ਗੰਭੀਰ ਬਿਮਾਰੀ ਨਾਲ ਜੂਝਦਾ ਰਿਹਾ ਦਿੱਗਜ਼ ਖਿਡਾਰੀ, 17 ਸਾਲਾਂ ਬਾਅਦ ਕੀਤਾ ਖੁਲਾਸਾ

Monday, Oct 26, 2026 - 10:10 AM (IST)

ਗੰਭੀਰ ਬਿਮਾਰੀ ਨਾਲ ਜੂਝਦਾ ਰਿਹਾ ਦਿੱਗਜ਼ ਖਿਡਾਰੀ, 17 ਸਾਲਾਂ ਬਾਅਦ ਕੀਤਾ ਖੁਲਾਸਾ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਉਸਮਾਨ ਖ਼ਵਾਜਾ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ ਗੁਪਤ ਰੱਖੀ ਬਿਮਾਰੀ ਬਾਰੇ ਖੁਲਾਸਾ ਕੀਤਾ ਹੈ। ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਜਨਮੇ ਖ਼ਵਾਜਾ ਨੂੰ 22 ਸਾਲ ਦੀ ਉਮਰ ਵਿੱਚ ਰਿਊਮੈਟਾਇਡ ਆਰਥਰਾਈਟਿਸ ਹੋਣ ਦਾ ਪਤਾ ਲੱਗਿਆ ਸੀ। ਇਹ ਬਿਮਾਰੀ ਜੋੜਾਂ ਵਿੱਚ ਦਰਦ ਅਤੇ ਸੋਜ ਦਾ ਕਾਰਨ ਬਣਦੀ ਹੈ।

PunjabKesari

ਖ਼ਵਾਜਾ ਨੇ ਦੱਸਿਆ ਕਿ ਖੱਬੇ ਗੋਡੇ ਵਿੱਚ ਅਸਹਿ ਦਰਦ ਕਾਰਨ ਉਨ੍ਹਾਂ ਲਈ 10 ਮੀਟਰ ਤੁਰਨਾ ਵੀ ਮੁਸ਼ਕਲ ਹੋ ਗਿਆ ਸੀ। ਡਾਕਟਰਾਂ ਨੂੰ ਸ਼ੁਰੂ ਵਿੱਚ ਦਰਦ ਦਾ ਕਾਰਨ ਸਮਝ ਨਹੀਂ ਆ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਜਾਣ ਦਾ ਡਰ ਸਤਾਉਣ ਲੱਗਾ ਸੀ। ਉਨ੍ਹਾਂ ਅਨੁਸਾਰ ਉਸ ਸਮੇਂ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਬਿਮਾਰੀ ਉਨ੍ਹਾਂ ਦਾ ਕ੍ਰਿਕਟਰ ਬਣਨ ਦਾ ਸੁਪਨਾ ਖ਼ਤਮ ਕਰ ਦੇਵੇਗੀ। ਉਨ੍ਹਾਂ ਦੀ ਬਿਮਾਰੀ ਬਾਰੇ ਬਚਪਨ ਦੇ ਦੋਸਤ ਅਤੇ ਕ੍ਰਿਕਟ ਸਾਥੀ ਡੇਵਿਡ ਵਾਰਨਰ ਤੇ ਸਾਬਕਾ ਟੈਸਟ ਖਿਡਾਰੀ ਮਾਈਕਲ ਹਸੀ ਨੂੰ ਵੀ ਜਾਣਕਾਰੀ ਨਹੀਂ ਸੀ।

ਖ਼ਵਾਜਾ ਨੇ ਲੰਬੇ ਸਮੇਂ ਤੱਕ ਆਪਣੀ ਸਿਹਤ ਸਬੰਧੀ ਸਮੱਸਿਆ ਨੂੰ ਗੁਪਤ ਰੱਖਿਆ। ਇਲਾਜ ਅਤੇ ਨਿਯਮਿਤ ਟੀਕਿਆਂ ਦੀ ਮਦਦ ਨਾਲ ਉਹ ਮੁੜ ਕ੍ਰਿਕਟ ਦੇ ਮੈਦਾਨ ਵਿੱਚ ਪਰਤਣ ਵਿੱਚ ਸਫ਼ਲ ਰਹੇ ।ਉਹ ਟੈਸਟ ਕ੍ਰਿਕਟ ਖੇਡਣ ਵਾਲੇ ਪਾਕਿਸਤਾਨ ਵਿੱਚ ਜਨਮੇ ਪਹਿਲੇ ਖਿਡਾਰੀ ਅਤੇ ਆਸਟ੍ਰੇਲੀਆ ਵੱਲੋਂ ਟੈਸਟ ਖੇਡਣ ਵਾਲੇ ਪਹਿਲੇ ਮੁਸਲਮਾਨ ਕ੍ਰਿਕਟਰ ਬਣੇ। ਖ਼ਵਾਜਾ ਨੇ ਆਸਟ੍ਰੇਲੀਆ ਵੱਲੋਂ 88 ਟੈਸਟ ਮੈਚਾਂ ਵਿੱਚ 6,229 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ 16 ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 40 ਇਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ 1,554 ਦੌੜਾਂ ਬਣਾਈਆਂ ਅਤੇ ਦੋ ਸੈਂਕੜੇ ਲਗਾਏ। ਉਹ 2019 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਆਸਟ੍ਰੇਲੀਆਈ ਟੀਮ ਦਾ ਹਿੱਸਾ ਰਹੇ। ਜਨਵਰੀ 2026 ਵਿੱਚ ਐਸ਼ੇਜ਼ ਲੜੀ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਖ਼ਵਾਜਾ ਹੁਣ ਆਪਣੀ ਬਿਮਾਰੀ ਨਾਲ ਜੂਝਣ ਦੇ ਤਜਰਬੇ ਰਾਹੀਂ ਹੋਰਨਾਂ ਲੋਕਾਂ ਨੂੰ ਹੌਂਸਲਾ ਦੇਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੰਭੀਰ ਸਿਹਤ ਸਮੱਸਿਆਵਾਂ ਦੇ ਬਾਵਜੂਦ ਸਹੀ ਇਲਾਜ ਅਤੇ ਦ੍ਰਿੜ੍ਹ ਇਰਾਦੇ ਨਾਲ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ।

 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News