ਮੈਕਸਿਕੋ ਓਪਨ ''ਚ ਸਾਂਝੇ 15ਵੇਂ ਸਥਾਨ ''ਤੇ ਰਹੇ ਅਨਿਰਬਾਨ ਲਾਹਿੜੀ
Tuesday, May 03, 2022 - 04:35 PM (IST)
ਪੁਅਰਤੋ ਵਾਲਾਰਤਾ (ਮੈਕਸਿਕੋ)- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਚੌਥੇ ਤੇ ਆਖ਼ਰੀ ਦੌਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ 5 ਅੰਡਰ 67 ਦਾ ਸਕੋਰ ਬਣਾਇਆ ਜਿਸ ਨਾਲ ਉਹ ਮੈਕਸਿਕੋ ਓਪਨ ਗੋਲਫ਼ ਟੂਰਨਾਮੈਂਟ 'ਚ ਸਾਂਝੇ 15ਵੇਂ ਸਥਾਨ 'ਤੇ ਰਹੇ। ਲਾਹਿੜੀ ਤੀਜੇ ਦੌਰ ਦੇ ਬਾਅਦ ਚੰਗੀ ਸਥਿਤੀ 'ਚ ਨਹੀਂ ਸਨ ਪਰ ਆਖ਼ਰੀ ਦੌਰ 'ਚ ਚੰਗੇ ਪ੍ਰਦਰਸ਼ਨ ਨਾਲ ਉਹ ਲਗਭਗ 20 ਪਾਇਦਾਨ ਉੱਪਰ ਪਹੁੰਚਣ 'ਚ ਸਫਲ ਰਹੇ।
ਇਹ ਪਿਛਲੀਆਂ ਚਾਰ ਪ੍ਰਤੀਯੋਗਿਤਾਵਾਂ 'ਚ ਤੀਜਾ ਮੌਕਾ ਹੈ ਜਦੋਂ ਲਾਹਿੜੀ ਨੇ ਚੋਟੀ ਦੇ 15 'ਚ ਜਗ੍ਹਾ ਬਣਾਈ ਹੈ। ਉਹ 'ਪਲੇਅਰਸ ਚੈਂਪੀਅਨਸ਼ਿਪ' 'ਚ ਦੂਜੇ ਤੇ ਟੈਕਸਾਸ ਓਪਨ 'ਚ ਸਾਂਝੇ 13ਵੇਂ ਸਥਾਨ 'ਤੇ ਰਹੇ ਸਨ। ਇਸ ਦਰਮਿਆਨ ਜਾਨ ਰਹਿਮ ਨੇ 2021 'ਚ ਯੂ. ਐੱਸ. ਓਪਨ ਜਿੱਤਣ ਦੇ ਬਾਅਦ ਪਹਿਲਾ ਖ਼ਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਆਖ਼ਰੀ ਦੌਰ 'ਚ ਦੋ ਅੰਡਰ ਦਾ ਸਕੋਰ ਬਣਾਇਆ ਤੇ ਉਨ੍ਹਾਂ ਦਾ ਕੁਲ ਸਕੋਰ 17 ਅੰਡਰ ਰਿਹਾ।
ਲਾਹਿੜੀ ਨੇ ਪਹਿਲੇ ਪੰਜ 'ਹੋਲ' 'ਚ ਪਾਰ ਸਕੋਰ ਬਣਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਛੇਵੇਂ ਤੇ ਨੌਵੇਂ 'ਹੋਲ' 'ਚ ਬਰਡੀ ਬਣਾਈ। ਉਨ੍ਹਾਂ ਨੇ ਆਖ਼ਰੀ 9 'ਹੋਲ' 'ਚ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰਖ ਕੇ ਤਿੰਨ ਬਰਡੀ ਬਣਾਈ। ਉਨ੍ਹਾਂ ਨੇ ਇਸ ਦਰਮਿਆਨ ਪਾਰ ਚਾਰ ਵਾਲੇ 15ਵੇਂ 'ਹੋਲ' 'ਚ 35 ਫੁੱਟ ਨਾਲ 'ਪੁਟ' ਲਗਾ ਕੇ ਬਰਡੀ ਕੀਤੀ। ਲਾਹਿੜੀ ਇਸ ਪ੍ਰਦਰਸ਼ਨ ਨਾਲ ਫੇਡਐਕਸ ਕੱਪ ਸੂਚੀ 'ਚ ਤਿੰਨ ਪਾਇਦਾਨ ਉੱਪਰ 55ਵੇਂ ਸਥਾਨ 'ਤੇ ਪੁੱਜ ਗਏ ਹਨ ਪਰ ਉਹ ਵਿਸ਼ਵ ਰੈਂਕਿੰਗ 'ਚ 85ਵੇਂ ਸਥਾਨ 'ਤੇ ਬਣੇ ਹੋਏ ਹਨ।