ਅਫਗਾਨਿਸਤਾਨ ਟੀ-20 ਵਰਲਡ ਕੱਪ ਤੋਂ ਬਾਹਰ,ਸ਼੍ਰੀਲੰਕਾ ਨੇ ਛੇ ਵਿਕਟਾਂ ਨਾਲ ਹਰਾਇਆ

Tuesday, Nov 01, 2022 - 01:24 PM (IST)

ਅਫਗਾਨਿਸਤਾਨ ਟੀ-20 ਵਰਲਡ ਕੱਪ ਤੋਂ ਬਾਹਰ,ਸ਼੍ਰੀਲੰਕਾ ਨੇ ਛੇ ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦਾ 32ਵਾਂ ਮੈਚ ਮੰਗਲਵਾਰ (1 ਨਵੰਬਰ) ਨੂੰ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਬ੍ਰਿਸਬੇਨ 'ਚ ਖੇਡਿਆ ਗਿਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਉਸ ਨੇ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 144 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ ਨੇ 18.3 ਓਵਰਾਂ 'ਚ ਚਾਰ ਵਿਕਟਾਂ 'ਤੇ 148 ਦੌੜਾਂ ਬਣਾ ਕੇ ਮੈਚ ਨੂੰ ਆਪਣੇ ਨਾਂ ਕਰ ਲਿਆ।
ਸ਼੍ਰੀਲੰਕਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ
ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ ਹਰਾ ਕੇ ਸੁਪਰ-12 'ਚ ਆਪਣੀ ਦੂਜੀ ਜਿੱਤ ਦਰਜ ਕੀਤੀ। ਚਾਰ ਮੈਚ 'ਚ ਉਸ ਦੇ ਹੁਣ ਚਾਰ ਅੰਕ ਹੋ ਗਏ ਹਨ। ਉਹ ਅਜੇ ਵੀ ਸੈਮੀਫਾਈਨਲ ਦੀ ਦੌੜ ਵਿੱਚ ਹੈ। ਦੂਜੇ ਪਾਸੇ ਅਫਗਾਨਿਸਤਾਨ ਦੀ ਟੀਮ ਇਸ ਹਾਰ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਉਸ ਦੇ ਚਾਰ ਮੈਚਾਂ ਵਿੱਚ ਸਿਰਫ਼ ਦੋ ਹੀ ਅੰਕ ਹਨ। ਉਹ ਇੱਕ ਮੈਚ ਜਿੱਤ ਵੀ ਲੈਂਦਾ ਹੈ ਤਾਂ ਚਾਰ ਅੰਕ ਹੀ ਹੋ ਪਾਉਣਗੇ। ਅਫਗਾਨਿਸਤਾਨ ਨੂੰ ਹੁਣ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਨੂੰ ਇੰਗਲੈਂਡ ਖ਼ਿਲਾਫ਼ ਖੇਡਣਾ ਹੈ। ਅਫਗਾਨਿਸਤਾਨ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਵਾਲੀ ਦੂਜੀ ਟੀਮ ਹੈ। ਇਸ ਤੋਂ ਪਹਿਲਾਂ ਗਰੁੱਪ 1 'ਚ ਨੀਦਰਲੈਂਡ ਬਾਹਰ ਹੋ ਚੁੱਕਾ ਹੈ।
ਮੈਚ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਅੱਠ ਵਿਕਟਾਂ 'ਤੇ 144 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ ਨੇ 18.3 ਓਵਰਾਂ 'ਚ ਚਾਰ ਵਿਕਟਾਂ 'ਤੇ 148 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਉਸ ਲਈ ਧਨੰਜੈ ਡੀ ਸਿਲਵਾ ਨੇ ਸਭ ਤੋਂ ਵੱਧ ਨਾਬਾਦ 66 ਦੌੜਾਂ ਬਣਾਈਆਂ। 42 ਗੇਂਦਾਂ ਦੀ ਪਾਰੀ ਵਿੱਚ ਉਨ੍ਹਾਂ ਨੇ ਛੇ ਚੌਕੇ ਤੇ ਦੋ ਛੱਕੇ ਲਗਾਏ। ਕੁਸਲ ਮੈਂਡਿਸ ਨੇ 25, ਚਰਿਤ ਅਸਾਲੰਕਾ ਨੇ 19, ਭਾਨੁਕਾ ਰਾਜਪਕਸੇ ਨੇ 18 ਅਤੇ ਪਥੁਮ ਨਿਸਾਂਕਾ ਨੇ 10 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਦਾਸੁਨ ਸ਼ਨਾਕਾ ਖਾਤਾ ਖੋਲ੍ਹੇ ਬਿਨਾਂ ਅਜੇਤੂ ਰਹੇ। ਸ੍ਰੀਲੰਕਾ ਲਈ ਤਿੰਨ ਵਿਕਟਾਂ ਲੈਣ ਵਾਲੇ ਵਨਿੰਦੂ ਹਸਰੰਗਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News