Team India 'ਚ ਅਚਾਨਕ ਵੱਡਾ ਬਦਲਾਅ ! ਭੁਵਨੇਸ਼ਵਰ ਕੁਮਾਰ ਹੋਇਆ ਬਾਹਰ, ਇਸ ਧਾਕੜ ਦੀ ਹੋਈ ਐਂਟਰੀ

Saturday, Oct 17, 2026 - 03:46 PM (IST)

Team India 'ਚ ਅਚਾਨਕ ਵੱਡਾ ਬਦਲਾਅ ! ਭੁਵਨੇਸ਼ਵਰ ਕੁਮਾਰ ਹੋਇਆ ਬਾਹਰ, ਇਸ ਧਾਕੜ ਦੀ ਹੋਈ ਐਂਟਰੀ

ਨਵੀਂ ਦਿੱਲੀ:  ਅਗਾਮੀ ਹੌਂਗ ਕੌਂਗ ਸਿੱਕਸੇਜ਼ 2026 ਟੂਰਨਾਮੈਂਟ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਟੀਮ ਦੇ ਸਕੁਐਡ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਇਸ ਛੇ-ਓਵਰਾਂ ਵਾਲੇ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਭੁਵਨੇਸ਼ਵਰ ਦੇ ਹਟਣ ਤੋਂ ਬਾਅਦ ਹੁਣ ਸਟਾਰ ਆਲਰਾਊਂਡਰ ਕਰੁਣਾਲ ਪੰਡਿਆ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਨਿਊਜ਼ੀਲੈਂਡ ਦੌਰੇ ਕਾਰਨ ਟੀਮ 'ਚ ਬਦਲਾਅ
ਭਾਰਤ ਦਾ ਨਿਊਜ਼ੀਲੈਂਡ ਦੌਰਾ 22 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੀਆਂ ਤਾਰੀਖਾਂ 30 ਅਕਤੂਬਰ ਤੋਂ 1 ਨਵੰਬਰ ਤੱਕ ਚੱਲਣ ਵਾਲੇ ਹੌਂਗ ਕੌਂਗ ਸਿੱਕਸੇਜ਼ ਨਾਲ ਟਕਰਾ ਰਹੀਆਂ ਹਨ। ਰਾਸ਼ਟਰੀ ਟੀਮ ਵਿੱਚ ਸ਼ਾਮਲ ਕੀਤੇ ਜਾਣ ਕਾਰਨ ਭੁਵਨੇਸ਼ਵਰ ਕੁਮਾਰ ਨੂੰ ਇਸ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਹੈ। ਬੋਰਡ ਨੇ ਭੁਵਨੇਸ਼ਵਰ ਦੀ ਜਗ੍ਹਾ ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਕੁਲਵੰਤ ਖੇਜਰੋਲੀਆ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਕਪਤਾਨੀ ਮਿਲਣ ਤੋਂ ਬਾਅਦ ਕਰੁਣਾਲ ਪੰਡਿਆ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਟੀਮ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ ਹੈ।

ਪਿਛਲੇ ਸੀਜ਼ਨ ਦੀ ਨਿਰਾਸ਼ਾ ਬਦਲਣ ਦੀ ਕੋਸ਼ਿਸ਼
ਸਾਲ 2025 ਦਾ ਹੌਂਗ ਕੌਂਗ ਸਿੱਕਸੇਜ਼ ਸੀਜ਼ਨ ਭਾਰਤ ਲਈ ਬੇਹੱਦ ਨਿਰਾਸ਼ਾਜਨਕ ਰਿਹਾ ਸੀ, ਜਿੱਥੇ ਟੀਮ ਨੂੰ ਗਰੁੱਪ ਗੇੜ ਵਿੱਚ ਕੁਵੈਤ ਅਤੇ ਬਾਊਲ ਫਾਈਨਲ ਵਿੱਚ ਨੇਪਾਲ, ਯੂ.ਏ.ਈ. ਤੇ ਸ਼੍ਰੀਲੰਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਪਾਕਿਸਤਾਨ ਨੇ ਖ਼ਿਤਾਬ ਜਿੱਤਿਆ ਸੀ। ਇਸ ਵਾਰ ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ. ਅਤੇ ਘਰੇਲੂ ਕ੍ਰਿਕਟ ਦੇ ਫਾਰਮ ਵਿੱਚ ਚੱਲ ਰਹੇ ਸਿਤਾਰਿਆਂ 'ਤੇ ਭਰੋਸਾ ਜਤਾਇਆ ਹੈ।

ਭਾਰਤ ਦਾ ਅਪਡੇਟਿਡ 7-ਮੈਂਬਰੀ ਸਕੁਐਡ:
ਕਰੁਣਾਲ ਪੰਡਿਆ (ਕਪਤਾਨ), ਨੀਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਸ਼ਸ਼ਾਂਕ ਸਿੰਘ, ਰਾਹੁਲ ਤੇਵਤੀਆ, ਟੀ. ਨਟਰਾਜਨ, ਅਤੇ ਕੁਲਵੰਤ ਖੇਜਰੋਲੀਆ।


author

Tarsem Singh

Content Editor

Related News