ਨਾਰਵੇ ਸ਼ਤਰੰਜ : ਆਨੰਦ ਨੇ ਮਕਸੀਮ ਲਾਗਰੇਵ ਨੂੰ ਹਰਾ ਕੇ ਕੀਤੀ ਸ਼ਾਨਦਾਰ ਸ਼ੁਰੂਆਤ
Wednesday, Jun 01, 2022 - 06:09 PM (IST)
ਸਟਾਵੰਗਰ- ਵਿਸ਼ਵ ਦੇ ਸਭ ਤੋਂ ਮੁਸ਼ਕਲ ਸੁਪਰ ਗ੍ਰਾਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਮੰਨੇ ਜਾਣ ਵਾਲੇ ਨਾਰਵੇ ਸ਼ਤਰੰਜ ਦੇ 10ਵੇਂ ਸੀਜ਼ਨ 'ਚ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਹਿੱਸਾ ਲਿਆ। ਆਨੰਦ ਨੇ ਬਲਿਟਜ਼ ਮੁਕਾਬਲਿਆਂ 'ਚ ਕੀਤੇ ਗਏ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਕਲਾਸਿਕਲ ਸ਼ਤਰੰਜ 'ਚ ਵੀ ਜਾਰੀ ਰਖਦੇ ਹੋਏ ਪਹਿਲੇ ਦਿਨ ਸ਼ਾਨਦਾਰ ਅੰਦਾਜ਼ 'ਚ ਜਿੱਤ ਨਾਲ ਸ਼ੁਰੂਆਤ ਕੀਤੀ।
ਪਹਿਲੇ ਰਾਊਂਡ 'ਚ ਆਨੰਦ ਨੇ ਵਰਤਮਾਨ ਵਿਸ਼ਵ ਬਲਿਟਜ਼ ਚੈਂਪੀਅਨ ਫਰਾਂਸ ਦੇ ਮਕਸੀਮ ਵਾਰਚੇਰ ਲਾਗਰੇਵ ਨੂੰ ਸਫੈਦ ਮੋਹਰਿਆਂ ਨਾਲ ਹਰਾਇਆ। ਸਿਸਿਲਿਅਨ ਓਪਨਿੰਗ 'ਚ ਆਨੰਦ ਨੇ ਖੇਡ ਦੇ ਮੱਧ ਤੋਂ ਇਕ ਪਿਆਦੇ ਦੀ ਬੜ੍ਹਤ ਬਣਾ ਲਈ ਸੀ ਤੇ ਅੰਤ 'ਚ ਆਪਣੇ ਹਾਥੀ ਤੇ ਊਠ ਦੇ ਤਾਲਮੇਲ ਨਾਲ ਮਕਸੀਮ ਨੂੰ 42 ਚਾਲਾਂ 'ਚ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਆਨੰਦ ਤੋਂ ਇਲਾਵਾ ਪਹਿਲੇ ਦਿਨ ਯੂ. ਐੱਸ. ਏ. ਦੇ ਵੇਸਲੀ ਸੋ ਵੀ ਜਿੱਤਣ 'ਚ ਸਫਲ ਰਹੇ ਤੇ ਉਨ੍ਹਾਂ ਨੇ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੂੰ ਹਰਾਇਆ।
ਸਿੱਧੀ ਜਿੱਤ ਦਰਜ ਕਰਨ ਦੇ ਕਾਰਨ ਆਨੰਦ ਤੇ ਸੋ ਨੂੰ 3 ਅੰਕ ਹਾਸਲ ਹੋਏ ਤੇ ਦੋਵੇਂ ਸੰਯੁਕਤ ਬੜ੍ਹਤ 'ਤੇ ਹਨ। ਹੋਰਨਾਂ ਮੁਕਾਬਲਿਆਂ 'ਚ ਨਾਰਵੇ ਦੇ ਮੇਗਨਸ ਕਾਰਲਸਨ, ਨੀਦਰਲੈਂਡ ਦੇ ਅਨੀਸ਼ ਗਿਰੀ ਤੇ ਅਰਜਬੈਜਾਨ ਦੇ ਸ਼ਖੀਰਯਾਰ ਮਮੇਦਯਾਰੋਵ ਕ੍ਰਮਵਾਰ ਚੀਨ ਦੇ ਵਾਂਗ ਹੋਊ, ਬੁਲਗਾਰੀਆ ਦੇ ਵੇਸੇਲੀਨ ਟੋਪਾਲੋਵ ਤੇ ਨਾਰਵੇ ਦੇ ਆਰਯਨ ਤਾਰੀ ਤੋਂ ਕਲਾਸਿਕਲ ਮੈਚ ਡਰਾਅ ਖੇਡਣ ਦੇ ਬਾਅਦ ਟਾਈਬ੍ਰੇਕ 'ਚ ਜਿੱਤਣ 'ਚ ਸਫਲ ਰਹੇ ਤੇ ਉਨ੍ਹਾਂ ਨੂੰ ਇਸ ਤੋਂ ਬਾਅਦ 1.5 ਅੰਕ ਤੇ ਵਿਰੋਧੀਆਂ ਨੂੰ 1 ਅੰਕ ਮਿਲਿਆ। ਦੂਜੇ ਰਾਊਂਡ 'ਚ ਆਨੰਦ ਦਾ ਮੁਕਾਬਲਾ ਵੇਸੇਲੀਨ ਟੋਪਾਲੋਵ ਨਾਲ ਹੋਵੇਗਾ।