ਵੈਸਟਇੰਡੀਜ਼ ਖ਼ਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

Thursday, Jan 27, 2022 - 11:35 AM (IST)

ਵੈਸਟਇੰਡੀਜ਼ ਖ਼ਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ (ਭਾਸ਼ਾ)- ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ, ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਅਤੇ ਹਰਫਨਮੌਲਾ ਦੀਪਕ ਹੁੱਡਾ ਨੂੰ ਬੁੱਧਵਾਰ ਨੂੰ ਵੈਸਟਇੰਡੀਜ਼ ਖਿਲਾਫ ਆਗਾਮੀ ਸੀਮਤ ਓਵਰਾਂ ਦੀ ਸੀਰੀਜ਼ ਲਈ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਵਿਚ ਚੁਣਿਆ ਗਿਆ ਹੈ। ਜਦੋਂਕਿ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੇ ਗੋਡੇ ਦੇ ਆਪਰੇਸ਼ਨ ਤੋਂ ਬਾਅਦ ਵਨਡੇ ਟੀਮ ਵਿਚ ਵਾਪਸੀ ਕੀਤੀ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੀ ਸੀਨੀਅਰ ਚੋਣ ਕਮੇਟੀ ਨੇ ਵੈਸਟਇੰਡੀਜ਼ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਲਈ 18 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ 6 ਫਰਵਰੀ ਤੋਂ ਅਹਿਮਦਾਬਾਦ ਵਿਚ ਖੇਡੀ ਜਾਵੇਗੀ, ਜਦਕਿ ਟੀ-20 ਸੀਰੀਜ਼ 16 ਫਰਵਰੀ ਤੋਂ ਕੋਲਕਾਤਾ ਵਿਚ ਖੇਡੀ ਜਾਵੇਗੀ। ਸੱਟ ਕਾਰਨ ਦੱਖਣੀ ਅਫ਼ਰੀਕਾ ਦੌਰੇ ਤੋਂਂ ਬਾਹਰ ਹੋਏ ਰੋਹਿਤ ਸ਼ਰਮਾ ਟੀਮ ਦੀ ਅਗਵਾਈ ਕਰਨਗੇ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ

ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਦੋਵਾਂ ਟੀਮਾਂ ਵਿਚ ਰੱਖਿਆ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਗਿਆ ਹੈ, ਜਦੋਂਕਿ ਰਵਿੰਦਰ ਜਡੇਜਾ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਨਹੀਂ ਚੁਣਿਆ ਗਿਆ ਹੈ। ਬੀ.ਸੀ.ਸੀ.ਆਈ. ਨੇ ਇੱਥੇ ਜਾਰੀ ਬਿਆਨ ਵਿਚ ਕਿਹਾ, ‘ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਗਿਆ ਹੈ, ਜਦੋਂਕਿ ਕੇ.ਐੱਲ. ਰਾਹੁਲ ਦੂਜੇ ਵਨਡੇ ਤੋਂ ਹੀ ਉਪਲਬਧ ਰਹਿਣਗੇ। ਜਡੇਜਾ ਗੋਡੇ ਦੀ ਸੱਟ ਤੋਂ ਠੀਕ ਹੋਣ ਦੇ ਆਖਰੀ ਪੜਾਅ ਵਿਚ ਹਨ ਅਤੇ ਉਹ ਸੀਰੀਜ਼ ਵਿਚ ਖੇਡ ਸਕਣਗੇ।’ ਆਲਰਾਊਂਡਰ ਵੈਂਕਟੇਸ਼ ਅਈਅਰ ਨੂੰ ਦੱਖਣੀ ਅਫਰੀਕਾ ਵਿਚ ਖ਼ਰਾਬ ਪ੍ਰਦਰਸ਼ਨ ਕਾਰਨ ਵਨਡੇ ਟੀਮ ਵਿਚ ਨਹੀਂ ਚੁਣਿਆ ਗਿਆ ਹੈ। ਟੀਮ ਵਿਚ ਉਨ੍ਹਾਂ ਦੀ ਜਗ੍ਹਾ ਹਰਫਨਮੌਲਾ ਦੀਪਕ ਹੁੱਡਾ ਨੂੰ ਰੱਖਿਆ ਗਿਆ ਹੈ। ਵੈਂਕਟੇਸ਼ ਨੂੰ ਹਾਲਾਂਕਿ ਟੀ-20 ਟੀਮ ਵਿਚ ਰੱਖਿਆ ਗਿਆ ਹੈ। ਵਾਸ਼ਿੰਗਟਨ ਸੁੰਦਰ ਨੇ ਵੀ ਸੱਟ ਤੋਂ ਉਭਰਨ ਤੋਂ ਬਾਅਦ ਦੋਵਾਂ ਟੀਮਾਂ ਵਿਚ ਵਾਪਸੀ ਕੀਤੀ ਹੈ, ਜਦਕਿ ਅਕਸ਼ਰ ਪਟੇਲ ਟੀ-20 ਸੀਰੀਜ਼ ਲਈ ਉਪਲੱਬਧ ਰਹਿਣਗੇ।

ਇਹ ਵੀ ਪੜ੍ਹੋ: ਸਾਨੀਆ ਮਿਰਜ਼ਾ ਨੂੰ ਆਪਣੇ ਸੰਨਿਆਸ ਦੇ ਐਲਾਨ 'ਤੇ ਹੋ ਰਿਹੈ ਪਛਤਾਵਾ, ਕਹੀ ਵੱਡੀ ਗੱਲ

ਬਿਸ਼ਨੋਈ, ਹਰਸ਼ਲ ਪਟੇਲ ਅਤੇ ਹੁੱਡਾ ਇੰਡੀਅਨ ਪ੍ਰੀਮੀਅਰ ਲੀਗ ਦੀ ਖੋਜ ਹੈ। ਉਨ੍ਹਾਂ ਨੇ ਆਪਣੀ ਟੀਮ ਲਈ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਬਿਸ਼ਨੋਈ ਅਗਲੇ ਆਈ.ਪੀ.ਐਲ. ਵਿਚ ਨਵੀਂ ਫਰੈਂਚਾਇਜ਼ੀ ਲਖਨਊ ਸੁਪਰਜਾਇੰਟਸ ਲਈ ਖੇਡਣਗੇ। ਦੋਵਾਂ ਟੀਮਾਂ ਵਿਚ ਬਿਸ਼ਨੋਈ ਦੀ ਚੋਣ ਕੀਤੀ ਗਈ ਹੈ। ਭੁਵਨੇਸ਼ਵਰ ਕੁਮਾਰ ਨੂੰ ਟੀ-20 ਟੀਮ ਵਿਚ ਬਰਕਰਾਰ ਰੱਖਿਆ ਗਿਆ ਹੈ ਪਰ ਵਨਡੇ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਕੋਹਲੀ ਅਤੇ ਰਵੀ ਸ਼ਾਸਤਰੀ ਦੇ ਦੌਰ ਵਿਚ ਕੁਲਦੀਪ ਨੂੰ ਖਾਸ ਤਰਜੀਹ ਨਹੀਂ ਦਿੱਤੀ ਗਈ ਸੀ ਪਰ ਹੁਣ ਉਹ ਟੀਮ ਵਿਚ ਟਰੰਪ ਕਾਰਡ ਬਣ ਸਕਦੇ ਹਨ। ਕੁਲਦੀਪ ਦਾ ਪਿਛਲੇ ਸਾਲ ਗੋਡੇ ਦਾ ਅਪਰੇਸ਼ਨ ਹੋਇਆ ਸੀ। ਵੈਸਟਇੰਡੀਜ਼ ਖਿਲਾਫ ਪਹਿਲੇ ਤਿੰਨ ਵਨਡੇ ਮੈਚ 6, 9 ਅਤੇ 11 ਫਰਵਰੀ ਨੂੰ ਖੇਡੇ ਜਾਣਗੇ, ਜਦਕਿ ਟੀ-20 ਮੈਚ 16, 18 ਅਤੇ 20 ਫਰਵਰੀ ਨੂੰ ਖੇਡੇ ਜਾਣਗੇ। ਕੋਵਿਡ ਪ੍ਰੋਟੋਕੋਲ ਦੇ ਕਾਰਨ ਇਹ ਸੀਰੀਜ਼ ਸਿਰਫ ਦੋ ਸ਼ਹਿਰਾਂ ਵਿਚ ਖੇਡੀ ਜਾਵੇਗੀ।

ਇਹ ਵੀ ਪੜ੍ਹੋ: PM ਮੋਦੀ ਨੇ ਕ੍ਰਿਕਟਰ ਕ੍ਰਿਸ ਗੇਲ ਅਤੇ ਜੌਂਟੀ ਰੋਡਜ਼ ਨੂੰ ਲਿਖਿਆ ਪੱਤਰ,ਇਸ ਗੱਲ ਨੂੰ ਲੈ ਕੇ ਕੀਤੀਆਂ ਤਾਰੀਫ਼ਾਂ

ਟੀਮਾਂ ਇਸ ਪ੍ਰਕਾਰ ਹਨ:
ਵਨਡੇ ਟੀਮ:
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਰੁਤੁਰਾਜ ਗਾਇਕਵਾੜ, ਸ਼ਿਖਰ ਧਵਨ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕਟ ਕੀਪਰ), ਦੀਪਕ ਚਾਹਰ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਆਵੇਸ਼ ਖਾਨ।

ਟੀ-20 ਟੀਮ : ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਵੈਂਕਟੇਸ਼ ਅਈਅਰ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਅਕਸ਼ਰ ਪਟੇਲ, ਯੁਜ਼ਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਆਵੇਸ਼ ਖਾਨ, ਹਰਸ਼ਲ ਪਟੇਲ।

ਇਹ ਵੀ ਪੜ੍ਹੋ: ਵਿਵਾਦ ’ਚ ਘਿਰੇ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ 'ਚਿਊਇੰਗਮ' ਚਬਾਉਂਦੇ ਆਏ ਨਜ਼ਰ, ਵੀਡੀਓ ਵਾਇਰਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News