ਸਾਲ 2019 ICC ਪੁਰਸਕਾਰਾਂ ਦਾ ਹੋਇਆ ਐਲਾਨ, ਹਿੱਟਮੈਨ ਰੋਹਿਤ ਬਣੇ ਸਰਵਸ੍ਰੇਸ਼ਠ ODI ਕ੍ਰਿਕਟਰ

Wednesday, Jan 15, 2020 - 12:43 PM (IST)

ਸਾਲ 2019 ICC ਪੁਰਸਕਾਰਾਂ ਦਾ ਹੋਇਆ ਐਲਾਨ, ਹਿੱਟਮੈਨ ਰੋਹਿਤ ਬਣੇ ਸਰਵਸ੍ਰੇਸ਼ਠ ODI ਕ੍ਰਿਕਟਰ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਦੁਨੀਆ ਵਿਚ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ। ਮੌਜੂਦਾ ਸਮੇਂ ਕੋਹਲੀ ਦਾ ਨਾਂ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚ ਸਭ ਤੋਂ ਅੱਗੇ ਲਿਆ ਜਾਂਦਾ ਹੈ। ਉੱਥੇ ਹੀ ਰੋਹਿਤ ਸ਼ਰਮਾ ਨੇ ਪਿੱਛਲੇ ਸਾਲ 2019 ਵਿਚ ਸਭ ਤੋਂ ਵੱਧ ਸੈਂਕਡ਼ੇ ਅਤੇ ਦੌਡ਼ਾਂ ਬਣਾਈਆਂ। ਹੁਣ ਆਈ. ਸੀ. ਸੀ. ਨੇ ਸਾਲ 2019 ਲਈ ਐਵਾਰਡਜ਼ ਦਾ ਐਲਾਨ ਕੀਤਾ ਹੈ, ਜਿਸ ਵਿਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਸਨਮਾਿਨਤ ਕੀਤਾ ਹੈ।

ਕੋਹਲੀ ਨੂੰ ਉਸ ਦੇ ਖੁਲ੍ਹੇ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ। ਚਾਹੇ ਉਹ ਮੈਦਾਨ 'ਤੇ ਹੋਣ ਜਾਂ ਮੈਦਾਨ ਤੋਂ ਬਾਹਰ ਗਲਤ ਨੂੰ ਗਲਤ ਕਹਿਣ ਵਿਚ ਕੋਹਲੀ ਨੇ ਕਦੇ ਸ਼ਰਮ ਨਹੀਂ ਕੀਤੀ ਅਤੇ ਆਪਣੀ ਗੱਲ ਹਮੇਸ਼ਾ ਲੋਕਾਂ ਤਕ ਪਹੁੰਚਾਈ। ਹੁਣ ਵਿਰਾਟ ਦੇ ਇਸੇ ਖਾਸ ਅੰਦਾਜ਼ ਲਈ ਆਈ. ਸੀ. ਸੀ. ਨੇ ਉਸ ਨੂੰ ਬੁੱਧਵਾਰ 'ਸਪਿਰਿਟ ਆਫ ਕ੍ਰਿਕਟ' ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਦਰਅਸਲ ਇਹ ਐਵਾਰਡ ਉਸ ਨੂੰ ਵਰਲਡ ਕੱਪ 2019 ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਚ ਦੌਰਾਨ ਇਸ਼ਾਰੇ ਲਈ ਦਿੱਤਾ ਗਿਆ ਹੈ। ਜਦੋਂ ਉਸ ਮੈਚ ਵਿਚ ਦਰਸ਼ਕ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਹੂਟਿੰਗ ਕਰ ਰਹੇ ਸੀ ਤਾਂ ਕੋਹਲੀ ਨੇ ਅੱਗੇ ਆ ਕੇ ਦਰਸ਼ਕਾਂ ਨੂੰ ਸਮਿਥ ਦਾ ਹੌਸਲਾ ਵਧਾਉਣ ਦਾ ਇਸ਼ਾਰਾ ਕੀਤਾ ਸੀ।

ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੂੰ ਸਾਲ 2019 ਲਈ 'ਆਈ. ਸੀ. ਸੀ. ਵਨ ਡੇ ਕ੍ਰਿਕਟਰ' ਦੇ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਰੋਹਿਤ ਸ਼ਰਮਾ ਨੂੰ ਇਹ ਐਵਾਰਡ ਸਾਲ 2019 ਵਿਚ ਉਸ ਦੀ ਸ਼ਾਨਦਾਰ ਫਾਰਮ ਲਈ ਦਿੱਤਾ ਗਿਆ ਹੈ। ਰੋਹਿਤ ਦੇ ਬੱਲੇ ਤੋਂ ਪਿਛਲੇ ਸਾਲ ਕੁਲ 7 ਸੈਂਕੜੇ ਨਿਕਲੇ, ਜਿਸ ਵਿਚੋਂ 5 ਸੈਂਕੜੇ ਉਸ ਨੇ ਵਨ ਡੇ ਵਰਲਡ ਕੱਪ ਦੌਰਾਨ ਲਾਏ ਸੀ।

ਇੰਗਲੈਂਡ ਦੇ ਆਲਰਾਊਂਡਰ ਬੈਨ ਸਟੋਕਸ ਨੂੰ ਆਈ. ਸੀ. ਸੀ. ਨੇ ਆਪਣੇ ਸਭ ਤੋਂ ਵੱਡੇ ਐਵਾਰਡ 'ਸਰ ਗਾਰਫੀਲਡ ਸੋਬਰਸ ਟਰਾਫੀ' ਨਾਲ ਸਨਮਾਨਿਤ ਕੀਤਾ ਹੈ। ਇਹ ਐਵਾਰਡ ਉਸ ਨੂੰ ਆਪਣੀ ਟੀਮ ਨੂੰ ਵਰਲਡ ਕੱਪ ਜਿਤਾਉਣ ਅਤੇ ਟੈਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਹੈ।

ਬੰਗਲਾਦੇਸ਼ ਖਿਲਾਫ ਨਵੰਬਰ 2019 ਵਿਚ 7 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕਰਨ ਵਾਲੇ ਦੀਪਕ ਚਾਹਰ ਦੇ ਪ੍ਰਦਰਸ਼ਨ ਨੂੰ ਵੀ ਸਨਮਾਨ ਮਿਲਿਆ। ਟੀ-20 ਕ੍ਰਿਕਟ ਵਿਚ ਉਸ ਦੇ ਪ੍ਰਦਰਸ਼ਨ ਨੂੰ ਸਰਵਸ੍ਰੇਸ਼ਠ ਮੰਨਿਆ ਗਿਆ। ਇਸੇ ਕਾਰਨ ਆਈ. ਸੀ. ਸੀ. ਨੇ ਦੀਪਕ ਨੂੰ 'ਟੀ-20 ਪਰਫਾਰਮਰ ਆਫ ਦਿ ਈਅਰ'ਚ ਐਵਾਰਡ ਦਿੱਤਾ ਹੈ। ਦੀਪਕ ਇਸ ਸਮੇਂ ਸੱਟ ਕਾਰਨ ਭਾਰਤੀ ਟੀਮ 'ਚੋਂ ਬਾਹਰ ਹਨ।

ਟੈਸਟ ਕ੍ਰਿਕਟ ਵਿਚ ਪਿਛਲਾ ਸਾਲ ਪੂਰੀ ਤਰ੍ਹਾਂ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੇ ਨਾਂ ਰਿਹਾ ਸੀ। ਕਮਿੰਸ ਨੇ ਪਿਛਲੇ ਸਾਲ ਟੈਸਟ ਕ੍ਰਿਕਟ ਵਿਚ ਸਿਰਫ 12 ਮੈਚਾਂ ਵਿਚ ਸਭ ਤੋਂ ਵੱਧ 59 ਦੌੜਾਂ ਹਾਸਲ ਕੀਤੀਆਂ ਸੀ। ਕਮਿੰਸ ਤੋਂ ਇਲਾਵਾ ਕੋਈ ਵੀ ਤੇਜ਼ ਗੇਂਦਬਾਜ਼ ਪਿਛਲੇ ਸਾਲ 50 ਵਿਕਟਾਂ ਵੀ ਨਹੀਂ ਹਾਸਲ ਕਰ ਸਕਿਆ ਸੀ। ਕੌਮਾਂਤਰੀ ਕ੍ਰਿਕਟ ਵਿਚ ਕਮਿੰਸ ਨੇ ਪਿਛਲੇ ਸਾਲ ਕੁਲ 99 ਵਿਕਟਾਂ ਲਈਆਂ ਸੀ। ਕਮਿੰਸ ਦੇ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਆਈ. ਸੀ. ਸੀ. ਨੇ ਉਸ ਨੂੰ 'ਟੈਸਟ ਕ੍ਰਿਕਟ ਆਫ ਦਿ ਈਅਰ' ਚੁਣਿਆ ਹੈ।

ਆਸਟਰੇਲੀਆ ਦੀ ਰਨ ਮਸ਼ੀਨ ਮਾਰਨਸ ਲਾਬੁਚੇਨ ਨੂੰ 2019 ਦਾ 'ਇਮਰਜਿੰਗ ਕ੍ਰਿਕਟਰ ਆਫ ਦਿ ਈਅਰ' ਪੁਰਸਕਾਰ ਦਿੱਤਾ ਗਿਆ ਹੈ। ਸਕਾਟਲੈਂਡ ਨੂੰ ਟੀ-20 ਵਰਲਡ ਕੱਪ ਕੁਆਲੀਫਿਕੇਸ਼ਨ ਵਿਚ ਪਹੁੰਚਾਉਣ ਵਾਲੇ ਕਾਈਲ ਕੋਏਤਜਰ ਨੂੰ 'ਐਸੋਸੀਏਟ ਕ੍ਰਿਕਟਰ ਆਫ ਦਿ ਈਅਰ' ਪੁਰਸਕਾਰ ਲਈ ਚੁਣਿਆ ਗਿਆ। ਉਸ ਨੇ ਵਨ ਡੇ ਕ੍ਰਿਕਟ ਵਿਚ ਪਿਛਲੇ ਸਾਲ 48.88 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।

 

 

 


Related News