11 ਛੱਕੇ, 9 ਚੌਕੇ ! ਅਭਿਸ਼ੇਕ ਨੇ ਸਿਰਫ ਇੰਨੀਆਂ ਗੇਂਦਾਂ ''ਚ ਠੋਕ ''ਤਾ ਸੈਂਕੜਾ, ਤੋੜ ''ਤਾ ਰਿਕਾਰਡ
Thursday, Sep 17, 2026 - 08:49 PM (IST)
ਸਪੋਰਟਸ ਡੈਸਕ : ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਖੇ ਅਫਗਾਨਿਸਤਾਨ ਵਿਰੁੱਧ ਖੇਡੇ ਗਏ ਟੀ-20 ਅੰਤਰਰਾਸ਼ਟਰੀ ਮੈਚ 'ਚ ਭਾਰਤ ਦੇ ਖੱਬੇ ਹੱਥ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਅਭਿਸ਼ੇਕ ਨੇ ਸਿਰਫ਼ 30 ਗੇਂਦਾਂ 'ਚ ਸੈਂਕੜਾ ਲਗਾ ਕੇ ਅੰਤਰਰਾਸ਼ਟਰੀ ਕ੍ਰਿਕਟ (ਫੁੱਲ ਮੈਂਬਰ ਟੀਮਾਂ) 'ਚ ਸਭ ਤੋਂ ਤੇਜ਼ ਸੈਂਕੜਾ ਜੜਨ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਏਬੀ ਡੀ ਵਿਲੀਅਰਜ਼ ਦਾ 31 ਗੇਂਦਾਂ 'ਚ ਵੈਸਟਇੰਡੀਜ਼ ਵਿਰੁੱਧ ਬਣਾਇਆ ਸਭ ਤੋਂ ਤੇਜ਼ ਵਨਡੇ ਸੈਂਕੜੇ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਅਭਿਸ਼ੇਕ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਚੌਕਿਆਂ ਅਤੇ ਛੱਕਿਆਂ ਦੀ ਬਰਸਾਤ ਕਰਦਿਆਂ ਪਾਵਰਪਲੇਅ ਵਿੱਚ 5 ਛੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ ਸਿਰਫ਼ 16 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਅਗਲੀਆਂ 14 ਗੇਂਦਾਂ 'ਚ ਹੀ ਉਨ੍ਹਾਂ ਨੇ 10 ਛੱਕਿਆਂ ਅਤੇ 9 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕਰ ਲਿਆ।
ਅਭਿਸ਼ੇਕ ਟੀ-20 ਅੰਤਰਰਾਸ਼ਟਰੀ ਦੇ ਪਾਵਰਪਲੇਅ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਅਫਗਾਨਿਸਤਾਨ ਵਿਰੁੱਧ ਪਾਵਰਪਲੇਅ 'ਚ 76 ਦੌੜਾਂ ਬਣਾ ਕੇ ਪੁਰਤਗਾਲ ਦੇ ਕੁਲਦੀਪ ਗੋਹਲੀਆ (74 ਦੌੜਾਂ) ਦਾ ਰਿਕਾਰਡ ਤੋੜਿਆ।ਇਸ ਮੈਚ ਵਿੱਚ ਅਭਿਸ਼ੇਕ ਦਾ ਸਟ੍ਰਾਈਕ ਰੇਟ 317.64 ਰਿਹਾ, ਜੋ ਟੀ-20 ਸੈਂਕੜੇ ਦੌਰਾਨ ਕਿਸੇ ਵੀ ਭਾਰਤੀ ਬੱਲੇਬਾਜ਼ ਦਾ ਸਭ ਤੋਂ ਵੱਧ ਸਟ੍ਰਾਈਕ ਰੇਟ ਹੈ। ਉਨ੍ਹਾਂ ਨੇ ਰੋਹਿਤ ਸ਼ਰਮਾ ਦੇ 2017 ਵਿੱਚ ਬਣਾਏ 274.41 ਦੇ ਸਟ੍ਰਾਈਕ ਰੇਟ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਫੁੱਲ ਮੈਂਬਰ ਟੀਮਾਂ ਵਿੱਚ 30 ਗੇਂਦਾਂ ਵਿੱਚ ਟੀ-20 ਸੈਂਕੜਾ ਲਗਾਉਣ ਵਾਲੇ ਅਭਿਸ਼ੇਕ ਪਹਿਲੇ ਖਿਡਾਰੀ ਬਣੇ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸਿਕੰਦਰ ਰਜ਼ਾ ਅਤੇ ਫਿਨ ਐਲਨ (33-33 ਗੇਂਦਾਂ) ਦੇ ਨਾਂ ਸੀ। ਅਭਿਸ਼ੇਕ ਨੇ ਇਸ ਮੈਚ ਵਿੱਚ ਕੁੱਲ 11 ਛੱਕੇ ਜੜੇ। ਇਹ ਇੱਕ ਟੀ-20 ਮੈਚ ਵਿੱਚ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਦੂਜਾ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਹੈ। ਪਹਿਲੇ ਨੰਬਰ 'ਤੇ ਵੀ ਅਭਿਸ਼ੇਕ ਹੀ ਹਨ, ਜਿਨ੍ਹਾਂ ਨੇ ਇੰਗਲੈਂਡ ਵਿਰੁੱਧ 13 ਛੱਕੇ ਲਗਾਏ ਸਨ।
