ਏਸ਼ੇਜ਼ ਸੀਰੀਜ਼ : ਵਾਰਨਰ ਦਾ ਸੈਂਕੜਾ, ਆਸਟ੍ਰੇਲੀਆ ਮਜ਼ਬੂਤ

Wednesday, Dec 27, 2017 - 02:48 AM (IST)

ਏਸ਼ੇਜ਼ ਸੀਰੀਜ਼ : ਵਾਰਨਰ ਦਾ ਸੈਂਕੜਾ, ਆਸਟ੍ਰੇਲੀਆ ਮਜ਼ਬੂਤ

ਮੈਲਬੋਰਨ— ਡੇਵਿਡ ਵਾਰਨਰ (103) ਦੇ ਸੈਂਕੜੇ ਤੋਂ ਬਾਅਦ ਕਪਤਾਨ ਸਟੀਵ ਸਮਿਥ (ਅਜੇਤੂ 65) ਦੇ ਅਰਧ ਸੈਂਕੜੇ ਨਾਲ ਆਸਟ੍ਰੇਲੀਆ ਨੇ ਇੰਗਲੈਂਡ ਵਿਰੁੱਧ ਏਸ਼ੇਜ਼ ਕ੍ਰਿਕਟ ਸੀਰੀਜ਼ ਦੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਮੰਗਲਵਾਰ ਤਿੰਨ ਵਿਕਟਾਂ ਗੁਆ ਕੇ 244 ਦੌੜਾਂ ਬਣਾ ਲਈਆਂ। ਮੇਜ਼ਬਾਨ ਆਸਟ੍ਰੇਲੀਆ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਚੌਥੇ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 89 ਓਵਰਾਂ 'ਚ 3 ਵਿਕਟਾਂ 'ਤੇ 244 ਦੌੜਾਂ ਬਣਾ ਲਈਆਂ। ਵਾਰਨਰ ਨੇ ਹੌਲੀ ਸ਼ੁਰੂਆਤ ਵਿਚਾਲੇ ਆਪਣਾ 21ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਦਿਨ ਦੀ ਸਮਾਪਤੀ ਤਕ ਕਪਤਾਨ ਸਟੀਵ 65 ਦੌੜਾਂ ਤੇ ਸ਼ਾਨ ਮਾਰਸ਼ 31 ਦੌੜਾਂ ਬਣਾ ਕੇ ਮੈਦਾਨ 'ਤੇ ਹੈ। 
ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) 'ਤੇ ਸਫਲ ਮੰਨੇ ਜਾਣ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 21 ਓਵਰਾਂ 'ਚ 2.04 ਦੇ ਇਕਾਨੋਮੀ ਰੇਟ ਨਾਲ ਸਬਰਯੋਗ ਗੇਂਦਬਾਜ਼ੀ ਕਰਦਿਆਂ 43 ਦੌੜਾਂ 'ਤੇ ਇਕ ਵਿਕਟ ਲਈ। ਸਟੂਅਰਟ ਬ੍ਰਾਡ ਨੇ 41 ਦੌੜਾਂ ਅਤੇ ਕ੍ਰਿਸ ਵੋਕਸ ਨੇ 60 ਦੌੜਾਂ 'ਤੇ ਇਕ-ਇਕ ਵਿਕਟ ਲਈ। 
ਏਸ਼ੇਜ਼ ਸੀਰੀਜ਼ 'ਤੇ ਕਬਜ਼ਾ ਕਰਨ ਤੇ ਕ੍ਰਿਸਮਸ ਦੇ ਜਸ਼ਨ ਤੋਂ ਬਾਅਦ ਮੈਦਾਨ 'ਤੇ ਉਤਰੀ ਆਸਟ੍ਰੇਲੀਆਈ ਟੀਮ ਦੀ ਸ਼ੁਰੂਆਤ ਹਾਲਾਂਕਿ ਹੌਲੀ ਰਹੀ ਤੇ ਚਾਹ ਦੀ ਬ੍ਰੇਕ ਤਕ ਉਸ ਨੇ 2 ਵਿਕਟਾਂ 'ਤੇ ਸਿਰਫ 145 ਦੌੜਾਂ ਹੀ ਬਣਾਈਆਂ ਪਰ ਫਿਰ ਉਸ ਨੇ ਤੇਜ਼ੀ ਫੜੀ ਤੇ ਸਕੋਰ ਨੂੰ ਪਹਿਲੇ ਦਿਨ ਢਾਈ ਸੌ ਦੇ ਨੇੜੇ ਪਹੁੰਚਾ ਦਿੱਤਾ। 
ਐੱਮ. ਸੀ. ਜੀ. 'ਚ 88,172 ਦਰਸ਼ਕਾਂ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਲਈ ਓਪਨਰ ਕੈਮਰਨ ਬੇਨਕ੍ਰਾਫਟ ਅਤੇ ਉਪ ਕਪਤਾਨ ਵਾਰਨਰ ਨੇ ਪਹਿਲੀ ਵਿਕਟ ਲਈ 122 ਦੌੜਾਂ ਦੀ ਸਾਂਝੇਦਾਰੀ ਕੀਤੀ। ਬੇਨਕ੍ਰਾਫਟ ਨੇ ਵਾਰਨਰ ਦਾ ਬਾਖੂਬੀ ਸਾਥ ਦਿੱਤਾ, ਜਿਹੜਾ ਇਕ ਪਾਸੇ ਸੰਭਲਦੇ ਹੋਏ ਦੌੜਾਂ ਬਣਾਉਂਦਾ ਰਿਹਾ। ਵਾਰਨਰ ਦੀ ਕਿਸਮਤ ਨੇ ਵੀ ਹਾਲਾਂਕਿ ਉਸ ਦਾ ਸਾਥ ਦਿੱਤਾ, ਜਿਸ ਨੂੰ ਡ੍ਰਿੰਕਸ ਤੋਂ ਠੀਕ ਪਹਿਲਾਂ  99 ਦੇ ਸਕੋਰ 'ਤੇ ਬ੍ਰਾਡ ਨੇ ਮਿਡਆਨ 'ਤੇ ਕੈਚ ਕਰ ਲਿਆ ਸੀ ਪਰ ਰੀਪਲੇਅ ਤੋਂ ਪਤਾ ਲੱਗਾ ਕਿ ਇੰਗਲੈਂਡ ਵਲੋਂ ਡੈਬਿਊ ਕਰ ਰਹੇ ਗੇਂਦਬਾਜ਼ ਟਾਮ ਕੁਰਾਨ ਦੀ ਇਹ ਗੇਂਦ ਨੋ-ਬਾਲ ਸੀ। 
ਸਟੇਡੀਅਮ 'ਚ ਵਾਰਨਰ ਦੇ ਨਾਲ ਦਰਸ਼ਕਾਂ ਨੇ ਵੀ ਇਸ ਦਾ ਜਸ਼ਨ ਮਨਾਇਆ ਤੇ ਇਕ ਦੌੜ ਲੈ ਕੇ ਆਸਟ੍ਰੇਲੀਆਈ ਉਪ ਕਪਤਾਨ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ। ਉਸ ਨੇ 151 ਗੇਂਦਾਂ ਵਿਚ 13 ਚੌਕੇ ਤੇ ਇਕ ਛੱਕਾ ਲਾਇਆ। ਬੇਨਕ੍ਰਾਫਟ ਨੇ 95 ਗੇਂਦਾਂ 'ਚ 2 ਚੌਕੇ ਲਾ ਕੇ 26 ਦੌੜਾਂ ਬਣਾਈਆਂ ਤੇ 35ਵੇਂ ਓਵਰ 'ਚ ਜਾ ਕੇ ਵੋਕਸ ਨੇ ਉਸ ਨੂੰ ਐੱਲ. ਬੀ. ਡਬਲਯੂ. ਆਊਟ ਕਰ ਕੇ ਇੰਗਲੈਂਡ ਨੂੰ ਪਹਿਲੀ ਵਿਕਟ ਦਿਵਾਈ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਵਾਰਨਰ ਨੂੰ ਐਂਡਰਸਨ ਨੇ ਵਿਕਟਕੀਪਰ-ਬੱਲੇਬਾਜ਼ ਜਾਨੀ ਬੇਅਰਸਟ੍ਰਾ ਹੱਥੋਂ ਕੈਚ ਕਰਾ ਕੇ ਦੂਜੀ ਅਹਿਮ ਵਿਕਟ ਵੀ ਕੱਢ ਲਈ। ਕਪਤਾਨ ਸਮਿਥ ਦੇ ਹਾਲਾਂਕਿ ਹੌਲੀ ਤੇ ਸਪਾਟ ਪਿੱਚ 'ਤੇ ਪਹਿਲਾਂ ਬੱਲੇਬਾਜ਼ੀ ਦੇ ਫੈਸਲੇ ਨੂੰ ਵਾਰਨਰ ਦੇ ਸੈਂਕੜੇ ਤੋਂ ਕਾਫੀ ਰਾਹਤ ਮਿਲੀ। ਸਮਿਥ ਨੇ ਫਿਰ ਉਸਮਾਨ ਖਵਾਜਾ ਨਾਲ ਪਾਰੀ ਨੂੰ ਅੱਗੇ ਵਧਾਇਆ ਪਰ ਖਵਾਜਾ ਤੀਜੇ ਬੱਲੇਬਾਜ਼ ਦੇ ਰੂਪ ਵਿਚ 160 ਦੇ ਸਕੋਰ 'ਤੇ ਆਊਟ ਹੋ ਗਿਆ। ਸਮਿਥ ਨੇ ਫਿਰ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇ ਸ਼ਾਨ ਨਾਲ ਮਿਲ ਕੇ 84 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਤੇ ਦਿਨ ਦੀ ਸਮਾਪਤੀ ਤਕ ਫਿਰ ਆਸਟ੍ਰੇਲੀਆ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਤੇ ਟੀਮ ਦੀ ਹੌਲੀ ਸ਼ੁਰੂਆਤ ਦੇ ਬਾਵਜੂਦ ਉਸ ਨੂੰ ਸਟੰਪਸ ਤਕ  244 ਦੌੜਾਂ ਦੇ ਸਬਰਯੋਗ ਸਕੋਰ ਤਕ ਪਹੁੰਚਾਇਆ। ਸਮਿਥ ਨੇ 131 ਗੇਂਦਾਂ ਵਿਚ 6 ਚੌਕੇ ਲਾ ਕੇ ਅਜੇਤੂ 65 ਦੌੜਾਂ ਬਣਾਈਆਂ ਅਤੇ ਇਹ ਲਗਾਤਾਰ ਤੀਜੀ ਵਾਰ ਹੈ, ਜਦੋਂ ਉਹ ਆਪਣੇ ਬਾਕਸਿੰਗ ਡੇ ਟੈਸਟ ਵਿਚ ਅਜੇਤੂ ਮੈਦਾਨ 'ਚੋਂ ਪਰਤਿਆ ਹੈ। ਟੈਸਟ ਵਿਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਨੇ ਆਪਣੇ ਲਗਾਤਾਰ ਤਿੰਨ ਬਾਕਸਿੰਗ ਡੇ ਟੈਸਟਾਂ 'ਚ ਅਜੇਤੂ ਰਹਿੰਦਿਆਂ ਵੈਸਟਇੰਡੀਜ਼, ਪਾਕਿਸਤਾਨ ਤੇ ਇੰਗਲੈਂਡ ਵਿਰੱਧ 434 ਦੌੜਾਂ ਬਣਾਈਆਂ ਹਨ।


Related News