ਰਣਜੀ ਟਰਾਫੀ ਦੇ ਦੂਜੇ ਦੌਰ ’ਚ ਇਸ ਧਾਕੜ ਖਿਡਾਰੀ ’ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ

Sunday, Oct 18, 2026 - 10:18 AM (IST)

ਰਣਜੀ ਟਰਾਫੀ ਦੇ ਦੂਜੇ ਦੌਰ ’ਚ ਇਸ ਧਾਕੜ ਖਿਡਾਰੀ ’ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ

ਮੁੱਲਾਂਪੁਰ : ਭਾਰਤ ਦੇ ਟੈਸਟ ਤੇ ਵਨ ਡੇ ਕਪਤਾਨ ਸ਼ੁਭਮਨ ਗਿੱਲ ਦੀ ਪੰਜਾਬ ਟੀਮ ਵੱਲੋਂ ਰਣਜੀ ਟਰਾਫੀ ’ਚ ਵਾਪਸੀ ਐਤਵਾਰ ਤੋਂ ਦੇਸ਼ ਭਰ ’ਚ ਸ਼ੁਰੂ ਹੋਣ ਵਾਲੇ ਇਸ ਘਰੇਲੂ ਪਹਿਲੇ ਦਰਜੇ ਦੇ ਟੂਰਨਾਮੈਂਟ ਦੇ ਦੂਜੇ ਦੌਰ ਦਾ ਮੁੱਖ ਖਿੱਚ ਦਾ ਕੇਂਦਰ ਹੋਵੇਗੀ। ਗਿੱਲ ਪੰਜਾਬ ਦੇ ਪਹਿਲੇ ਦੌਰ ਦੇ ਮੈਚ ’ਚ ਨਹੀਂ ਖੇਡ ਸਕਿਆ ਸੀ। ਉਸ ਦੀ ਗੈਰ-ਹਾਜ਼ਰੀ ’ਚ ਭਾਰਤ ਦੀ ਅੰਡਰ-19 ਟੀਮ ਦੇ ਸਾਬਕਾ ਕਪਤਾਨ ਉਦੇ ਸਹਾਰਨ ਨੇ ਟੀਮ ਦੀ ਕਪਤਾਨੀ ਕੀਤੀ ਸ। ਇਸ ਮੈਚ ’ਚ ਪੰਜਾਬ ਨੇ ਅਸਾਮ ਵਿਰੁੱਧ ਪਹਿਲੀ ਪਾਰੀ ’ਚ ਬੜ੍ਹਤ ਦੇ ਆਧਾਰ ’ਤੇ 3 ਅੰਕ ਹਾਸਲ ਕੀਤੇ ਸਨ। ਸੈਸ਼ਨ ਦੇ ਦੂਜੇ ਦੌਰ ’ਚ ਪੰਜਾਬ ਦਾ ਸਾਹਮਣਾ ਛੱਤੀਸਗੜ੍ਹ ਨਾਲ ਹੋਵੇਗਾ।

ਗਿੱਲ ਦਾ ਹਾਲ ਹੀ ’ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਸ ਨੇ ਵੈਸਟਇੰਡੀਜ਼ ਵਿਰੁੱਧ ਵਨ ਡੇ ਲੜੀ ’ਚ 334 ਦੌੜਾਂ ਬਣਾਈਆਂ ਸਨ। ਗਿੱਲ ਨੇ ਦੂਜੇ ਵਨ ਡੇ ’ਚ 133 ਗੇਂਦਾਂ ’ਤੇ ਅਜੇਤੂ 223 ਦੌੜਾਂ ਬਣਾਈਆਂ ਅਤੇ ਇਸ ਫਾਰਮੈੱਟ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜੇ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ।

ਗਰੁੱਪ-ਬੀ ਦੇ ਇਕ ਹੋਰ ਮੁਕਾਬਲੇ ’ਚ ਕਰਨਾਟਕ ਆਲਰਾਊਂਡਰ ਸ਼੍ਰੇਅਸ ਗੋਪਾਲ ਦੀ ਅਗਵਾਈ ’ਚ ਅਲੂਰ ’ਚ ਸੌਰਾਸ਼ਟਰ ਦਾ ਸਾਹਮਣਾ ਕਰੇਗਾ। ਇਸ ਮੈਚ ’ਚ ਉਸ ਨੂੰ ਬੱਲੇਬਾਜ਼ ਰਵੀਚੰਦਰਨ ਸਮਰਣ ਦੀ ਕਮੀ ਮਹਿਸੂਸ ਹੋਵੇਗੀ ਜਿਸ ਨੂੰ ਨਿਊਜ਼ੀਲੈਂਡ ਦੌਰੇ ਲਈ ਭਾਰਤ-ਏ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਕਰਨਾਟਕ ਨੂੰ ਹਾਲਾਂਕਿ ਸੱਟ ਤੋਂ ਉੱਭਰਨ ਵਾਲੇ ਪ੍ਰਮੁੱਖ ਤੇਜ਼ ਗੇਂਦਬਾਜ਼ ਵਿਦਵਥ ਕਾਵੇਰੱਪਾ ਅਤੇ ਵੈਸ਼ਾਖ ਵਿਜੇਕੁਮਾਰ ਦੀ ਵਾਪਸੀ ਨਾਲ ਮਜ਼ਬੂਤੀ ਮਿਲੇਗੀ। ਗਰੁੱਪ-ਬੀ ’ਚ ਚੋਟੀ ’ਤੇ ਕਾਬਜ਼ ਹੈਦਰਾਬਾਦ ਦੀ ਟੀਮ ਆਂਧਰਾ ਵਿਰੁੱਧ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਉਸ ਨੇ ਪਹਿਲੇ ਮੈਚ ’ਚ ਤ੍ਰਿਪੁਰਾ ਨੂੰ ਪਾਰੀ ਤੇ 40 ਦੌੜਾਂ ਨਾਲ ਹਰਾ ਕੇ ਬੋਨਸ ਅੰਕ ਹਾਸਲ ਕੀਤਾ ਸੀ।

ਗਰੁੱਪ-ਡੀ ’ਚ ਮੁੰਬਈ ਦੀ ਟੀਮ ਹਿਮਾਚਲ ਪ੍ਰਦੇਸ਼ ਵਿਰੁੱਧ ਉਪ ਕਪਤਾਨ ਅਤੇ ਸਲਾਮੀ ਬੱਲੇਬਾਜ਼ ਆਯੂਸ਼ ਮਹਾਤ੍ਰੇ ਤੋਂ ਬਿਨਾਂ ਖੇਡੇਗੀ ਜਿਹੜਾ ਜ਼ਖ਼ਮੀ ਹੈ। ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਵੀ ਇਸ ਮੈਚ ’ਚ ਨਹੀਂ ਖੇਡ ਸਕੇਗਾ ਕਿਉਂਕਿ ਉਹ ਨਿਊਜ਼ੀਲੈਂਡ ਦੌਰੇ ਲਈ ਭਾਰਤ-ਏ ਟੀਮ ਦਾ ਹਿੱਸਾ ਹੈ। ਮੁੰਬਈ ਨੇ ਦਿਵਿਆਂਸ਼ ਸਕਸੈਨਾ ਅਤੇ ਅੰਗਕ੍ਰਿਸ਼ ਰਘੂਵੰਸ਼ੀ ਨੂੰ ਟੀਮ ’ਚ ਸ਼ਾਮਲ ਕੀਤਾ ਹੈ। ਮਹਾਤ੍ਰੇ ਅਤੇ ਜਾਇਸਵਾਲ ਦੀ ਗੈਰ-ਹਾਜ਼ਰੀ ’ਚ ਮੁੰਬਈ ਨੂੰ ਮੱਧਕ੍ਰਮ ਦੇ ਬੱਲੇਬਾਜ਼ ਸਰਫਰਾਜ਼ ਖਾਨ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਗਰੁੱਪ-ਸੀ ’ਚ ਦਿੱਲੀ ਤੇ ਸੈਨਾ ਦੀ ਟੀਮ ਆਪਣੇ ਸ਼ੁਰੂਆਤੀ ਮੈਚਾਂ ’ਚ ਮਿਲੀ ਹਾਰ ਤੋਂ ਉੱਭਰਨ ਦੀ ਕੋਸ਼ਿਸ਼ ਕਰਨਗੀਆਂ। ਉਨ੍ਹਾਂ ਦਾ ਸਾਹਮਣਾ ਕ੍ਰਮਵਾਰ ਗੁਜਰਾਤ ਅਤੇ ਬੰਗਾਲ ਨਾਲ ਹੋਵੇਗਾ। ਗੁਜਰਾਤ ਤੇ ਬੰਗਾਲ ਨੇ ਆਪਣੇ ਪਹਿਲੇ ਮੈਚਾਂ ’ਚ ਜਿੱਤ ਹਾਸਲ ਕੀਤੀ ਸੀ। ਬੰਗਾਲ ਨੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਨੂੰ 9 ਵਿਕਟਾਂ ਨਾਲ ਹਰਾਇਆ ਸੀ।

ਗਰੁੱਪ-ਏ ’ਚ ਉੱਤਰ ਪ੍ਰਦੇਸ਼ ਨੇ ਬਿਹਾਰ ਨੂੰ ਪਾਰੀ ਤੇ 267 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਸ ਦਾ ਮੁਕਾਬਲਾ ਗੋਆ ਨਾਲ ਹੋਵੇਗਾ। ਦੂਜੇ ਪਾਸੇ ਗੋਆ ਆਪਣੇ ਪਹਿਲੇ ਮੈਚ ’ਚ ਬੜੌਦਾ ਵਿਰੁੱਧ ਪਾਰੀ ਤੇ 135 ਦੌੜਾਂ ਦੀ ਹਾਰ ਤੋਂ ਉੱਭਰਨ ਦੀ ਕੋਸ਼ਿਸ਼ ਕਰੇਗਾ। ਪਲੇਟ ਗਰੁੱਪ ’ਚ ਤਜ਼ਰਬੇਕਾਰ ਘਰੇਲੂ ਕ੍ਰਿਕਟਰ ਨੀਲਮ ਓਬੀ ਸਿੱਕਮ ਵਿਰੁੱਧ ਅਰੁਣਾਚਲ ਪ੍ਰਦੇਸ਼ ਦੀ ਕਪਤਾਨੀ ਕਰੇਗਾ। ਅਰੁਣਾਚਲ ਰਾਜ ਕ੍ਰਿਕਟ ਸੰਘ ’ਚ ਪ੍ਰਸ਼ਾਸਨਿਕ ਸੰਕਟ ਕਰਕੇ ਆਪਣਾ ਪਹਿਲੇ ਦੌਰ ਦਾ ਮੈਚ ਨਹੀਂ ਖੇਡ ਸਕਿਆ ਸੀ।


author

SATPAL

Content Editor

Related News