ਅਸ਼ਵਿਨ ਬਣਿਆ ICC ਟੈਸਟ ਰੈਂਕਿੰਗ ਦਾ ਸਿਖਰਲਾ ਗੇਂਦਬਾਜ਼, ਰੋਹਿਤ ਦੀ ਚੋਟੀ ਦੇ 10 ''ਚ ਵਾਪਸੀ

Wednesday, Mar 13, 2024 - 04:08 PM (IST)

ਅਸ਼ਵਿਨ ਬਣਿਆ ICC ਟੈਸਟ ਰੈਂਕਿੰਗ ਦਾ ਸਿਖਰਲਾ ਗੇਂਦਬਾਜ਼, ਰੋਹਿਤ ਦੀ ਚੋਟੀ ਦੇ 10 ''ਚ ਵਾਪਸੀ

ਦੁਬਈ— ਆਪਣੇ 100ਵੇਂ ਟੈਸਟ ਮੈਚ 'ਚ 9 ਵਿਕਟਾਂ ਲੈਣ ਵਾਲੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ.ਸੀ.ਸੀ. (ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ) ਦੀ ਟੈਸਟ ਰੈਂਕਿੰਗ 'ਚ ਗੇਂਦਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਪਹੁੰਚ ਗਏ ਹਨ, ਜਦਕਿ ਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਸਿਖਰਲੇ 10 ਵਿਚ ਵਾਪਸੀ ਹੋਈ  ਹੈ।

ਅਸ਼ਵਿਨ ਨੇ ਧਰਮਸ਼ਾਲਾ ਵਿੱਚ ਲੜੀ ਦੇ ਪੰਜਵੇਂ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਚਾਰ ਅਤੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ। ਉਸ ਨੇ ਆਪਣੇ ਕਰੀਅਰ ਵਿੱਚ 36ਵੀਂ ਵਾਰ ਪੰਜ ਵਿਕਟਾਂ ਲੈਣ ਦੀ ਉਪਲਬਧੀ ਹਾਸਲ ਕੀਤੀ। ਭਾਰਤੀ ਟੀਮ ਨੇ ਇਹ ਮੈਚ ਜਿੱਤ ਕੇ ਸੀਰੀਜ਼ 4-1 ਨਾਲ ਜਿੱਤ ਲਈ ਹੈ। ਇਸ ਟੈਸਟ 'ਚ ਸੈਂਕੜਾ ਖੇਡਣ ਵਾਲੇ ਰੋਹਿਤ ਨੇ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਪੰਜ ਸਥਾਨਾਂ ਦਾ ਸੁਧਾਰ ਕੀਤਾ ਹੈ। ਉਹ ਟੇਬਲ ਦੇ ਸਿਖਰਲੇ ਖਿਡਾਰੀ ਕੇਨ ਵਿਲੀਅਮਸਨ ਤੋਂ 108 ਰੇਟਿੰਗ ਅੰਕ ਪਿੱਛੇ ਹੈ।

ਯਸ਼ਸਵੀ ਜਾਇਸਵਾਲ (ਅੱਠਵੇਂ, ਦੋ ਸਥਾਨ ਉੱਪਰ) ਅਤੇ ਸ਼ੁਭਮਨ ਗਿੱਲ (20ਵੇਂ, 11 ਸਥਾਨ ਉੱਪਰ) ਵੀ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕਰਨ ਵਿੱਚ ਕਾਮਯਾਬ ਰਹੇ। ਬੁਮਰਾਹ ਦੂਜੇ ਸਥਾਨ 'ਤੇ ਖਿਸਕ ਗਏ ਹਨ। ਉਹ ਇਹ ਸਥਾਨ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨਾਲ ਸਾਂਝਾ ਕਰ ਰਿਹਾ ਹੈ। ਹੇਜ਼ਲਵੁੱਡ ਨੇ ਕ੍ਰਾਈਸਟਚਰਚ 'ਚ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਦੂਜੇ ਟੈਸਟ ਮੈਚ 'ਚ ਛੇ ਵਿਕਟਾਂ ਲਈਆਂ ਸਨ।

ਖੱਬੂ ਸਪਿਨਰ ਕੁਲਦੀਪ ਯਾਦਵ 15 ਸਥਾਨਾਂ ਦੇ ਸੁਧਾਰ ਨਾਲ ਕਰੀਅਰ ਦੀ ਸਰਵੋਤਮ ਰੈਂਕਿੰਗ 16ਵੇਂ ਸਥਾਨ 'ਤੇ ਪਹੁੰਚ ਗਿਆ। ਨਿਊਜ਼ੀਲੈਂਡ ਦੇ ਮੈਟ ਹੈਨਰੀ (ਛੇ ਸਥਾਨ ਚੜ੍ਹ ਕੇ 12ਵੇਂ ਸਥਾਨ 'ਤੇ) ਨੇ ਵੀ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ। ਆਲਰਾਊਂਡਰਾਂ ਦੀ ਸੂਚੀ 'ਚ ਰਵਿੰਦਰ ਜਡੇਜਾ ਪਹਿਲੇ ਜਦਕਿ ਅਸ਼ਵਿਨ ਦੂਜੇ ਸਥਾਨ 'ਤੇ ਬਰਕਰਾਰ ਹੈ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ (ਦੋ ਸਥਾਨ ਚੜ੍ਹ ਕੇ ਅੱਠਵੇਂ ਸਥਾਨ ’ਤੇ) ਅਤੇ ਹੈਨਰੀ (ਛੇ ਸਥਾਨ ਚੜ੍ਹ ਕੇ 11ਵੇਂ ਸਥਾਨ ’ਤੇ) ਨੇ ਵੀ ਆਪਣੀ ਰੈਂਕਿੰਗ ਵਿੱਚ ਵੱਡਾ ਸੁਧਾਰ ਕੀਤਾ ਹੈ।


author

Tarsem Singh

Content Editor

Related News