ਪਿਛਲੇ 3 ਆਈ. ਸੀ. ਸੀ. ਟੂਰਨਾਮੈਂਟ ਖੇਡਣ ਵਾਲੇ ਸਾਰੇ ਭਾਰਤੀ ਖਿਡਾਰੀ ਸਨਮਾਨ ਦੇ ਹੱਕਦਾਰ : ਰੋਹਿਤ
Sunday, Mar 30, 2025 - 02:15 PM (IST)

ਨਵੀਂ ਦਿੱਲੀ– ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਸਦੀ ਟੀਮ ਨੇ ਪਿਛਲੇ 9 ਮਹੀਨਿਆਂ ਵਿਚ ਕ੍ਰਿਕਟ ਦੇ ਉਤਾਰ-ਚੜ੍ਹਾਅ ਦਾ ਸਾਹਮਣਾ ਕਰਦੇ ਹੋਏ ਸਫਲਤਾ ਹਾਸਲ ਕਰਨ ਲਈ ਸਮੂਹਿਕ ਸੰਘਰਸ਼ ਕੀਤਾ ਹੈ ਤੇ ਪਿਛਲੇ ਤਿੰਨ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦਾ ਹਰੇਕ ਮੈਂਬਰ ਸਨਮਾਨ ਦਾ ਹੱਕਦਾਰ ਹੈ।
ਭਾਰਤ ਨੂੰ ਪਿਛਲੇ ਤਿੰਨ ਆਈ. ਸੀ. ਸੀ. ਸੀਮਤ ਓਵਰਾਂ ਦੇ ਟੂਰਨਾਮੈਂਟ ਵਿਚ 24 ਮੈਚਾਂ ਵਿਚੋਂ ਇਕ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ 2023 ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਅਹਿਮਦਾਬਾਦ ਵਿਚ ਉਸ ਨੂੰ ਆਸਟ੍ਰੇਲੀਆ ਨੇ ਹਰਾਇਆ। ਭਾਰਤ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੇ ਇਸ ਸਾਲ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਜਿੱਤੀ। ਇਸ ਵਿਚਾਲੇ ਭਾਰਤ ਨੂੰ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਹੱਥੋਂ ਟੈਸਟ ਲੜੀਆਂ ਵਿਚ ਹਾਰ ਝੱਲਣੀ ਪਈ।
ਭਾਰਤ ਦੇ ਕਪਤਾਨ ਦੇ ਤੌਰ ’ਤੇ ਆਪਣੇ ਕਾਰਜਕਾਲ ਦੇ ਬਾਰੇ ਵਿਚ ਰੋਹਿਤ ਨੇ ਕਿਹਾ,‘‘ਇਸ ਟੀਮ ਨੇ ਤਿੰਨ ਵੱਡੇ ਟੂਰਨਾਮੈਂਟਾਂ ਵਿਚ ਜੋ ਹਾਸਲ ਕੀਤਾ ਹੈ, ਉਹ ਸ਼ਾਨਦਾਰ ਹੈ। ਇਸ ਤਰ੍ਹਾਂ ਦੇ ਟੂਰਨਾਮੈਂਟ ਖੇਡਣਾ ਤੇ ਸਿਰਫ ਇਕ ਮੈਚ ਹਾਰ ਜਾਣਾ ਤੇ ਉਹ ਵੀ ਫਾਈਨਲ (2023 ਵਨ ਡੇ ਵਿਸ਼ਵ ਕੱਪ)।’’
ਉਸ ਨੇ ਕਿਹਾ, ‘‘ਸੋਚਿਆ ਕਿ ਜੇਕਰ ਅਸੀਂ ਉਹ ਵੀ ਜਿੱਤ ਜਾਂਦੇ ਤਾਂ ਤਿੰਨ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਅਜੇਤੂ ਰਹਿੰਦੇ। ਅਜਿਹਾ ਕਦੇ ਸੁਣਿਆ ਹੀ ਨਹੀਂ ਹੈ। 24 ਵਿਚੋਂ 23 ਮੈਚ ਜਿੱਤਣਾ। ਬਾਹਰ ਤੋਂ ਇਹ ਬਹੁਤ ਚੰਗਾ ਲੱਗਦਾ ਹੈ ਪਰ ਇਸ ਟੀਮ ਨੇ ਕਾਫੀ ਉਤਾਰ-ਚੜਾਅ ਦੇਖੇ ਹਨ।’’
ਰੋਹਿਤ ਨੇ ਕਿਹਾ,‘‘ਅਸੀਂ ਮੁਸ਼ਕਿਲ ਸਮਾਂ ਵੀ ਦੇਖਿਆ ਹੈ ਪਰ ਫਿਰ ਤੁਹਾਨੂੰ ਜਸ਼ਨ ਮਨਾਉਣ ਦਾ ਮੌਕਾ ਵੀ ਮਿਲਿਆ। ਮੇਰਾ ਮੰਨਣਾ ਹੈ ਕਿ ਪਿਛਲੇ ਤਿੰਨ ਟੂਰਨਾਮੈਂਟ ਖੇਡਣ ਵਾਲਾ ਹਰ ਖਿਡਾਰੀ ਸਨਮਾਨ ਦਾ ਹੱਕਦਾਰ ਹੈ।’’