ਵਿਸ਼ਵ ਚੈਂਪੀਅਨਸ਼ਿਪ ਫ਼ਾਈਨਲ ''ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਅੰਸ਼ੂ
Thursday, Oct 07, 2021 - 01:17 PM (IST)
ਓਸਲੇ (ਨਾਰਵੇ)- ਅੰਸ਼ੂ ਮਲਿਕ ਨੇ ਵਿਸ਼ਵ ਚੈਂਪੀਅਨਸ਼ਿਪ ਫ਼ਾਈਨਲ 'ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚ ਦਿੱਤਾ। ਜਦੋਂ ਉਨ੍ਹਾਂ ਨੇ ਜੂਨੀਅਰ ਯੂਰਪੀ ਚੈਂਪੀਅਨ ਸੋਲੇਮੀਆ ਵਿੰਕ ਨੂੰ ਹਰਾਇਆ। ਦੂਜੇ ਪਾਸੇ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਉਲਟਫੇਰ ਕਰਨ ਵਾਲੀ ਸਰਿਤਾ ਮੋਰ ਸੈਮੀਫਾਈਨਲ 'ਚ ਹਾਰ ਗਈ ਤੇ ਹੁਣ ਉਹ ਕਾਂਸੀ ਦੇ ਤਮਗ਼ੇ ਲਈ ਖੇਡੇਗੀ। 19 ਸਾਲਾ ਅੰਸ਼ੂ ਨੇ ਸ਼ੁਰੂ ਤੋਂ ਹੀ ਸੈਮੀਫ਼ਾਈਨਲ 'ਚ ਦਬਦਬਾ ਬਣਾਏ ਰੱਖਿਆ ਹੈ ਤੇ ਤਕਨੀਕੀ ਸ੍ਰੇਸ਼ਠਤਾ ਦੇ ਆਧਾਰ 'ਤੇ ਜਿੱਤ ਦਰਜ ਕਰਕੇ 57 ਕਿਲੋ ਵਰਗ ਦੇ ਫ਼ਾਈਨਲ 'ਚ ਪਹੁੰਚ ਗਈ। ਇਸ ਤੋਂ ਪਹਿਲਾਂ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਤਮਗ਼ੇ ਜਿੱਤੇ ਹਨ ਪਰ ਸਾਰਿਆਂ ਨੂੰ ਕਾਂਸੀ ਤਮਗ਼ੇ ਮਿਲੇ ਹਨ।
ਗੀਤਾ ਫੋਗਾਟ ਨੇ 2012 'ਚ, ਬਬਿਤਾ ਫੋਗਾਟ ਨੇ 2012, ਪੂਜਾ ਢਾਂਡਾ ਨੇ 2018 ਤੇ ਵਿਨੇਸ਼ ਫੋਗਾਟ ਨੇ 2019 'ਚ ਕਾਂਸੀ ਤਮਗ਼ਾ ਜਿੱਤਿਆ। ਅੰਸ਼ੂ ਵਿਸ਼ਵ ਚੈਂਪੀਅਨਸ਼ਿਪ ਫ਼ਾਈਨਲ 'ਚ ਪਹੁੰਚਣ ਵਾਲੀ ਤੀਜੀ ਭਾਰਤੀ ਹੈ। ਉਨ੍ਹਾਂ ਤੋਂ ਪਹਿਲਾਂ ਸੁਸ਼ੀਲ ਕੁਮਾਰ (2010) ਤੇ ਬਜਰੰਗ ਪੂਨੀਆ (2018) ਇਹ ਕਮਾਲ ਕਰ ਚੁੱਕੇ ਹਨ। ਇਨ੍ਹਾਂ 'ਚੋਂ ਸਿਰਫ਼ ਸੁਸ਼ੀਲ਼ ਹੀ ਸੋਨ ਤਮਗ਼ਾ ਜਿੱਤ ਸਕੇ ਹਨ। ਇਸ ਤੋਂ ਪਹਿਲਾਂ ਅੰਸ਼ੂ ਨੇ ਇਕਪਾਸੜ ਮੁਕਾਬਲੇ 'ਚ ਕਜ਼ਾਖਸਤਾਨ ਦੀ ਨਿਲੋਫ਼ਰ ਰੇਮੋਵਾ ਨੂੰ ਤਕਨੀਕੀ ਮੁਹਾਰਤ ਦੇ ਆਧਾਰ 'ਤੇ ਹਰਾਇਆ ਤੇ ਫਿਰ ਕੁਆਰਟਰ ਫ਼ਾਈਨਲ 'ਚ ਮੰਗੋਲੀਆ ਦੀ ਦੇਵਾਚਿਮੇਗ ਏਰਖੇਮਬਾਇਰ ਨੂੰ 5-1 ਨਾਲ ਹਰਾਇਆ ਸੀ। ਸਰਿਤਾ ਨੂੰ ਬੁਲਗਾਰੀਆ ਦੀ ਬਿਲਯਾਨਾ ਝਿਵਕੋਵਾ ਨੇ 3-0 ਨਾਲ ਹਰਾਇਆ। ਹੁਣ ਉਹ ਕਾਂਸੀ ਤਮਗ਼ੇ ਲਈ ਖੇਡੇਗੀ।