ਅੰਕਿਤਾ ਨੇ ਆਪਣਾ ਪਹਿਲਾ WTA ਖਿਤਾਬ ਜਿੱਤਿਆ, ਟਾਪ-100 ’ਚ ਜਗ੍ਹਾ ਬਣਾਉਣਾ ਤੈਅ
Saturday, Feb 20, 2021 - 01:28 AM (IST)
ਮੈਲਬੋਰਨ– ਭਾਰਤ ਦੀ ਅੰਕਿਤਾ ਰੈਨਾ ਨੇ ਸ਼ੁੱਕਰਵਾਰ ਨੂੰ ਆਪਣੀ ਰੂਸੀ ਜੋੜੀਦਾਰ ਕੈਮਿਲਾ ਰਖਿਮੋਵਾ ਨਾਲ ਮਿਲ ਕੇ ਫਿਲਿਪ ਆਈਲੈਂਡ ਟਰਾਫੀ ਟੈਨਿਸ ਟੂਰਨਾਮੈਂਟ ਵਿਚ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਲਿਆ ਜਿਹੜਾ ਉਸਦਾ ਪਹਿਲਾ ਡਬਲਯੂ. ਟੀ. ਏ. ਖਿਤਾਬ ਹੈ। ਇਸ ਜਿੱਤ ਨਾਲ ਇਹ 28 ਸਾਲਾ ਭਾਰਤੀ ਖਿਡਾਰੀ ਮਹਿਲਾ ਡਬਲਜ਼ ਰੈਂਕਿੰਗ ਵਿਚ ਆਪਣੇ ਕਰੀਅਰ ਵਿਚ ਪਹਿਲੀ ਵਾਰ ਟਾਪ-100 ਵਿਚ ਸ਼ਾਮਲ ਹੋ ਜਾਵੇਗੀ।
ਅੰਕਿਤਾ ਤੇ ਕੈਮਿਲਾ ਦੀ ਜੋੜੀ ਨੇ ਫਾਈਨਲ ਵਿਚ ਅੰਨਾ ਬਿਲਿਨਕੋਵਾ ਤੇ ਅਨਸਤੇਸੀਆ ਪੋਤਾਪੋਵਾ ਦੀ ਰੂਸੀ ਜੋੜੀ ਨੂੰ 2-6, 6-4, 10-7 ਨਾਲ ਹਰਾਇਆ। ਭਾਰਤੀ ਖਿਡਾਰਨ ਨੇ ਇਸ ਜਿੱਤ ਨਾਲ ਆਪਣੀ ਰੂਸੀ ਜੋੜੀਦਾਰ ਦੇ ਨਾਲ 8000 ਡਾਲਰ ਵੰਡੇ ਤੇ ਉਸ ਨੂੰ 280 ਰੈਕਿੰਗ ਅੰਕ ਮਿਲੇ। ਇਸ ਨਾਲ ਉਹ ਅਗਲੇ ਹਫਤੇ ਜਾਰੀ ਹੋਣ ਵਾਲੀ ਡਬਲਯੂ. ਟੀ. ਏ. ਰੈਂਕਿੰਗ ਵਿਚ 94ਵੇਂ ਸਥਾਨ ’ਤੇ ਪਹੁੰਚ ਜਾਵੇਗੀ। ਅੰਕਿਤਾ ਅਜੇ 115ਵੇਂ ਸਥਾਨ ’ਤੇ ਹੈ।
ਅੰਕਿਤਾ ਨੇ ਕਿਹਾ,‘‘ਇਹ ਹਫਤਾ ਸ਼ਾਨਦਾਰ ਰਿਹਾ। ਕੈਮਿਲਾ ਤੇ ਮੈਂ ਪਹਿਲੀ ਵਾਰ ਇਕੱਠੇ ਖੇਡ ਰਹੀਆਂ ਸਨ। ਅਸੀਂ ਡਰਾਅ ਤੋਂ ਸਿਰਫ 20 ਮਿੰਟ ਪਹਿਲਾਂ ਦਸਤਖਤ ਕੀਤੇ ਸਨ ਕਿਉਂਕਿ ਐਂਟਰੀ ਸੂਚੀ ਨੂੰ ਲੈ ਕੇ ਕਾਫੀ ਭੁਲੇਖਾ ਬਣਿਆ ਹੋਇਆ ਸੀ। ਕੈਮਿਲਾ ਹਮਲਾਵਰ ਹੋ ਕੇ ਖੇਡਦੀ ਹੈ ਤੇ ਉਸਦੇ ਸਟ੍ਰੋਕ ਸ਼ਾਨਦਾਰ ਹਨ। ਮੈਂ ਉਸ ਨੂੰ ਸਿਰਫ ਹਮਲਵਾਰ ਬਣੇ ਰਹਿਣ ਲਈ ਕਿਹਾ ਤੇ ਉਸ ਨੇ ਅਜਿਹਾ ਕੀਤਾ।’’ ਉਸ ਨੇ ਕਿਹਾ,‘‘ਪਹਿਲਾ ਡਬਲਯੂ. ਟੀ. ਏ. ਖਿਤਾਬ ਤੇ ਡਬਲਜ਼ ਰੈਂਕਿੰਗ ਵਿਚ ਟਾਪ-100 ਵਿਚ ਜਗ੍ਹਾ ਮਿਲਣਾ ਸ਼ਾਨਦਾਰ ਹੈ। ਮੈਂ ਹੁਣ ਸਿੰਗਲਜ਼ ਦੇ ਟਾਪ-100 ਵਿਚ ਜਗ੍ਹਾ ਬਣਾਉਣ ’ਤੇ ਧਿਆਨ ਦੇਵਾਂਗੀ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।