IPL 2027 ਤੋਂ ਪਹਿਲਾਂ CSK ਦਾ ਵੱਡਾ ਦਾਅ: ਇਸ ਦਿੱਗਜ ਖਿਡਾਰੀ ਦੀ ਹੋਈ ਟੀਮ ''ਚ ਐਂਟਰੀ
Monday, Oct 26, 2026 - 09:11 PM (IST)
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) 2027 ਦੇ ਆਗਾਜ਼ ਤੋਂ ਪਹਿਲਾਂ ਪੰਜ ਵਾਰ ਦੀ ਚੈਂਪੀਅਨ ਟੀਮ ਚੇਨਈ ਸੁਪਰ ਕਿੰਗਜ਼ (CSK) ਨੇ ਆਪਣੇ ਕੋਚਿੰਗ ਸਟਾਫ਼ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਟੀਮ ਨੇ ਇੰਗਲੈਂਡ ਦੇ ਸਾਬਕਾ ਦਿੱਗਜ ਕ੍ਰਿਕਟਰ ਗੈਰੇਥ ਬੈਟੀ ਨੂੰ ਚੇਨਈ ਸੁਪਰ ਕਿੰਗਜ਼ ਦਾ ਨਵਾਂ ਸਹਾਇਕ ਕੋਚ (ਅਸਿਸਟੈਂਟ ਕੋਚ) ਨਿਯੁਕਤ ਕੀਤਾ ਹੈ। ਬੈਟੀ ਹੁਣ ਟੀਮ ਦੇ ਮੁੱਖ ਕੋਚ ਜ਼ਹੀਰ ਖ਼ਾਨ ਦੇ ਨਾਲ ਮਿਲ ਕੇ CSK ਦੀ ਕਮਾਨ ਸੰਭਾਲਦੇ ਹੋਏ ਨਜ਼ਰ ਆਉਣਗੇ।
ਇੰਗਲੈਂਡ ਦੇ ਘਰੇਲੂ ਕ੍ਰਿਕਟ 'ਚ ਸਰੀ ਕਾਊਂਟੀ ਕ੍ਰਿਕਟ ਕਲੱਬ (Surrey) ਦੇ ਹੈੱਡ ਕੋਚ ਵਜੋਂ ਗੈਰੇਥ ਬੈਟੀ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੀ ਅਗਵਾਈ 'ਚ ਸਰੀ ਦੀ ਟੀਮ ਨੇ 2022 ਤੋਂ 2024 ਤੱਕ ਲਗਾਤਾਰ ਤਿੰਨ ਸਾਲ ਕਾਊਂਟੀ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਕੇ ਹੈਟ੍ਰਿਕ ਲਗਾਈ ਸੀ। ਲਗਭਗ 60 ਸਾਲਾਂ ਦੇ ਇਤਿਹਾਸ 'ਚ ਲਗਾਤਾਰ ਤਿੰਨ ਵਾਰ ਇਹ ਟਰਾਫ਼ੀ ਜਿੱਤਣ ਵਾਲਾ ਸਰੀ ਪਹਿਲਾ ਕਲੱਬ ਬਣਿਆ ਸੀ। ਹੁਣ ਸਰੀ ਨਾਲ ਆਪਣਾ 21 ਸਾਲ ਪੁਰਾਣਾ ਨਾਤਾ ਤੋੜ ਕੇ ਬੈਟੀ IPL 'ਚ ਚੇਨਈ ਦੀ ਟੀਮ ਨਾਲ ਜੁੜਨ ਲਈ ਪੂਰੀ ਤਰ੍ਹਾਂ ਤਿਆਰ ਹਨ।
13 ਅਕਤੂਬਰ 1977 ਨੂੰ ਬ੍ਰੈਡਫ਼ੋਰਡ (ਯੌਰਕਸ਼ਾਇਰ) 'ਚ ਜਨਮੇ ਗੈਰੇਥ ਬੈਟੀ ਸੱਜੇ ਹੱਥ ਦੇ ਆਫ਼-ਸਪਿਨਰ ਰਹੇ ਹਨ। ਆਪਣੇ 24 ਸਾਲ ਲੰਬੇ ਪੇਸ਼ੇਵਰ ਕ੍ਰਿਕਟ ਕੈਰੀਅਰ 'ਚ ਉਨ੍ਹਾਂ ਨੇ 700 ਤੋਂ ਵੱਧ ਮੈਚ ਖੇਡੇ, ਜਿਨ੍ਹਾਂ 'ਚ ਸਾਰੇ ਫਾਰਮੈਟ ਮਿਲਾ ਕੇ 1,000 ਤੋਂ ਵੱਧ ਵਿਕਟਾਂ ਝਟਕਾਈਆਂ ਅਤੇ ਹੇਠਲੇ ਕ੍ਰਮ 'ਚ ਬੱਲੇਬਾਜ਼ੀ ਕਰਦਿਆਂ 10,000 ਤੋਂ ਵੱਧ ਦੌੜਾਂ ਵੀ ਬਣਾਈਆਂ। ਇਕੱਲੇ ਸਰੀ ਕਲੱਬ ਲਈ ਖੇਡਦਿਆਂ ਉਨ੍ਹਾਂ ਨੇ 500 ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ।
ਬੈਟੀ ਨੇ 2002 ਤੋਂ 2016 ਵਿਚਕਾਰ ਇੰਗਲੈਂਡ ਲਈ 20 ਅੰਤਰਰਾਸ਼ਟਰੀ ਮੈਚ (9 ਟੈਸਟ, 10 ਇੱਕ ਰੋਜ਼ਾ ਅਤੇ 1 ਟੀ-20) ਖੇਡੇ। ਉਨ੍ਹਾਂ ਨੇ ਆਪਣਾ ਟੈਸਟ ਡੈਬਿਊ 2003 'ਚ ਬੰਗਲਾਦੇਸ਼ ਖ਼ਿਲਾਫ਼ ਕੀਤਾ ਸੀ ਅਤੇ 39 ਸਾਲ ਦੀ ਉਮਰ 'ਚ 2016 'ਚ ਟੈਸਟ ਟੀਮ 'ਚ ਵਾਪਸੀ ਕਰਦਿਆਂ ਆਪਣਾ ਆਖਰੀ ਟੈਸਟ ਮੈਚ ਭਾਰਤ ਖ਼ਿਲਾਫ਼ ਮੋਹਾਲੀ ਵਿਖੇ ਖੇਡਿਆ ਸੀ। ਸਾਲ 2021 'ਚ ਸੰਨਿਆਸ ਲੈਣ ਤੋਂ ਬਾਅਦ 2022 'ਚ ਉਨ੍ਹਾਂ ਨੂੰ ਸਰੀ ਦਾ ਹੈੱਡ ਕੋਚ ਬਣਾਇਆ ਗਿਆ ਸੀ।
