T20 WC : ਸ਼੍ਰੀਲੰਕਾ ਖ਼ਿਲਾਫ਼ ਸ਼ਾਨਦਾਰ ਇਤਿਹਾਸਕ ਜਿੱਤ ਤੋਂ ਬਾਅਦ ਨਾਮੀਬੀਆ ਦੇ ਕਪਤਾਨ ਨੇ ਪ੍ਰਗਟਾਏ ਆਪਣੇ ਵਿਚਾਰ
Sunday, Oct 16, 2022 - 03:57 PM (IST)
ਸਪੋਰਟਸ ਡੈਸਕ— ਨਾਮੀਬੀਆ ਨੇ ਗੀਲੋਂਗ ਦੇ ਸਿਮੰਡਸ ਸਟੇਡੀਅਮ 'ਚ ਸ਼੍ਰੀਲੰਕਾ ਖਿਲਾਫ ਖੇਡੇ ਗਏ ਪਹਿਲੇ ਟੀ-20 ਵਿਸ਼ਵ ਕੱਪ ਗਰੁੱਪ-ਏ ਮੈਚ 'ਚ 55 ਦੌੜਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਮੈਚ ਤੋਂ ਬਾਅਦ ਨਾਮੀਬੀਆ ਦੇ ਕਪਤਾਨ ਗੇਰਹਾਰਡ ਇਰਾਸਮਸ ਨੇ ਕਿਹਾ, ''ਅਸੀਂ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਪਰ ਪੂਰੇ ਟੂਰਨਾਮੈਂਟ 'ਚ ਅਜੇ ਕਾਫੀ ਕੰਮ ਕਰਨਾ ਬਾਕੀ ਹੈ।
ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਇਰਾਸਮਸ ਨੇ ਕਿਹਾ, ''ਅਵਿਸ਼ਵਾਸ਼ਯੋਗ ਸਫਰ, ਪਿਛਲਾ ਸਾਲ ਸਾਡੇ ਲਈ ਖਾਸ ਤਜਰਬਾ ਰਿਹਾ। ਅਸੀਂ ਇਸ ਵਾਰ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕੀਤੀ ਹੈ ਪਰ ਇਸ ਪੂਰੇ ਟੂਰਨਾਮੈਂਟ 'ਚ ਅਜੇ ਕਾਫੀ ਕੰਮ ਕਰਨਾ ਬਾਕੀ ਹੈ। ਇਹ ਸਾਡੇ ਲਈ ਇੱਕ ਇਤਿਹਾਸਕ ਦਿਨ ਹੈ। ਸ਼ੁਰੂਆਤੀ ਦਿਨ ਬਹੁਤ ਖਾਸ ਰਿਹਾ ਹੈ ਪਰ ਅਸੀਂ ਇੱਥੋਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ ਅਤੇ ਸੁਪਰ 12 ਪੜਾਅ ਲਈ ਕੁਆਲੀਫਾਈ ਕਰਨਾ ਚਾਹੁੰਦੇ ਹਾਂ। ਅਸੀਂ ਵੱਡੀ ਤਸਵੀਰ ਨੂੰ ਵੀ ਸਮਝਦੇ ਹਾਂ। ਇਸ ਜਿੱਤ ਦਾ ਸਿਹਰਾ ਪਿਅਰੇ (ਡੀ ਬਰੂਇਨ) ਨੂੰ ਜਾਂਦਾ ਹੈ। ਉਸ ਨੇ ਟੀਮ ਦੀ ਚੰਗੀ ਕੋਚਿੰਗ ਕੀਤੀ ਹੈ। ਇਹ ਇਕ ਜਿੱਤਣ ਵਾਲਾ ਵਿਰਸਾ ਹੈ ਅਤੇ ਇੱਕਠੇ ਰਹਿੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਸੀਮਤ ਸਰੋਤਾਂ ਦੇ ਨਾਲ ਕੋਈ ਹੋਰ ਇੰਨਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਰੋਜ਼ੀ ਮੀਨਾ ਪਾਲਰਾਜ ਨੇ ਇੱਕ ਵਾਰ ਫਿਰ ਮਹਿਲਾਵਾਂ ਦੇ ਪੋਲ ਵਾਲਟ ਵਿੱਚ ਕੌਮੀ ਰਿਕਾਰਡ ਕੀਤਾ ਆਪਣੇ ਨਾਂ
ਨਾਮੀਬੀਆ ਤੋਂ ਮਿਲੇ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਸ਼ੁਰੂਆਤ ਖਰਾਬ ਰਹੀ। ਉਸ ਨੇ ਕੁਸਲ ਮੈਂਡਿਸ (6), ਪਾਥੁਮ ਨਿਸਾਨਕਾ (9) ਅਤੇ ਦਾਨੁਸ਼ਕਾ ਗੁਣਾਤਿਲਾ (0) ਦੀਆਂ ਮਹੱਤਵਪੂਰਨ ਵਿਕਟਾਂ ਸਿਰਫ 21 ਦੌੜਾਂ 'ਤੇ ਗੁਆ ਦਿੱਤੀਆਂ। ਹਾਲਾਂਕਿ ਇਸ ਤੋਂ ਬਾਅਦ ਧਨੰਜੇ ਡੀ ਸਿਲਵਾ ਅਤੇ ਭਾਨੁਕਾ ਰਾਜਪਕਸ਼ੇ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਨਾਮੀਬੀਆ ਦੇ ਖਿਲਾਫ ਬੇਵੱਸ ਨਜ਼ਰ ਆਏ ਅਤੇ 7ਵੇਂ ਓਵਰ 'ਚ ਡੀ ਸਿਲਵਾ ਅਤੇ 11ਵੇਂ ਓਵਰ 'ਚ ਰਾਜਪਕਸ਼ੇ ਆਊਟ ਹੋ ਗਏ। ਇਸ ਤੋਂ ਬਾਅਦ ਵੀ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਟੀਮ 19 ਓਵਰਾਂ 'ਚ 108 ਦੌੜਾਂ 'ਤੇ ਢੇਰ ਹੋ ਗਈ। ਡੇਵਿਡ ਵਿਸੇ, ਬਰਨਾਰਡ ਸ਼ੋਲਟਜ਼, ਬੇਨ ਸ਼ਿਕੋਂਗੋ ਅਤੇ ਜਾਨ ਫਰੀਲਿੰਕ ਨੇ 2-2 ਵਿਕਟਾਂ ਲਈਆਂ ਜਦਕਿ ਜੇ ਜੇ ਸਮਿਟੋ ਨੂੰ ਇਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਨਾਮੀਬੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਬੁਲਾਇਆ। ਜੇਨ ਫ੍ਰੀਲਿੰਕ (44) ਅਤੇ ਜੇ ਜੇ ਸਮਿਟ (ਅਜੇਤੂ 31) ਦਰਮਿਆਨ 70 ਦੌੜਾਂ ਦੀ ਵਿਸਫੋਟਕ ਸਾਂਝੇਦਾਰੀ ਦੀ ਮਦਦ ਨਾਲ ਨਾਮੀਬੀਆ ਨੇ ਐਤਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਗਰੁੱਪ ਏ ਮੈਚ ਵਿੱਚ ਸ਼੍ਰੀਲੰਕਾ ਦੇ ਸਾਹਮਣੇ 164 ਦੌੜਾਂ ਦਾ ਟੀਚਾ ਰੱਖਿਆ। ਫਰੀਲਿੰਕ ਨੇ 28 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ ਜਦਕਿ ਸਮਿਟ ਨੇ 16 ਗੇਂਦਾਂ 'ਤੇ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 31 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਨਾਮੀਬੀਆ ਨੂੰ 20 ਓਵਰਾਂ 'ਚ 163/7 ਦੇ ਸਕੋਰ ਤਕ ਪਹੁੰਚਾਇਆ। ਸ਼੍ਰੀਲੰਕਾ ਵਲੋਂ ਪ੍ਰਮੋਦ ਮਦੁਸ਼ਾਨੀ ਨੇ 2 ਵਿਕਟਾਂ ਲਈਆਂ ਜਦਕਿ ਦਿਕਸ਼ਾਨਾ, ਚਮੀਰਾ, ਕਰੁਣਾਰਤਨੇ ਅਤੇ ਹਸਾਰੰਗਾ ਨੇ ਇਕ-ਇਕ ਵਿਕਟ ਲਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।