ਐਸ਼ਵਰਿਆ ਨੇ ਤੀਹਰੀ ਛਾਲ ''ਚ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ

06/14/2022 4:39:16 PM

ਚੇਨਈ (ਏਜੰਸੀ)- ਕਰਨਾਟਕ ਦੀ ਬੀ ਐਸ਼ਵਰਿਆ ਨੇ ਨਹਿਰੂ ਸਟੇਡੀਅਮ 'ਚ ਚੱਲ ਰਹੀ 61ਵੀਂ ਰਾਸ਼ਟਰੀ ਅੰਤਰ-ਰਾਜੀ ਅਥਲੈਟਿਕਸ ਚੈਂਪੀਅਨਸ਼ਿਪ ਦੇ ਤੀਹਰੀ ਛਾਲ ਮੁਕਾਬਲੇ 'ਚ ਸੋਮਵਾਰ ਨੂੰ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਐਸ਼ਵਰਿਆ ਨੇ ਚੈਂਪੀਅਨਸ਼ਿਪ ਦੇ  ਤੀਹਰੀ ਛਾਲ ਮੁਕਾਬਲੇ ਵਿਚ 14.14 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਦੇ ਹੋਏ ਮਯੂਕਾ ਜੌਨੀ ਦੇ 14.11 ਮੀਟਰ ਦੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ, ਜੋ ਉਨ੍ਹਾਂ ਨੇ 9 ਜੁਲਾਈ, 2011 ਵਿਚ ਬਣਾਇਆ ਸੀ।

ਇਸ ਤੋਂ ਪਹਿਲਾਂ ਐਸ਼ਵਰਿਆ ਨੇ ਐਤਵਾਰ ਨੂੰ ਲੰਬੀ ਛਾਲ 'ਚ 6.73 ਮੀਟਰ ਦੀ ਕੋਸ਼ਿਸ਼ ਨਾਲ ਸੁਰਖੀਆਂ ਬਟੋਰੀਆਂ ਸਨ। ਐਸ਼ਵਰਿਆ ਨੇ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰਨ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ 13.84 ਦੀ ਛਾਲ ਮਾਰੀ। ਉਹ ਦੂਜੀ ਕੋਸ਼ਿਸ਼ 'ਚ 13.16 ਮੀਟਰ ਤੱਕ ਪਹੁੰਚੀ ਪਰ ਤੀਜੀ ਕੋਸ਼ਿਸ਼ 'ਚ ਐਸ਼ਵਰਿਆ ਨੇ 14.14 ਮੀਟਰ ਦੀ ਕੋਸ਼ਿਸ਼ ਨਾਲ ਮਯੂਕਾ ਦਾ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ। ਕੇ ਐੱਮ ਚੰਦਾ (ਦਿੱਲੀ) ਨੇ ਔਰਤਾਂ ਦੀ 800 ਮੀਟਰ ਦੀ ਫਾਈਨਲ ਦੌੜ ਨੂੰ 2:01.67 ਵਿੱਚ ਪੂਰਾ ਕੀਤਾ ਪਰ ਉਹ ਰਾਸ਼ਟਰਮੰਡਲ ਖੇਡਾਂ ਦੇ ਕੁਆਲੀਫਾਇੰਗ ਸਮੇਂ 2:00.83 ਤੋਂ ਪਿੱਛੇ ਰਹਿ ਗਈ।

ਇਸ ਤੋਂ ਇਲਾਵਾ ਹਰਿਆਣਾ ਦੇ ਕ੍ਰਿਸ਼ਨ ਕੁਮਾਰ ਨੇ 1:48.79 ਦੇ ਸਮੇਂ ਨਾਲ ਪੁਰਸ਼ਾਂ ਦੀ 800 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਿਆ। ਪੁਰਸ਼ਾਂ ਦੇ ਡਿਸਕਸ ਥਰੋਅ ਵਿੱਚ ਪੰਜਾਬ ਨੇ ਕਿਰਪਾਲ ਸਿੰਘ ਅਤੇ ਗਗਨਦੀਪ ਸਿੰਘ ਦੀ ਬਦੌਲਤ ਸੋਨ ਅਤੇ ਚਾਂਦੀ ਦੇ ਦੋਵੇਂ ਤਗਮੇ ਜਿੱਤੇ, ਜਦਕਿ ਔਰਤਾਂ ਦੇ ਡਿਸਕਸ ਥਰੋਅ ਵਿੱਚ ਨਵਜੀਤ ਕੌਰ ਢਿੱਲੋਂ ਨੇ ਸਟੇਟ ਨੂੰ ਸੋਨ ਤਗਮਾ ਦਿਵਾਇਆ। 4*400 ਮੀਟਰ ਮਿਕਸਡ ਰਿਲੇਅ ਦੌੜ ਵਿੱਚ ਇੰਡੀਆ ਏ ਦੇ ਐਂਕਰ ਅਮੋਜ਼ ਜੈਕਬ ਦੇ ਟਰੈਕ ਤੋਂ ਲੜਖੜਾ ਕੇ ਹਟਣ ਦੇ ਬਾਅਦ ਮੁਹੰਮਦ ਅਜਮਲ, ਰੂਪਲ ਚੌਧਰੀ, ਰਾਜੇਸ਼ ਰਮੇਸ਼ ਅਤੇ ਦਾਂਡੀ ਜਯੋਤਿਕਾ ਸ਼੍ਰੀ ਦੀ ਇੰਡੀਆ ਬੀ ਟੀਮ ਨੇ ਇਹ ਖ਼ਿਤਾਬ ਜਿੱਤਿਆ। ਭਾਰਤ ਏ ਟੀਮ ਦੇ ਹੋਰ ਮੈਂਬਰ ਨੌਆ ਨਿਰਮਲ ਟੌਮ, ਕਿਰਨ ਪਹਿਲ ਅਤੇ ਐਸ਼ਵਰਿਆ ਮਿਸ਼ਰਾ ਸਨ।


cherry

Content Editor

Related News