ਵਿਰਾਟ ਵੱਲੋਂ ਕਪਤਾਨੀ ਛੱਡਣ ਮਗਰੋਂ ਅਨੁਸ਼ਕਾ ਨੇ ਲਿਖਿਆ ਭਾਵੁਕ ਨੋਟ, 'ਤੁਸੀਂ ਹਮੇਸ਼ਾ ...'
Monday, Jan 17, 2022 - 02:43 PM (IST)
ਮੁੰਬਈ (ਭਾਸ਼ਾ)- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਐਤਵਾਰ ਨੂੰ ਆਪਣੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਲਈ ਇਕ ਭਾਵੁਕ ਨੋਟ ਲਿਖਿਆ। ਅਨੁਸ਼ਕਾ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਟੈਸਟ ਕਪਤਾਨ ਵਜੋਂ ਵਿਰਾਟ ਆਪਣੇ ਪਿੱਛੇ ਜੋ ਵਿਰਾਸਤ ਵਿਚ ਛੱਡ ਰਹੇ ਹਨ, ਉਨ੍ਹਾਂ ਨੂੰ ਉਸ ’ਤੇ ਬਹੁਤ ਮਾਣ ਹੈ। ਕੋਹਲੀ ਨੂੰ ਸਾਲ 2014-15 ਵਿਚ ਆਸਟਰੇਲੀਆ ਦੌਰੇ ਦੇ ਮੱਧ ਵਿਚ ਐਮ.ਐਸ. ਧੋਨੀ ਦੀ ਜਗ੍ਹਾ ਟੈਸਟ ਕਪਤਾਨ ਬਣਾਇਆ ਸੀ। ਉਨ੍ਹਾਂ ਨੇ ਦੱਖਣੀ ਅਫਰੀਕਾ ਤੋਂ ਟੈਸਟ ਸੀਰੀਜ਼ ਹਾਰਨ ਤੋਂ ਇਕ ਦਿਨ ਬਾਅਦ ਸ਼ਨੀਵਾਰ ਨੂੰ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ। ਕੋਹਲੀ ਭਾਰਤ ਦੇ ਸਭ ਤੋਂ ਸਫ਼ਲ ਟੈਸਟ ਕਪਤਾਨਾਂ ਵਿਚੋਂ ਇਕ ਹਨ। ਉਨ੍ਹਾਂ ਦੀ ਕਪਤਾਨੀ ਵਿਚ ਖੇਡੇ ਗਏ 68 ਮੈਚਾਂ ਵਿਚੋਂ ਭਾਰਤੀ ਟੀਮ ਨੇ 40 ਮੈਚ ਜਿੱਤੇ ਹਨ। ਅਨੁਸ਼ਕਾ ਨੇ ਇੰਸਟਾਗ੍ਰਾਮ ’ਤੇ ਆਪਣੇ 33 ਸਾਲਾ ਕ੍ਰਿਕਟਰ ਪਤੀ ਦੀਆਂ ਕਈ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂਂਹਨ। ਦੋਵੇਂ ਸਾਲ 2017 ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ।
ਇਹ ਵੀ ਪੜ੍ਹੋ: ਦੁਨੀਆ ਦੇ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਆਸਟਰੇਲੀਆ ਤੋਂ ਡਿਪੋਰਟ ਹੋਣ ਤੋਂ ਬਾਅਦ ਪੁੱਜੇ ਦੁਬਈ
ਅਨੁਸ਼ਕਾ ਨੇ ਲਿਖਿਆ, ‘ਮੈਨੂੰ 2014 ਦਾ ਉਹ ਦਿਨ ਯਾਦ ਹੈ, ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਐਮ.ਐਸ. (ਧੋਨੀ) ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫੈਸਲੇ ਦੇ ਮੱਦੇਨਜ਼ਰ ਤੁਹਾਨੂੰ ਕਪਤਾਨ ਬਣਾਇਆ ਗਿਆ ਹੈ। ਮੈਨੂੰ ਉਸ ਦਿਨ ਐਮ.ਐਸ. ਅਤੇ ਤੁਹਾਡੇ ਨਾਲ ਹੋਈ ਗੱਲਬਾਤ ਯਾਦ ਹੈ, ਜਿਸ ਵਿਚ ਉਨ੍ਹਾਂ ਨੇ ਮਜ਼ਾਕ ਵਿਚ ਕਿਹਾ ਸੀ ਕਿ ਜਲਦੀ ਹੀ ਤੁਹਾਡੀ ਦਾੜ੍ਹੀ ਦੇ ਵਾਲ ਗ੍ਰੇਅ ਹੋਣੇ ਸ਼ੁਰੂ ਹੋ ਜਾਣਗੇ। ਅਸੀਂ ਸਾਰੇ ਇਸ ਗੱਲ ’ਤੇ ਬਹੁਤ ਹੱਸੇ ਸੀ। ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਤੁਹਾਡੀ ਦਾੜ੍ਹੀ ਦੇ ਗ੍ਰੇਅ ਹੋਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੇਖਿਆ ਹਾਂ।’ ਅਨੁਸ਼ਕਾ ਨੇ ਕਿਹਾ, ‘ਮੈਂ ਵਿਕਾਸ ਨੂੰ ਦੇਖਿਆ ਹੈ, ਸ਼ਾਨਦਾਰ ਵਿਕਾਸ। ਤੁਹਾਡੇ ਆਲੇ ਦੁਆਲੇ ਅਤੇ ਤੁਹਾਡੇ ਅੰਦਰ ਅਤੇ ਹਾਂ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੇ ਰੂਪ ਵਿਚ ਤੁਹਾਡੇ ਵਿਕਾਸ ਅਤੇ ਤੁਹਾਡੀ ਅਗਵਾਈ ਵਿਚ ਟੀਮ ਨੂੰ ਮਿਲੀਆਂਂਪ੍ਰਾਪਤੀਆਂ ਨੂੰ ਦੇਖ ਕੇ ਮੈਨੂੰ ਬਹੁਤ ਮਾਣ ਹੈ। ਪਰ ਮੈਨੂੰ ਤੁਹਾਡੇ ਅੰਦਰ ਜੋ ਵਿਕਾਸ ਹੋਇਆ, ਉਸ ’ਤੇ ਵਧੇਰੇ ਮਾਣ ਹੈ।’
ਅਨੁਸ਼ਕਾ ਨੇ ਅੱਗੇ ਲਿਖਿਆ, ‘ਤੁਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ, ਉਨ੍ਹਾਂ ਵਿਚੋਂ ਕਈ ਮੈਦਾਨ ਤੱਕ ਸੀਮਤ ਨਹੀਂ ਸਨ ਪਰ ਇਸੇ ਦਾ ਨਾਮ ਹੈ ਜ਼ਿੰਦਗੀ, ਹੈ ਨਾ? ਇਹ ਉਨ੍ਹਾਂ ਮੋਰਚਿਆਂ ’ਤੇ ਤੁਹਾਡਾ ਇਮਤਿਹਾਨ ਲੈਂਦੀ ਹੈ, ਜਿਨ੍ਹਾਂ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੁੰਦਾ। ਮੈਨੂੰ ਮਾਣ ਹੈ ਕਿ ਤੁਸੀਂ ਆਪਣੇ ਨੇਕ ਇਰਾਦਿਆਂ ਦੇ ਰਾਹ ਵਿਚ ਕਿਸੇ ਚੁਣੌਤੀ ਨੂੰ ਨਹੀਂ ਆਉਣ ਦਿੱਤਾ। ਤੁਸੀਂ ਹਮੇਸ਼ਾ ਸਹੀ ਲਈ ਖੜ੍ਹੇ ਹੋਏ।’ ਅਦਾਕਾਰਾ ਨੇ ਕਿਹਾ, ‘ਤੁਸੀਂ ਆਪਣੀ ਸ਼ਾਨਦਾਰ ਲੀਡਰਸ਼ਿਪ ਨਾਲ ਮਿਸਾਲ ਕਾਇਮ ਕੀਤੀ ਹੈ। ਤੁਸੀਂ ਜਿੱਤਣ ਲਈ ਜੀ-ਜਾਨ ਲਗਾ ਦਿੰਦੇ ਸੀ। ਹਾਰ ਦੇ ਬਾਅਦ ਕਈ ਵਾਰ ਮੈਂ ਤੁਹਾਡੀਆਂ ਅੱਖਾਂ ਵਿਚ ਹੰਝੂ ਵੇਖੇ ਹਨ। ਤੁਹਾਡੇ ਮਨ ਵਿਚ ਹਮੇਸ਼ਾ ਇਹ ਸਵਾਲ ਰਹਿੰਦਾ ਸੀ ਕਿ ਕੀ ਕੁਝ ਹੋਰ ਕੀਤਾ ਜਾ ਸਕਦਾ ਸੀ। ਤੁਸੀਂ ਇਸ ਤਰ੍ਹਾਂ ਦੇ ਹੋ ਅਤੇ ਦੂਜਿਆਂ ਤੋਂ ਵੀ ਇਹੀ ਉਮੀਦ ਕਰਦੇ ਹੋ।’ ਅਨੁਸ਼ਕਾ ਨੇ ਲਿਖਿਆ, ‘ਤੁਸੀਂ ਸਾਫ਼ ਦਿਲ ਅਤੇ ਬੇਬਾਕ ਹੋ। ਤੁਹਾਨੂੰ ਦਿਖਾਵਾ ਕਰਨਾ ਪਸੰਦ ਨਹੀਂ ਹੈ। ਤੁਹਾਡੀ ਇਹੀ ਖੂਬੀ ਹੈ ਜੋ ਤੁਹਾਨੂੰ ਮੇਰੀਆਂ ਅਤੇ ਤੁਹਾਡੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿਚ ਮਹਾਨ ਬਣਾਉਂਦੀ ਹੈ।’ 33 ਸਾਲਾ ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਵਾਮਿਕਾ ਇਸ ਗੱਲ ਦੀ ਗਵਾਹ ਹੋਵੇਗੀ ਕਿ ਭਾਰਤੀ ਟੀਮ ਦੀ ਕਪਤਾਨੀ ਨੇ ਕਿਵੇਂ ਨਾ ਸਿਰਫ਼ ਇਕ ਕ੍ਰਿਕਟਰ, ਸਗੋਂ ਇਕ ਪਿਤਾ ਦੇ ਰੂਪ ਵਿਚ ਵੀ ਵਿਰਾਟ ਦੀ ਹੋਂਦ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵਾਅਦਾ ਜੋ ਵਫ਼ਾ ਨਾ ਹੋਇਆ, ਮਲਿਕਾ ਹਾਂਡਾ ਨੂੰ ਨਹੀਂ ਮਿਲਿਆ ਨਿਯੁਕਤੀ ਪੱਤਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।