ਹੁਣ ਮੈਂ ਪਹਿਲੀ ਹੀ ਗੇਂਦ ਤੋਂ ਚੌਕੇ-ਛੱਕੇ ਲਗਾਉਣ ਬਾਰੇ ਸੋਚਦਾ ਹਾਂ: ਤਿਲਕ ਵਰਮਾ
Thursday, Oct 29, 2026 - 04:15 PM (IST)
ਆਕਲੈਂਡ : ਭਾਰਤੀ ਟੀ-20 ਟੀਮ ਦੇ ਉਪ-ਕਪਤਾਨ ਤਿਲਕ ਵਰਮਾ ਨੇ ਕਿਹਾ ਹੈ ਕਿ ਬੱਲੇਬਾਜ਼ੀ ਕ੍ਰਮ ਵਿੱਚ ਤੀਜੇ ਤੋਂ ਪੰਜਵੇਂ ਨੰਬਰ 'ਤੇ ਆਉਣ ਤੋਂ ਬਾਅਦ ਉਨ੍ਹਾਂ ਦੀ ਮਾਨਸਿਕਤਾ ਵਿੱਚ ਵੱਡਾ ਬਦਲਾਅ ਆਇਆ ਹੈ। ਹੁਣ ਉਹ ਕ੍ਰੀਜ਼ 'ਤੇ ਸੈੱਟ ਹੋਣ ਲਈ ਸਮਾਂ ਬਿਤਾਉਣ ਦੀ ਬਜਾਏ ਪਹਿਲੀ ਹੀ ਗੇਂਦ ਤੋਂ ਚੌਕੇ-ਛੱਕੇ ਲਗਾਉਣ ਦੀ ਰਣਨੀਤੀ ਨਾਲ ਮੈਦਾਨ ਵਿੱਚ ਉੱਤਰਦੇ ਹਨ।
ਨਿਊਜ਼ੀਲੈਂਡ ਖ਼ਿਲਾਫ਼ ਚੌਥੇ ਟੀ-20 ਮੈਚ ਤੋਂ ਪਹਿਲਾਂ ਗੱਲਬਾਤ ਕਰਦਿਆਂ ਤਿਲਕ ਵਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਵੀ ਪਾਵਰ-ਹੀਟਿੰਗ ਗੇਮ ਸੀ ਅਤੇ ਉਨ੍ਹਾਂ ਨੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਵੀ ਦੌੜਾਂ ਬਣਾਈਆਂ ਹਨ। ਪਰ ਹੁਣ ਪੰਜਵੇਂ ਜਾਂ ਛੇਵੇਂ ਨੰਬਰ 'ਤੇ ਖੇਡਦਿਆਂ ਉਨ੍ਹਾਂ ਦੀ ਸੋਚ ਪਹਿਲੀ ਹੀ ਗੇਂਦ ਤੋਂ ਆਕ੍ਰਾਮਕ ਸ਼ਾਟ ਖੇਡਣ ਦੀ ਹੁੰਦੀ ਹੈ, ਜਦਕਿ ਪਹਿਲਾਂ ਉਹ ਸਿੰਗਲ-ਡਬਲ ਲੈ ਕੇ ਆਪਣੀ ਪਾਰੀ ਦੀ ਸ਼ੁਰੂਆਤ ਕਰਦੇ ਸਨ।
ਪਿਛਲੇ ਇੱਕ ਸਾਲ ਵਿੱਚ ਟੀਚੇ ਦਾ ਪਿੱਛਾ ਕਰਨ ਵਿੱਚ ਮਾਹਰ ਹੋਏ ਤਿਲਕ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੀ-20 ਮੈਚ ਵਿੱਚ ਨੀਤੀਸ਼ ਕੁਮਾਰ ਰੈੱਡੀ ਨਾਲ ਮਿਲ ਕੇ ਭਾਰਤ ਨੂੰ ਸੰਕਟ ਵਿੱਚੋਂ ਕੱਢਿਆ ਸੀ। ਫਿਲਹਾਲ ਪੰਜ ਮੈਚਾਂ ਦੀ ਲੜੀ ਵਿੱਚ ਭਾਰਤ 3-0 ਨਾਲ ਅੱਗੇ ਚੱਲ ਰਿਹਾ ਹੈ। ਡੈੱਥ ਓਵਰਾਂ ਵਿੱਚ ਗੇਂਦਬਾਜ਼ਾਂ ਦੇ ਮਨੋਵਿਗਿਆਨ ਬਾਰੇ ਬੋਲਦਿਆਂ ਤਿਲਕ ਨੇ ਕਿਹਾ ਕਿ ਆਖ਼ਰੀ ਓਵਰਾਂ ਵਿੱਚ ਬੱਲੇਬਾਜ਼ ਨਾਲੋਂ ਗੇਂਦਬਾਜ਼ 'ਤੇ ਜ਼ਿਆਦਾ ਦਬਾਅ ਹੁੰਦਾ ਹੈ। ਉਨ੍ਹਾਂ ਦੇ ਦਿਮਾਗ ਵਿੱਚ ਹਮੇਸ਼ਾ ਇਹ ਸਕਾਰਾਤਮਕ ਸੋਚ ਰਹਿੰਦੀ ਹੈ ਕਿ ਗੇਂਦਬਾਜ਼ ਦਬਾਅ ਵਿੱਚ ਹੈ ਅਤੇ ਦੌੜਾਂ ਜ਼ਰੂਰ ਬਣਨਗੀਆਂ।
