ਇੰਗਲੈਂਡ ਤੋਂ ਬਾਅਦ ਇਸ ਦੇਸ਼ ਦੇ ਬੋਰਡ ਨੇ ਖਿਡਾਰੀਆਂ ਨੂੰ IPL ’ਚ ਭੇਜਣ ਤੋਂ ਕੀਤਾ ਮਨ੍ਹਾ
Monday, May 31, 2021 - 10:17 PM (IST)
ਸਪੋਰਟਸ ਡੈਸਕ : ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਸੋਮਵਾਰ ਕਿਹਾ ਕਿ ਉਹ ਆਈ. ਪੀ. ਐੱਲ. 2021 ਸੀਜ਼ਨ ਦੇ ਬਾਕੀ ਮੈਚਾਂ ਲਈ ਆਪਣੇ ਖਿਡਾਰੀ ਸ਼ਾਕਿਬ ਅਲ ਹਸਨ ਅਤੇ ਮੁਸਤਾਫਿਜ਼ੁਰ ਰਹਿਮਾਨ ਨੂੰ ਨੋ ਇਤਰਾਜ਼ ਸਰਟੀਫਿਕੇਟ (ਐੱਨ.ਓ.ਸੀ.) ਦੇਣ ਲਈ ਤਿਆਰ ਨਹੀਂ ਹੈ ਕਿਉਂਕਿ ਉਹ ਆਉਣ ਵਾਲੇ ਆਈ. ਸੀ. ਸੀ. ਟੀ20 ਵਿਸ਼ਵ ਕੱਪ ’ਚ ਰਾਸ਼ਟਰੀ ਟੀਮ ਨਾਲ ਤਿਆਰੀ ’ਚ ਰੁੱਝੇ ਹੋਏ ਹੋਣਗੇ। ਬੀ. ਸੀ. ਬੀ. ਦੇ ਪ੍ਰਧਾਨ ਨਜਮੂਲ ਹਸਨ ਨੇ ਕਿਹਾ ਕਿ ਸਾਡੀਆਂ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ ਦੇ ਮੱਦੇਨਜ਼ਰ ਆਈ.ਪੀ. ਐੱਲ. ਲਈ ਖਿਡਾਰੀਆਂ ਨੂੰ ਐੱਨ.ਓ.ਸੀ. ਪ੍ਰਦਾਨ ਕਰਨਾ ਲੱਗਭਗ ਅਸੰਭਵ ਹੈ।
ਮੈਨੂੰ ਖਿਡਾਰੀਆਂ ਨੂੰ ਐੱਨ. ਓ. ਸੀ. ਦੇਣ ਦਾ ਕੋਈ ਮੌਕਾ ਨਹੀਂ ਦਿਸ ਰਿਹਾ। ਟੀ-20 ਵਰਲਡ ਕੱਪ ਸਾਡੇ ਅੱਗੇ ਹੈ ਅਤੇ ਹੁਣ ਹਰ ਮੈਚ ਸਾਡੇ ਲਈ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਸ਼ਾਕਿਬ ਅਲ ਹਸਨ ਅਤੇ ਮੁਸਤਾਫਿਜ਼ੁਰ ਰਹਿਮਾਨ ਨੇ ਆਈ. ਪੀ. ਐੱਲ. 14 ’ਚ ਕ੍ਰਮਵਾਰ ਕੋਲਕਾਤਾ ਨਾਈਟਰਾਈਡਰਜ਼ (ਕੇ.ਕੇ.ਆਰ.) ਅਤੇ ਰਾਜਸਥਾਨ ਰਾਇਲਜ਼ (ਆਰ.ਆਰ.) ਦੀ ਪ੍ਰਤੀਨਿਧਤਾ ਕੀਤੀ ਸੀ। ਆਈ.ਪੀ.ਐੱਲ. ਦੇ ਬਾਇਓ-ਬਬਲ ਵਿਚ ਕੋਰੋਨਾ ਕੇਸਾਂ ਕਾਰਨ ਟੂਰਨਾਮੈਂਟ ਮੁਲਤਵੀ ਹੋਣ ਤੋਂ ਬਾਅਦ ਦੋਵੇਂ 6 ਮਈ ਨੂੰ ਬੰਗਲਾਦੇਸ਼ ਤੋਂ ਭਾਰਤ ਪਹੁੰਚੇ ਸਨ। ਬੀ. ਸੀ.ਸੀ. ਆਈ. ਨੇ ਸ਼ਨੀਵਾਰ ਆਪਣੀ ਵਿਸ਼ੇਸ਼ ਆਮ ਬੈਠਕ ਵਿਚ ਆਈ. ਪੀ. ਐੱਲ. 14 ਦੇ ਬਾਕੀ 31 ਮੈਚਾਂ ਨੂੰ ਸਤੰਬਰ-ਅਕਤੂਬਰ ’ਚ ਯੂ.ਏ.ਈ. ’ਚ ਕਰਾਉਣ ਦਾ ਅਧਿਕਾਰਤ ਐਲਾਨ ਕੀਤਾ ਸੀ, ਜਦਕਿ ਬੰਗਲਾਦੇਸ਼ ਦੇ ਉਸ ਸਮੇਂ ਰੁੱਝੇ ਰਹਿਣ ਦੀ ਉਮੀਦ ਹੈ।
ਉਸ ਨੇ ਆਸਟਰੇਲੀਆ ਅਤੇ ਇੰਗਲੈਂਡ ਤੋਂ ਬਾਅਦ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰਨੀ ਹੈ। ਅਜਿਹੀ ਸਥਿਤੀ ’ਚ ਆਈ.ਪੀ.ਐੱਲ. ਦੀਆਂ ਸੰਭਾਵਿਤ ਤਾਰੀਖਾਂ ਬੰਗਲਾਦੇਸ਼ ਦੀ ਘਰੇਲੂ ਸੀਰੀਜ਼ ’ਤੇ ਪੈ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀ.ਸੀ.ਬੀ. ਕ੍ਰਿਕਟ ਸੰਚਾਲਨ ਦੇ ਚੇਅਰਮੈਨ ਅਕਰਮ ਖਾਨ ਨੇ ਕਿਹਾ ਸੀ ਕਿ ਉਹ ਸ਼ਾਕਿਬ ਨੂੰ ਸੀ.ਪੀ.ਐੱਲ. ਲਈ ਵੀ ਜਾਰੀ ਨਹੀਂ ਕਰ ਸਕਦੇ। ਬੀ.ਸੀ.ਬੀ. ਅਧਿਕਾਰੀਆਂ ਦੀ ਪ੍ਰਤੀਕਿਰਿਆ ਨੂੰ ਵੇਖਦਿਆਂ ਲੱਗਦਾ ਹੈ ਕਿ ਬੀ. ਸੀ. ਬੀ. ਨੇ ਆਪਣੇ ਖਿਡਾਰੀਆਂ ਨੂੰ ਫ੍ਰੈਂਚਾਇਜ਼ੀ ਟੀ-20 ਕ੍ਰਿਕਟ ਖੇਡਣ ਲਈ ਐੱਨ.ਓ.ਸੀ. ਦੇਣ ਦੇ ਆਪਣੇ ਪਹਿਲੇ ਰੁਖ਼ ਤੋਂ ਯੂ-ਟਰਨ ਲੈ ਲਿਆ ਹੈ।