ਅਫਗਾਨਿਸਤਾਨ ਨੇ 7 ਵਿਕਟਾਂ ਨਾਲ ਜਿੱਤਿਆ ਰੋਮਾਂਚਕ ਟੈਸਟ
Monday, Mar 18, 2019 - 09:52 PM (IST)

ਦੇਹਰਾਦੂਨ— ਡੈਬਿਊ ਖਿਡਾਰੀ ਇੰਸਾਨਉੱਲ੍ਹਾ (ਅਜੇਤੂ 65 ਦੌੜਾਂ) ਤੇ ਰਹਿਮਤ ਸ਼ਾਹ (72 ਦੌੜਾਂ) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਅਫਗਾਨਿਸਤਾਨ ਨੇ ਆਇਰਲੈਂਡ ਵਿਰੁੱਧ ਇਕਲੌਤੇ ਟੈਸਟ ਦੇ ਚੌਥੇ ਹੀ ਦਿਨ ਸੋਮਵਾਰ ਸੱਤ ਵਿਕਟਾਂ ਨਾਲ ਜਿੱਤ ਆਪਣੇ ਨਾਂ ਕਰ ਲਈ।
ਅਫਗਾਨਿਸਤਾਨ ਤੇ ਆਇਰਲੈਂਡ ਆਪਣੇ ਟੈਸਟ ਇਤਿਹਾਸ ਦਾ ਸਿਰਫ ਦੂਜਾ ਮੈਚ ਹੀ ਖੇਡ ਰਹੀਆਂ ਸਨ ਪਰ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ। ਅਫਗਾਨਿਸਤਾਨ ਨੂੰ ਜਿੱਤ ਲਈ ਦੂਜੀ ਪਾਰੀ ਵਿਚ 147 ਦੌੜਾਂ ਦੀ ਲੋੜ ਸੀ ਤੇ ਉਸ ਨੇ 47.5 ਓਵਰਾਂ ਦੀ ਖੇਡ ਵਿਚ ਤਿੰਨ ਵਿਕਟਾਂ ਗੁਆ ਕੇ 149 ਦੌੜਾਂ ਬਣਾਈਆਂ ਤੇ ਜਿੱਤ ਤੈਅ ਕੀਤੀ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਮੈਚ ਦੇ ਚੌਥੇ ਦਿਨ ਸਵੇਰੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੱਲ ਦੀਆਂ 29 ਦੌੜਾਂ 'ਤੇ ਇਕ ਵਿਕਟ ਨਾਲ ਕੀਤੀ ਸੀ। ਆਇਰਲੈਂਡ ਵੀ ਟੈਸਟ ਦਰਜਾ ਮਿਲਣ ਤੋਂ ਬਾਅਦ ਆਪਣਾ ਸਿਰਫ ਦੂਜਾ ਟੈਸਟ ਹੀ ਖੇਡ ਰਿਹਾ ਹੈ ਤੇ ਉਸ ਨੇ ਪਹਿਲੀ ਪਾਰੀ ਵਿਚ 172 ਦੌੜਾਂ ਬਣਾਉਣ ਤੋਂ ਬਾਅਦ ਦੂਜੀ ਪਾਰੀ ਵਿਚ ਬਿਹਤਰ ਖੇਡ ਦਿਖਾਉਂਦਿਆਂ 288 ਦੌੜਾਂ ਬਣਾਈਆਂ ਪਰ ਉਹ ਅਫਗਾਨਿਸਤਾਨ ਸਾਹਮਣੇ ਵੱਡਾ ਟੀਚਾ ਨਹੀਂ ਰੱਖ ਸਕਿਆ।