ਉਰੂਗਵੇ ਖਿਲਾਫ 0-1 ਦੀ ਹਾਰ ਨਾਲ ਕੋਪਾ ਅਮਰੀਕਾ ਟੂਰਨਾਮੈਂਟ ਤੋਂ ਬਾਹਰ ਹੋਇਆ ਅਮਰੀਕਾ
Tuesday, Jul 02, 2024 - 05:21 PM (IST)
ਕੰਸਾਸ ਸਿਟੀ (ਅਮਰੀਕਾ)- ਅਮਰੀਕਾ ਨੂੰ ਮਥਾਸ ਓਲੀਵੇਰਾ ਦੇ ਦੂਜੇ ਹਾਫ ਵਿੱਚ ਦਾਗੇ ਵਿਵਾਦਤ ਗੋਲ ਕਾਰਨ ਉਰੂਗਵੇ ਖ਼ਿਲਾਫ਼ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਟੀਮ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਦੇ ਨਾਲ ਹੀ ਅਮਰੀਕੀ ਫੁੱਟਬਾਲ ਫੈਡਰੇਸ਼ਨ 'ਤੇ 2026 ਵਿਸ਼ਵ ਕੱਪ ਤੋਂ ਪਹਿਲਾਂ ਕੋਚ ਗ੍ਰੇਗ ਬਰਹਾਲਟਰ ਨੂੰ ਹਟਾਉਣ ਦਾ ਦਬਾਅ ਵੀ ਵਧ ਗਿਆ ਹੈ। ਉਰੂਗਵੇ ਲਈ ਓਲੀਵੇਰਾ ਨੇ 66ਵੇਂ ਮਿੰਟ ਵਿੱਚ ਗੋਲ ਕੀਤਾ। ਰੋਨਾਲਡ ਅਰਾਜੋ ਨੇ ਨਿਕੋਲਸ ਡੇ ਲਾ ਕਰੂਜ਼ ਦੀ ਫ੍ਰੀ ਕਿੱਕ 'ਤੇ ਹੈਡਰ ਬਣਾਇਆ। ਮੈਟ ਟਰਨਰ ਨੇ ਆਪਣੇ ਹੈਡਰ 'ਤੇ ਗੋਲ ਨਹੀਂ ਹੋਣ ਦਿੱਤਾ ਪਰ ਓਲੀਵੀਰਾ ਨੇ ਰੀਬਾਉਂਡ 'ਤੇ ਗੋਲ ਕੀਤਾ।
ਸ਼ੁਰੂਆਤੀ ਹੈਡਰ ਦੌਰਾਨ ਓਲੀਵੇਰਾ ਆਫਸਾਈਡ ਲੱਗੇ ਪਰ ਵੀਡੀਓ ਸਮੀਖਿਆ ਤੋਂ ਬਾਅਦ ਗੋਲ ਨੂੰ ਬਰਕਰਾਰ ਰੱਖਿਆ ਗਿਆ ਸੀ। ਉਰੂਗੁਏ ਦੀ ਟੀਮ ਤਿੰਨ ਮੈਚਾਂ ਵਿੱਚ ਨੌਂ ਅੰਕਾਂ ਨਾਲ ਗਰੁੱਪ ਸੀ ਵਿੱਚ ਸਿਖਰ ’ਤੇ ਰਹੀ। ਪਨਾਮਾ ਤਿੰਨ ਮੈਚਾਂ ਵਿੱਚ ਦੋ ਜਿੱਤਾਂ ਨਾਲ ਛੇ ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ, ਜਦਕਿ ਅਮਰੀਕਾ ਤਿੰਨ ਮੈਚਾਂ ਵਿੱਚ ਇੱਕ ਜਿੱਤ ਨਾਲ ਤਿੰਨ ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਅਮਰੀਕਾ ਨੇ ਆਪਣੇ ਪਹਿਲੇ ਮੈਚ 'ਚ ਬੋਲੀਵੀਆ ਨੂੰ 2-0 ਨਾਲ ਹਰਾਇਆ ਸੀ ਪਰ ਪਨਾਮਾ ਖਿਲਾਫ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।