ਐਲਿਸਾ ਹੀਲੀ ਤੇ ਕੇਸ਼ਵ ਮਹਾਰਾਜ ICC ਦੇ ''ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ'' ਚੁਣੇ ਗਏ
Monday, May 09, 2022 - 05:12 PM (IST)
ਦੁਬਈ- ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਵਿਕਟਕੀਪਰ-ਬੱਲੇਬਾਜ਼ ਐਲਿਸਾ ਹੀਲੀ ਤੇ ਦੱਖਣੀ ਅਫਰੀਕੀ ਪੁਰਸ਼ ਟੀਮ ਦੇ ਸਪਿਨਰ ਕੇਸ਼ਵ ਮਹਾਰਾਜ ਆਪਣੀਆਂ-ਆਪਣੀਆਂ ਸ਼੍ਰੇਣੀਆਂ 'ਚ ਅਪ੍ਰੈਲ ਮਹੀਨੇ ਦੇ ਲਈ ਸੋਮਵਾਰ ਨੂੰ ਆਈ. ਸੀ. ਸੀ. ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਚੁਣੇ ਗਏ। ਹੀਲੀ ਨੇ ਅਪ੍ਰੈਲ 'ਚ ਕ੍ਰਾਈਸਟਚਰਚ 'ਚ ਮਹਿਲਾ ਕ੍ਰਿਕਟ ਵਿਸ਼ਵ ਕੱਪ ਫਾਈਨਲ 'ਚ 170 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ।
ਇਹ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਕਿਸੇ ਖਿਡਾਰੀ ਦਾ ਸਰਵਉੱਚ ਸਕੋਰ ਹੈ। ਉਨ੍ਹਾਂ ਨੇ ਆਈ. ਸੀ. ਸੀ. ਤੋਂ ਜਾਰੀ ਬਿਆਨ 'ਚ ਕਿਹਾ ਕਿ ਮੈਂ ਦੋ ਸ਼ਾਨਦਾਰ ਖਿਡਾਰੀਆਂ ਤੋਂ ਅੱਗੇ ਰਹਿੰਦੇ ਹੋਏ 'ਮਹੀਨੇ ਦਾ ਪੁਰਸਕਾਰ ਜਿੱਤਣ' ਨੂੰ ਨਿਮਰਤਾ ਨਾਲ ਸਵੀਕਾਰ ਕਰਦੀ ਹਾਂ।
ਦੱਖਣੀ ਅਫਰੀਕਾ ਦੇ ਸਪਿਨਰ ਮਹਾਰਾਜ ਬੰਗਲਾਦੇਸ਼ ਦੇ ਖ਼ਿਲਾਫ਼ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਆਪਣੇ ਵਤਨ 'ਚ ਖੇਡੀ ਗਈ ਸੀਰੀਜ਼ 'ਚ ਟੀਮ ਦੀ ਜਿੱਤ ਦੇ ਨਾਇਕ ਬਣ ਕੇ ਉੱਭਰੇ। ਉਨ੍ਹਾਂ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ 16 ਵਿਕਟਾਂ ਲਈਆਂ ਜਿਸ 'ਚ ਦੋਵੇਂ ਟੈਸਟ ਦੀਆਂ ਦੂਜੀ ਪਾਰੀਆਂ 'ਚ ਉਨ੍ਹਾਂ ਨੇ 7-7 ਵਿਕਟਾਂ ਲਈਆਂ ਸਨ। ਉਨ੍ਹਾਂ ਦੀ ਟੀਮ ਦੋਵੇਂ ਮੈਚਾਂ ਨੂੰ ਵੱਡੇ ਫ਼ਰਕ ਨਾਲ ਜਿੱਤਣ 'ਚ ਸਫਲ ਰਹੀ।