ਟ੍ਰੈਵਿਸ ਹੈੱਡ ਦਾ ਸੈਂਕੜਾ ਤੇ 20 ਸਾਲਾ ਗੇਂਦਬਾਜ਼ ਦਾ ਰਿਕਾਰਡ, ਆਸਟ੍ਰੇਲੀਆ ਨੇ 2 ਸਾਲ ਬਾਅਦ ਜਿੱਤੀ ਸੀਰੀਜ਼
Saturday, Sep 19, 2026 - 12:54 AM (IST)
ਖੇਡ ਡੈਸਕ — ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਲਗਾਤਾਰ ਦੋ ਵਨਡੇ ਸੀਰੀਜ਼ ਹਾਰਨ ਤੋਂ ਬਾਅਦ, ਆਸਟ੍ਰੇਲੀਆਈ ਟੀਮ ਨੇ ਜ਼ਿੰਬਾਬਵੇ ਨੂੰ ਦੂਜੇ ਵਨਡੇ ਮੈਚ ਵਿੱਚ ਹਰਾ ਕੇ 2 ਸਾਲ ਬਾਅਦ ਆਖਰਕਾਰ ਇੱਕ ਵਨਡੇ ਸੀਰੀਜ਼ ਆਪਣੇ ਨਾਮ ਕਰ ਲਈ ਹੈ। ਇਸ ਜਿੱਤ ਨਾਲ ਕਪਤਾਨ ਮਿਚੇਲ ਮਾਰਸ਼ ਅਤੇ ਉਨ੍ਹਾਂ ਦੇ ਖਿਡਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ।
ਮੈਚ ਵਿੱਚ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਸੈਂਕੜਾ ਜੜਿਆ। ਇਸ ਤੋਂ ਬਾਅਦ ਨੌਜਵਾਨ ਬੱਲੇਬਾਜ਼ ਕੂਪਰ ਕੋਨੋਲੀ ਨੇ 78 ਦੌੜਾਂ ਦੀ ਪਾਰੀ ਖੇਡ ਕੇ ਲਗਾਤਾਰ ਦੂਜੇ ਮੈਚ ਵਿੱਚ ਅਰਧ-ਸੈਂਕੜਾ ਬਣਾਇਆ। ਆਸਟ੍ਰੇਲੀਆਈ ਪਾਰੀ ਦਾ ਮੁੱਖ ਆਕਰਸ਼ਣ 20 ਸਾਲਾ ਆਲਰਾਊਂਡਰ ਆਲੀਵਰ ਪੀਕ ਰਹੇ, ਜਿਨ੍ਹਾਂ ਨੇ ਸਿਰਫ਼ 18 ਗੇਂਦਾਂ ਵਿੱਚ ਅਜੇਤੂ 41 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ 356 ਦੌੜਾਂ ਤੱਕ ਪਹੁੰਚਾਇਆ। ਜ਼ਿੰਬਾਬਵੇ ਲਈ ਬ੍ਰੈਡ ਏਵੰਸ ਨੇ 86 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
356 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਜ਼ਿੰਬਾਬਵੇ ਦੀ ਬੱਲੇਬਾਜ਼ੀ ਨਿਰਾਸ਼ਾਜਨਕ ਰਹੀ। ਉੱਪਰਲੇ ਕ੍ਰਮ ਦੇ 6 ਵਿੱਚੋਂ 5 ਬੱਲੇਬਾਜ਼ਾਂ ਨੇ 30 ਦੌੜਾਂ ਦਾ ਅੰਕੜਾ ਪਾਰ ਕੀਤਾ, ਪਰ ਕੋਈ ਵੀ ਬੱਲੇਬਾਜ਼ ਇਸ ਨੂੰ ਵੱਡੀ ਪਾਰੀ ਜਾਂ ਸਾਂਝੇਦਾਰੀ ਵਿੱਚ ਨਾ ਬਦਲ ਸਕਿਆ। ਜ਼ਿੰਬਾਬਵੇ ਲਈ ਸਭ ਤੋਂ ਵੱਧ 45 ਦੌੜਾਂ ਕਪਤਾਨ ਸਿਕੰਦਰ ਰਜ਼ਾ ਨੇ ਬਣਾਈਆਂ। ਇਸ ਮੈਚ ਵਿੱਚ ਗੇਂਦਬਾਜ਼ੀ ਕਰਦੇ ਹੋਏ 20 ਸਾਲਾ ਆਲੀਵਰ ਪੀਕ ਵਿਕਟ ਲੈਣ ਵਾਲੇ ਸਭ ਤੋਂ ਨੌਜਵਾਨ ਆਸਟ੍ਰੇਲੀਆਈ ਸਪਿਨਰ ਵੀ ਬਣੇ।
