ਉਭਰਦੇ ਸਟਾਰ ਕ੍ਰਿਕਟਰ ਦਾ ਹੋਇਆ ਦੇਹਾਂਤ, ਖੇਡ ਜਗਤ ''ਚ ਫੈਲੀ ਸੋਗ ਦੀ ਲਹਿਰ
Sunday, Oct 25, 2026 - 02:37 PM (IST)
ਸਪੋਰਟਸ ਡੈਸਕ- ਬੰਗਲਾਦੇਸ਼ ਦੇ ਉਭਰਦੇ ਨੌਜਵਾਨ ਕ੍ਰਿਕਟਰ ਮਹਿਦੀ ਹਸਨ ਹਿਰਦੋਏ ਦਾ ਮਹਿਜ਼ 18 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲਿਊਕੇਮੀਆ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। 24 ਅਕਤੂਬਰ ਨੂੰ ਇਲਾਜ ਦੌਰਾਨ ਉਨ੍ਹਾਂ ਨੇ ਅੰਤਿਮ ਸਾਹ ਲਿਆ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਢਾਕਾ ਲਿਜਾਇਆ ਜਾ ਰਿਹਾ ਸੀ, ਜਦੋਂ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਚਲਾਣੇ ਨਾਲ ਬੰਗਲਾਦੇਸ਼ ਦੇ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਹੈ ਅਤੇ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮਹਿਦੀ ਹਸਨ ਹਿਰਦੋਏ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਨ ਅਤੇ ਚਟਗਾਂਵ ਡਿਵੀਜ਼ਨ ਦੀ ਅੰਡਰ-18 ਟੀਮ ਦੀ ਨੁਮਾਇੰਦਗੀ ਕਰ ਚੁੱਕੇ ਸਨ। ਛੋਟੀ ਉਮਰ ਵਿੱਚ ਉਨ੍ਹਾਂ ਦੇ ਦਿਹਾਂਤ ਨਾਲ ਖੇਡ ਪ੍ਰਸ਼ੰਸਕਾਂ ਅਤੇ ਕ੍ਰਿਕਟ ਨਾਲ ਜੁੜੇ ਲੋਕਾਂ ਵਿੱਚ ਦੁੱਖ ਦਾ ਮਾਹੌਲ ਹੈ। ਹਿਰਦੋਏ ਦੇ ਇਲਾਜ ਲਈ ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਸੀ। 2 ਜੁਲਾਈ ਨੂੰ ਯੂਥ ਅਤੇ ਖੇਡ ਰਾਜ ਮੰਤਰੀ ਅਮੀਨੁਲ ਹੱਕ ਨੇ ਬੀ.ਸੀ.ਬੀ. ਦਫ਼ਤਰ ਵਿਖੇ ਹਿਰਦੋਏ ਦੇ ਪਿਤਾ ਅਬੁਲ ਕਾਸਿਮ ਨੂੰ 5 ਲੱਖ ਟਕਾ ਦਾ ਚੈੱਕ ਸੌਂਪਿਆ ਸੀ। ਗੰਭੀਰ ਬੀਮਾਰੀ ਨਾਲ ਜੂਝ ਰਹੇ ਇਸ ਨੌਜਵਾਨ ਖਿਡਾਰੀ ਨੂੰ ਬਚਾਉਣ ਦੇ ਤਮਾਮ ਯਤਨਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
