ਐਂਡੀ ਫਲਾਵਰ ਆਈ. ਪੀ. ਐੱਲ. ਦੀ ਲਖਨਊ ਫ੍ਰੈਂਚਾਈਜ਼ੀ ਦੇ ਮੁੱਖ ਕੋਚ ਨਿਯੁਕਤ
Saturday, Dec 18, 2021 - 10:27 AM (IST)
ਸਪੋਰਟਸ ਡੈਸਕ- ਜ਼ਿੰਬਾਬਵੇ ਦੇ ਸਾਬਕਾ ਵਿਕਟਕੀਪਰ ਕਪਤਾਨ ਐਂਡੀ ਫਲਾਵਰ ਨੂੰ ਆਈ. ਪੀ. ਐੱਲ. ਦੀ ਨਵੀਂ ਲਖਨਊ ਫਰੈਂਚਾਈਜ਼ੀ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਆਰ. ਪੀ. ਸੰਜੀਵ ਗੋਇਨਕਾ ਗਰੁੱਪ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਇਸ ਦਾ ਐਲਾਨ ਕੀਤਾ। ਫਲਾਵਰ ਪਿਛਲੇ ਦੋ ਸੈਸ਼ਨਾਂ ਵਿਚ ਪੰਜਾਬ ਕਿੰਗਜ਼ ਨਾਲ ਸਹਾਇਕ ਕੋਚ ਵਜੋਂ ਜੁੜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਉਹ ਨਵੀਂ ਫਰੈਂਚਾਈਜ਼ੀ ਨਾਲ ਜੁੜ ਕੇ ਬਹੁਤ ਉਤਸ਼ਾਹਤ ਹਨ। 1993 ਵਿਚ ਆਪਣੇ ਪਹਿਲੇ ਭਾਰਤੀ ਦੌਰੇ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਇਸ ਦੇਸ਼ ਦਾ ਦੌਰਾ ਕਰਨਾ, ਇੱਥੇ ਖੇਡਣਾ ਤੇ ਕੋਚਿੰਗ ਕਰਨਾ ਪਸੰਦ ਹੈ। ਭਾਰਤ ਵਿਚ ਕ੍ਰਿਕਟ ਨੂੰ ਲੈ ਕੇ ਜਿਹੋ ਜਿਹਾ ਜਨੂੰਨ ਹੈ ਉਸ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
ਲਖਨਊ ਫਰੈਂਚਾਈਜ਼ੀ ਦੇ ਮਾਲਕ ਡਾ. ਸੰਜੀਵ ਗੋਇਨਕਾ ਨੇ ਕਿਹਾ ਕਿ ਇਕ ਖਿਡਾਰੀ ਤੇ ਕੋਚ ਦੇ ਰੂਪ ਵਿਚ ਐਂਡੀ ਫਲਾਵਰ ਨੇ ਕ੍ਰਿਕਟ ਵਿਚ ਅਮਿੱਟ ਛਾਪ ਛੱਡੀ ਹੈ। ਅਸੀਂ ਉਨ੍ਹਾਂ ਦੇ ਪੇਸ਼ੇਵਰ ਅੰਦਾਜ਼ ਦਾ ਸਨਮਾਨ ਕਰਦੇ ਹਾਂ। ਜ਼ਿਕਰਯੋਗ ਹੈ ਕਿ ਫਲਾਵਰ ਦੀ ਕੋਚਿੰਗ ਵਿਚ ਹੀ ਇੰਗਲੈਂਡ ਨੇ 2010 ਵਿਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਫਲਾਵਰ ਨੇ ਇੰਗਲੈਂਡ ਨੂੰ ਟੈਸਟ ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਪਹੁੰਚਾਇਆ ਸੀ। ਪਿਛਲੇ ਦੋ ਐਡੀਸ਼ਨਾਂ ਵਿਚ ਪੰਜਾਬ ਦੀ ਕਪਤਾਨੀ ਕਰਨ ਵਾਲੇ ਲੋਕੇਸ਼ ਰਾਹੁਲ ਦੇ ਵੀ ਲਖਨਊ ਫਰੈਂਚਾਈਜ਼ੀ ਨਾਲ ਜੁੜਨ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਰ. ਪੀ. ਸੰਜੀਵ ਗੋਇਨਕਾ ਗਰੁੱਪ ਨੇ ਲਖਨਊ ਫਰੈਂਚਾਈਜ਼ੀ ਨੂੰ 7090 ਕਰੋੜ ਰੁਪਏ ਦੀ ਬਹੁਤ ਉੱਚੀ ਬੋਲੀ ਵਿਚ ਖ਼ਰੀਦਿਆ।