰਗਲੈਂਡ ਟੀਮ ਦੇ ਸਾਥੀ ਬੇਨ ਡਕੇਟ ਵੀ ਆਪਣੀ ਰੈਂਕਿੰਗ ਵਿਚ ਸੁਧਾਰ ਕਰਨ ਵਿਚ ਸਫ਼ਲ ਰਿਹਾ ਹੈ। ਭਾਰਤ ਵਿਰੁੱਧ 35 ਤੇ 47 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ 5 ਸਥਾਨਾਂ ਦੇ ਫਾਇਦੇ ਨਾਲ 22ਵੇਂ ਸਥਾਨ ’ਤੇ ਪਹੁੰਚ ਗਿਆ। ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਵੈਸਟਇੰਡੀਜ਼ ਵਿਰੁੱਧ ਗਾਬਾ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਅਰਧ ਸੈਂਕੜਾ ਲਾਉਣ ਤੋਂ ਬਾਅਦ ਦੋ ਸਥਾਨਾਂ ਦੇ ਸੁਧਾਰ ਨਾਲ 8ਵੇਂ ਸਥਾਨ ’ਤੇ ਆ ਗਿਆ ਹੈ।
ਇਹ ਵੀ ਪੜ੍ਹੋ- ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਆਸਟ੍ਰੇਲੀਆ ਵਿਰੁੱਧ ਇਸ ਮੈਚ ਵਿਚ ਬਿਹਤਰੀਨ ਗੇਂਦਬਾਜ਼ੀ ਕਰਨ ਵਾਲੇ ਵੈਸਟਇੰਡੀਜ਼ ਦੇ ਖਿਡਾਰੀ ਵੀ ਆਪਣੀ ਰੈਂਕਿੰਗ ਸੁਧਾਰਨ ਵਿਚ ਸਫ਼ਲ ਰਹੇ। ਕੇਮਾਰ ਰੋਚ 2 ਸਥਾਨਾਂ ਦੇ ਸੁਧਾਰ ਨਾਲ 17ਵੇਂ, ਅਲਜਾਰੀ ਜੋਸੇਫ 4 ਸਥਾਨਾਂ ਉੱਪਰ 33ਵੇਂ ਤੇ ਗਾਬਾ ਵਿਚ ‘ਮੈਨ ਆਫ ਦਿ ਮੈਚ’ ਰਿਹਾ ਸ਼ਮਰਾ ਜੋਸੇਫ 42 ਸਥਾਨ ਉੱਪਰ ਚੜ੍ਹ ਕੇ ਰੈਂਕਿੰਗ ਵਿਚ 50ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।