ਹੈਰੀ ਬਰੂਕ ਦੇ ਅਜੇਤੂ ਸੈਂਕੜੇ ਨਾਲ ਇੰਗਲੈਂਡ ਦੀ ਸ਼੍ਰੀਲੰਕਾ ''ਤੇ ਵੱਡੀ ਜਿੱਤ

Wednesday, Sep 16, 2026 - 11:34 AM (IST)

ਹੈਰੀ ਬਰੂਕ ਦੇ ਅਜੇਤੂ ਸੈਂਕੜੇ ਨਾਲ ਇੰਗਲੈਂਡ ਦੀ ਸ਼੍ਰੀਲੰਕਾ ''ਤੇ ਵੱਡੀ ਜਿੱਤ

ਸਾਊਥੈਂਪਟਨ : ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਦੀਆਂ ਮਹਿਜ਼ 49 ਗੇਂਦਾਂ ਵਿੱਚ ਬਣਾਈਆਂ ਅਜੇਤੂ 114 ਦੌੜਾਂ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਇੰਗਲੈਂਡ ਨੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 119 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਹੈ। ਬਰੂਕ ਨੇ ਆਪਣੀ ਇਸ ਪਾਰੀ ਵਿੱਚ 10 ਚੌਕੇ ਅਤੇ 6 ਛੱਕੇ ਲਗਾਏ। ਉਨ੍ਹਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਵੀ 44 ਗੇਂਦਾਂ ਵਿੱਚ 80 ਦੌੜਾਂ ਦਾ ਯੋਗਦਾਨ ਪਾਇਆ, ਜਿਸ ਦੀ ਮਦਦ ਨਾਲ ਇੰਗਲੈਂਡ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ 'ਤੇ 254 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਵਿੱਚ ਸਫ਼ਲ ਰਿਹਾ। ਬਰੂਕ ਨੇ ਇਸ ਤੋਂ ਪਹਿਲਾਂ ਜੁਲਾਈ ਵਿੱਚ ਭਾਰਤ ਵਿਰੁੱਧ ਆਪਣੇ ਪਿਛਲੇ ਦੋ ਮੈਚਾਂ ਵਿੱਚ ਅਜੇਤੂ 79 ਅਤੇ ਅਜੇਤੂ 95 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ ਅਤੇ ਉਹ ਟੀ-20 ਫਾਰਮੈਟ ਵਿੱਚ ਬਿਨਾਂ ਆਊਟ ਹੋਏ ਹੁਣ ਤੱਕ ਕੁੱਲ 288 ਦੌੜਾਂ ਬਣਾ ਚੁੱਕੇ ਹਨ।

ਵੱਡੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਦੀ ਟੀਮ 19 ਓਵਰਾਂ ਵਿੱਚ 135 ਦੌੜਾਂ 'ਤੇ ਹੀ ਆਲਆਊਟ ਹੋ ਗਈ। ਸ਼੍ਰੀਲੰਕਾ ਵੱਲੋਂ ਦੁਨਿਥ ਵੇਲਾਲਗੇ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ।। ਇੰਗਲੈਂਡ ਵੱਲੋਂ ਸੰਨੀ ਬੇਕਰ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ ਆਪਣੇ 4 ਓਵਰਾਂ ਵਿੱਚ 12 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਟੀ-20 ਲੜੀ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਿੰਨ ਵਨਡੇ ਮੈਚ ਖੇਡੇ ਜਾਣਗੇ, ਜਦਕਿ ਟੀ-20 ਲੜੀ ਦਾ ਦੂਜਾ ਮੈਚ ਵੀਰਵਾਰ ਨੂੰ ਕਾਰਡਿਫ਼ ਵਿਖੇ ਖੇਡਿਆ ਜਾਵੇਗਾ।


author

Tarsem Singh

Content Editor

Related News