ICC test ranking: ਐਂਡਰਸਨ ਨੂੰ ਪਛਾੜ ਕੇ ਨੰਬਰ 1 ਟੈਸਟ ਗੇਂਦਬਾਜ਼ ਬਣੇ ਅਸ਼ਵਿਨ
Wednesday, Mar 01, 2023 - 03:33 PM (IST)
ਦੁਬਈ (ਭਾਸ਼ਾ)- ਭਾਰਤ ਦੇ ਤਜ਼ਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਬੁੱਧਵਾਰ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਪਛਾੜਦੇ ਹੋਏ ਆਈ.ਸੀ.ਸੀ. ਪੁਰਸ਼ਾਂ ਦੀ ਟੈਸਟ ਗੇਂਦਬਾਜ਼ੀ ਰੈਂਕਿੰਗ ਵਿੱਚ ਸਿਖ਼ਰ ’ਤੇ ਪਹੁੰਚ ਗਏ ਹਨ। ਨਵੀਂ ਦਿੱਲੀ ਵਿੱਚ ਦੂਜੇ ਟੈਸਟ ਵਿੱਚ ਭਾਰਤ ਦੀ ਜਿੱਤ ਦੌਰਾਨ 6 ਵਿਕਟਾਂ ਲੈਣ ਵਾਲੇ ਅਸ਼ਵਿਨ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ। ਵੈਲਿੰਗਟਨ ਟੈਸਟ 'ਚ ਨਿਊਜ਼ੀਲੈਂਡ ਖ਼ਿਲਾਫ਼ ਇੰਗਲੈਂਡ ਦੀ ਹਾਰ ਤੋਂ ਬਾਅਦ ਐਂਡਰਸਨ ਦੂਜੇ ਸਥਾਨ 'ਤੇ ਖਿਸਕ ਗਏ ਹਨ। 36 ਸਾਲਾ ਅਸ਼ਵਿਨ 2015 'ਚ ਪਹਿਲੀ ਵਾਰ ਟੈਸਟ ਗੇਂਦਬਾਜ਼ਾਂ 'ਚ ਸਿਖ਼ਰ 'ਤੇ ਪਹੁੰਚੇ ਸਨ।
ਇਸ ਤੋਂ ਬਾਅਦ ਉਹ ਕਈ ਵਾਰ ਸਿਖ਼ਰ 'ਤੇ ਜਗ੍ਹਾ ਬਣਾ ਚੁੱਕੇ ਹਨ। ਅਸ਼ਵਿਨ ਨੇ ਦਿੱਲੀ 'ਚ ਭਾਰਤ ਦੀ ਜਿੱਤ ਦੌਰਾਨ ਪਹਿਲੀ ਪਾਰੀ 'ਚ ਮਾਰਨਸ ਲੈਬੁਸ਼ੇਨ ਅਤੇ ਸਟੀਵ ਸਮਿਥ ਨੂੰ ਇੱਕੋ ਓਵਰ 'ਚ ਆਊਟ ਕਰਨ ਤੋਂ ਬਾਅਦ ਐਲੇਕਸ ਕੈਰੀ ਨੂੰ ਖਾਤਾ ਖੋਲ੍ਹੇ ਬਿਨਾਂ ਆਊਟ ਕਰ ਦਿੱਤਾ ਸੀ। ਇਸ ਆਫ ਸਪਿਨਰ ਨੇ ਦੂਜੀ ਪਾਰੀ 'ਚ ਚੋਟੀ ਦੇ ਪੰਜ 'ਚੋਂ ਤਿੰਨ ਵਿਕਟਾਂ ਲਈਆਂ ਸਨ, ਜਦਕਿ ਉਨ੍ਹਾਂ ਦੇ ਸਪਿਨ ਜੋੜੀਦਾਰ ਰਵਿੰਦਰ ਜਡੇਜਾ ਨੇ ਦੂਜੇ ਸਿਰੇ 'ਤੇ ਆਸਟ੍ਰੇਲੀਆ ਦੇ ਬਾਕੀ ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ।
ਅਸ਼ਵਿਨ ਕੋਲ ਘਰੇਲੂ ਜ਼ਮੀਨ 'ਤੇ ਬਾਰਡਰ-ਗਾਵਸਕਰ ਟਰਾਫੀ ਦੇ ਬਾਕੀ ਬਚੇ ਦੋ ਮੈਚਾਂ 'ਚ ਬਿਹਤਰ ਪ੍ਰਦਰਸ਼ਨ ਕਰਕੇ ਲੰਬੇ ਸਮੇਂ ਤੱਕ ਸਿਖ਼ਰ 'ਤੇ ਬਣੇ ਰਹਿਣ ਦਾ ਮੌਕਾ ਹੋਵੇਗਾ। ਅਸ਼ਵਿਨ ਪਿਛਲੇ ਤਿੰਨ ਹਫ਼ਤਿਆਂ 'ਚ ਟੈਸਟ ਰੈਂਕਿੰਗ 'ਚ ਸਿਖ਼ਰ 'ਤੇ ਪਹੁੰਚਣ ਵਾਲੇ ਤੀਜੇ ਗੇਂਦਬਾਜ਼ ਹੈ। ਪਿਛਲੀ ਵਾਰ ਐਂਡਰਸਨ ਨੇ ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਕਮਿੰਸ ਤਾਜ਼ਾ ਰੈਂਕਿੰਗ 'ਚ ਤੀਜੇ ਸਥਾਨ 'ਤੇ ਹੈ। ਅਸ਼ਵਿਨ ਦੇ 864 ਰੇਟਿੰਗ ਅੰਕ ਹਨ, ਜੋ ਐਂਡਰਸਨ ਤੋਂ 5 ਵੱਧ ਹਨ।