ਚੱਕਰਵਰਤੀ ਵਿਰੁੱਧ ਦਬਾਅ ਬਣਾਉਣ ਦੇ ਇਰਾਦੇ ਨਾਲ ਹੀ ਉਤਰਿਆ ਸੀ : ਮਿਲਰ
Tuesday, Feb 24, 2026 - 11:31 AM (IST)
ਅਹਿਮਦਾਬਾਦ– ਭਾਰਤ ਵਿਰੁੱਧ ਟੀ-20 ਵਿਸ਼ਵ ਕੱਪ ਸੁਪਰ-8 ਮੁਕਾਬਲੇ ’ਚ ਸਪਿੰਨਰ ਵਰੁਣ ਚੱਕਰਵਰਤੀ ਨੂੰ ਬੇਅਸਰ ਸਾਬਤ ਕਰਨ ਵਾਲੀ ਦੱਖਣੀ ਅਫਰੀਕਾ ਟੀਮ ਦੀ ਰਣਨੀਤੀ ਬਾਰੇ ਹਮਲਾਵਰ ਬੱਲੇਬਾਜ਼ ਡੇਵਿਡ ਮਿਲਰ ਨੇ ਕਿਹਾ ਕਿ ਇਸ ਦੇ ਲਈ ਸਿਰਫ ਸ਼ਾਂਤ ਦਿਮਾਗ, ਸੀਮਤ ਮੂਵਮੈਂਟ ਤੇ ਮਜ਼ਬੂਤ ਇਰਾਦੇ ਦੀ ਲੋੜ ਸੀ।
ਦੱਖਣੀ ਅਫਰੀਕਾ ਨੇ ਭਾਰਤ ਨੂੰ ਐਤਵਾਰ ਨੂੰ ਇਸ ਅਹਿਮ ਮੁਕਾਬਲੇ ’ਚ 76 ਦੌੜਾਂ ਨਾਲ ਹਰਾਇਆ। ਫਾਰਮ ’ਚ ਚੱਲ ਰਿਹਾ ਚੱਕਰਵਰਤੀ ਭਾਰਤ ਦਾ ‘ਟਰੰਪਕਾਰਡ’ ਮੰਨਿਆ ਜਾ ਰਿਹਾ ਸੀ ਪਰ ਉਸ ਨੇ 4 ਓਵਰਾਂ ’ਚ 47 ਦੌੜਾਂ ਦਿੱਤੀਆਂ। ਮਿਲਰ (35 ਗੇਂਦਾਂ ’ਚ 63 ਦੌੜਾਂ) ਤੇ ਡੇਵਾਲਡ ਬ੍ਰੇਵਿਸ (29 ਗੇਂਦਾਂ ’ਚ 45 ਦੌੜਾਂ) ਨੇ ਉਸ ਦੀਆਂ ਗੇਂਦਾਂ ਦਾ ਜੰਮ ਕੇ ਕੁਟਾਪਾ ਚਾੜ੍ਹਿਆ।
ਮਿਲਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਪੱਕਾ ਕਰਨ ਬਾਰੇ ਹੈ ਕਿ ਜੇਕਰ ਉਹ ਖਰਾਬ ਗੇਂਦ ਸੁੱਟਦਾ ਹੈ ਤਾਂ ਅਸੀਂ ਉਸ ਨੂੰ ਦੂਰ ਖੇਡ ਸਕੀਏ। ਗੇਂਦ ਜ਼ਿਆਦਾ ਸਪਿੰਨ ਵੀ ਨਹੀਂ ਹੋ ਰਹੀ ਸੀ ਤਾਂ ਇਹ ਸਹੀ ਰਣਨੀਤੀ ਸੀ।’’
ਉਸ ਨੇ ਕਿਹਾ, ‘‘ਇਕ ਵਾਰ ਫਿਰ ਸਾਨੂੰ ਲੱਗਿਆ ਕਿ ਉਸ ’ਤੇ ਦਬਾਅ ਬਣਾਉਣਾ ਜ਼ਰੂਰੀ ਹੈ ਕਿਉਂਕਿ ਉਹ ਹਰ ਵਿਰੋਧੀ ਟੀਮ ਲਈ ਖਤਰਾ ਸਾਬਤ ਹੁੰਦਾ ਹੈ। ਅਸੀਂ ਇਸ ’ਤੇ ਗੱਲ ਕੀਤੀ ਸੀ।’’
