ਏਅਰਥਿੰਗਸ ਮਾਸਟਰਸ ਸ਼ਤਰੰਜ : ਪ੍ਰਗਿਆਨੰਦਾ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਨੂੰ ਹਰਾਇਆ
Tuesday, Feb 22, 2022 - 01:33 AM (IST)
ਚੇਨਈ (ਨਿਕਲੇਸ਼ ਜੈਨ)- ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੇ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਸ ਮਾਸਟਰਸ-2022 ਦੇ 8ਵੇਂ ਦੌਰ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ। ਪ੍ਰਗਿਆਨੰਦਾ ਨੇ ਸੋਮਵਾਰ ਦੀ ਸਵੇਰ ਖੇਡੀ ਗਈ ਬਾਜ਼ੀ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਕਾਰਲਸਨ ਨੂੰ 39 ਚਾਲਾਂ ਵਿਚ ਹਰਾਇਆ। ਉਸ ਨੇ ਇਸ ਤਰ੍ਹਾਂ ਨਾਲ ਕਾਰਲਸਨ ਦੀ ਜੇਤੂ ਮੁਹਿੰਮ 'ਤੇ ਵੀ ਰੋਕ ਲਾ ਦਿੱਤੀ, ਜਿਸ ਨੇ ਉਸ ਤੋਂ ਪਹਿਲਾਂ ਲਗਾਤਾਰ 3 ਬਾਜ਼ੀਆਂ ਜਿੱਤੀਆਂ ਸਨ।
ਇਹ ਖ਼ਬਰ ਪੜ੍ਹੋ- IND v WI : ਵਿੰਡੀਜ਼ ਟੀਮ ਦੇ ਨਾਂ ਜੁੜੇ ਟੀ20 ਦੇ ਇਹ ਖਰਾਬ ਰਿਕਾਰਡ
ਭਾਰਤੀ ਗ੍ਰੈਂਡ ਮਾਸਟਰ ਦੇ ਇਸ ਜਿੱਤ ਨਾਲ 8 ਅੰਕ ਹੋ ਗਏ ਹਨ ਅਤੇ ਉਹ 8ਵੇਂ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ ਹੈ। ਪਿਛਲੇ ਦੌਰ ਦੀਆਂ ਬਾਜ਼ੀਆਂ ਵਿਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਾ ਕਰ ਸਕਣ ਵਾਲੇ ਪ੍ਰਗਿਆਨੰਦਾ ਦੀ ਕਾਰਲਸਨ ਵਿਰੁੱਧ ਜਿੱਤ ਹੈਰਾਨੀਜਨਕ ਰਹੀ। ਉਸ ਨੇ ਇਸ ਤੋਂ ਪਹਿਲਾਂ ਸਿਰਫ ਲੇਵੋਨ ਆਰੋਨੀਅਨ ਵਿਰੁੱਧ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਪ੍ਰਗਿਆਨੰਦਾ ਨੇ ਦੋ ਬਾਜ਼ੀਆਂ ਡਰਾਅ ਖੇਡੀਆਂ ਜਦਕਿ ਚਾਰ ਬਾਜ਼ੀਆਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਅਨੀਸ਼ ਗਿਰੀ ਅਤੇ ਕਾਂਗ ਲੀਮ ਵਿਰੁੱਧ ਬਾਜ਼ੀਆਂ ਡਰਾਅ ਕਰਵਾਈਆਂ ਜਦਕਿ ਐਰਿਕ ਹੈਨਸੇਨ, ਡਿੰਗ ਲੀਰੇਨ, ਜਾਨ ਕ੍ਰਿਸਟੋਫ ਡੂਡਾ ਅਤੇ ਸ਼ਖਰਿਆਰ ਮਾਮੇਦਯਾਰੋਵ ਤੋਂ ਉਸ ਨੂੰ ਹਾਰ ਝੱਲਣੀ ਪਈ ਸੀ।
ਇਹ ਖ਼ਬਰ ਪੜ੍ਹੋ- ਏਅਰਥਿੰਗਸ ਮਾਸਟਰਸ ਸ਼ਤਰੰਜ ਟੂਰਨਾਮੈਂਟ : ਡਿੰਗ ਲੀਰੇਨ ਦੇ ਨਾਂ ਰਿਹਾ ਪਹਿਲਾ ਦਿਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।