ਨੌਜਵਾਨ ਤੇ ਤਜਰਬੇ ਦੇ ਮਿਸ਼ਰਣ ਨੇ ਦਿਵਾਈ ਭਾਰਤ ਨੂੰ ਯਾਦਗਾਰ ਜਿੱਤ
Sunday, Mar 10, 2024 - 05:59 PM (IST)

ਧਰਮਸ਼ਾਲਾ, (ਭਾਸ਼ਾ)–ਇੰਗਲੈਂਡ ਵਿਰੁੱਧ ‘ਜਿਊਂਦੀਆਂ ਪਿੱਚਾਂ’ ’ਤੇ ਖੇਡੀ ਗਈ ਲੜੀ ’ਚ ਭਾਰਤ ਨੇ ਘਰੇਲੂ ਧਰਤੀ ’ਤੇ ਆਪਣੀ ਯਾਦਗਾਰ ਜਿੱਤ ਦਰਜ ਕਰਕੇ ਸਭ ਤੋਂ ਲੰਬੇ ਸਵਰੂਪ ’ਚ ਆਪਣੀ ਬਾਦਸ਼ਾਹਤ ਫਿਰ ਤੋਂ ਸਾਬਤ ਕੀਤੀ। ਭਾਰਤ ਦੇ ਨੌਜਵਾਨ ਤੇ ਤਜਰਬੇ ਦੇ ਮਿਸ਼ਰਣ ਨਾਲ ਮਿਕਸਡ ਟੀਮ ਨੇ ਪਹਿਲਾ ਮੈਚ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਇੰਗਲੈਂਡ ਨੂੰ 5 ਮੈਚਾਂ ਦੀ ਲੜੀ ’ਚ 4-1 ਨਾਲ ਹਰਾ ਕੇ ਉਸਦੀ ਹਮਲਾਵਰ ਅੰਦਾਜ਼ ਵਿਚ ਬੱਲੇਬਾਜ਼ੀ ਕਰਨ ਦੀ ‘ਬੈਜ਼ਬਾਲ’ ਰਣਨੀਤੀ ’ਤੇ ਵੀ ਵੱਡਾ ਸਵਾਲੀਆ ਨਿਸ਼ਾਨ ਲਾ ਦਿੱਤਾ।
ਭਾਰਤ ਦੀ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਵਿਰਾਟ ਕੋਹਲੀ ਤੇ ਮੁਹੰਮਦ ਸ਼ੰਮੀ ਵਰਗੇ ਸੀਨੀਅਰ ਖਿਡਾਰੀ ਪੂਰੀ ਲੜੀ ਲਈ ਉਪਲਬੱਧ ਨਹੀਂ ਸਨ ਜਦਕਿ ਕੇ. ਐੱਲ. ਰਾਹੁਲ ਤੇ ਰਵਿੰਦਰ ਜਡੇਜਾ ਵੀ ਪਹਿਲੇ ਟੈਸਟ ਮੈਚ ਤੋਂ ਬਾਅਦ ਜ਼ਖ਼ਮੀ ਹੋ ਗਏ ਸਨ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਹਾਲਾਂਕਿ ਸਬਰ ਬਰਕਰਾਰ ਰੱਖਿਆ ਤੇ ਲਗਾਤਾਰ ਚਾਰ ਮੈਚ ਜਿੱਤੇ। ਭਾਰਤ ਨੇ ਇਸ ਲੜੀ ’ਚ 5 ਖਿਡਾਰੀਆਂ ਨੂੰ ਟੈਸਟ ਕ੍ਰਿਕਟ ਡੈਬਿਊ ਦਾ ਮੌਕਾ ਦਿੱਤਾ, ਜਿਨ੍ਹਾਂ ’ਚੋਂ 4 ਖਿਡਾਰੀਆਂ ਸਰਫਰਾਜ਼ ਖਾਨ, ਧਰੁਵ ਜੁਰੇਲ, ਆਕਾਸ਼ ਦੀਪ ਤੇ ਦੇਵਦੱਤ ਪੱਡੀਕਲ ਨੇ ਦਿਖਾਇਆ ਕਿ ਉਹ ਚੋਟੀ ਪੱਧਰ ’ਤੇ ਖੇਡਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਇਨ੍ਹਾਂ ਨੌਜਵਾਨ ਖਿਡਾਰੀਆਂ ਵਿਚਾਲੇ ਖੁਦ ਕਪਤਾਨ ਰੋਹਿਤ, ਉਪ ਕਪਤਾਨ ਜਸਪ੍ਰੀਤ ਬੁਮਰਾਹ ਤੇ ਆਰ. ਅਸ਼ਵਿਨ ਨੇ ਚੰਗਾ ਪ੍ਰਦਰਸ਼ਨ ਕਰਕੇ ਉਦਾਹਰਨ ਪੇਸ਼ ਕੀਤੀ।
ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਖੁਦ ਨੂੰ ਰਨ ਮਸ਼ੀਨ ਸਾਬਤ ਕੀਤਾ ਜਦਕਿ ਤਜਰਬੇਕਾਰ ਕੁਲਦੀਪ ਯਾਦਵ ਨੇ ਆਪਣੀ ਸਪਿਨ ਆਰਮ ਦਾ ਜਾਦੂ ਬਿਖੇਰਿਆ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਭਾਰਤ ਦੀ ਅਗਲੀ ਪੀੜ੍ਹੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ। ਭਾਰਤ ਦੀ ਇਹ ਘਰੇਲੂ ਧਰਤੀ ’ਤੇ ਲਗਾਤਾਰ 17ਵੀਂ ਜਿੱਤ ਹੈ, ਜਿਸ ਨੂੰ ਸ਼ਲਾਘਾਯੋਗ ਉਪਲੱਬਧੀ ਕਿਹਾ ਜਾ ਸਕਦਾ ਹੈ।
ਭਾਰਤੀ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ,‘‘ਸਭ ਤੋਂ ਖੁਸ਼ੀ ਦੀ ਗੱਲ ਇਹ ਰਹੀ ਕਿ ਭਾਰਤ ਨੇ ਪਿਛਲੇ 10 ਸਾਲਾਂ ’ਚ ਆਪਣਾ ਦਬਦਬਾ ਬਰਕਰਾਰ ਰੱਖਿਆ ਤੇ ਇਸ ਵਿਚਾਲੇ ਕੋਈ ਲੜੀ ਨਹੀਂ ਗੁਆਈ ਜਦਕਿ ਇਸ ਵਿਚਾਲੇ ਵਿਦੇਸ਼ੀ ਖਿਡਾਰੀਆਂ ਨੂੰ ਆਈ. ਪੀ. ਐੱਲ. ਕਾਰਨ ਭਾਰਤੀ ਹਾਲਾਤ ’ਚ ਖੇਡਣ ਦਾ ਚੰਗਾ ਤਜਰਬਾ ਮਿਲਿਆ।’’
ਜਾਇਸਵਾਲ ਇਸ ਲੜੀ ’ਚ ਭਾਰਤ ਦੀ ਨਵੀਂ ਰਨ ਮਸ਼ੀਨ ਬਣ ਕੇ ਉਭਰਿਆ। ਉਸ ਨੇ ਲੜੀ ’ਚ 712 ਦੌੜਾਂ ਬਣਾਈਆਂ ਤੇ ਇਸ ਤਰ੍ਹਾਂ ਨਾਲ ਸੁਨੀਲ ਗਾਵਸਕਰ ਤੋਂ ਬਾਅਦ ਕਿਸੇ ਇਕ ਲੜੀ ’ਚ 700 ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਭਾਰਤੀ ਬੱਲੇਬਾਜ਼ ਬਣਿਆ। ਉਸ ਨੇ ਹਮਲਾਵਰ ਅੰਦਾਜ਼ ’ਚ ਬੱਲੇਬਾਜ਼ੀ ਕਰਕੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਢਹਿ-ਢੇਰੀ ਕਰਨ ’ਚ ਕੋਈ ਕਸਰ ਨਹੀਂ ਛੱਡੀ। ਇਸ ਨੌਜਵਾਨ ਸਲਾਮੀ ਬੱਲੇਬਾਜ਼ ਨੇ ਇਸ ਵਿਚਾਲੇ ਲਗਾਤਾਰ ਦੋ ਮੈਚਾਂ ’ਚ ਦੋ ਦੋਹਰੇ ਸੈਂਕੜੇ ਲਾਏ। ਉਸ ਨੇ ਲੜੀ ’ਚ 26 ਛੱਕੇ ਲਾਏ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਗੇਂਦਬਾਜ਼ਾਂ ’ਤੇ ਕਿਸ ਹੱਦ ਤਕ ਹਾਵੀ ਰਿਹਾ।
ਅਸ਼ਵਿਨ ਤੇ ਜਡੇਜਾ ਨੇ ਕ੍ਰਮਵਾਰ 26 ਤੇ 19 ਵਿਕਟਾਂ ਲੈ ਕੇ ਫਿਰ ਤੋਂ ਸਾਬਤ ਕੀਤਾ ਕਿ ਘਰੇਲੂ ਹਾਲਾਤ ’ਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਇਨ੍ਹਾਂ ਦੋਵਾਂ ਨੂੰ ਕੁਲਦੀਪ ਯਾਦਵ ਦਾ ਵੀ ਚੰਗਾ ਸਾਥ ਮਿਲਿਆ, ਜਿਸ ਨੇ ਆਖਰੀ ਚਾਰ ਟੈਸਟ ਮੈਚਾਂ ’ਚ ਚੰਗਾ ਪ੍ਰਦਰਸ਼ਨ ਕਰਕੇ ਟੀਮ ’ਚ ਤੀਜੇ ਨੰਬਰ ਦੇ ਸਪਿਨਰ ਦੇ ਤੌਰ ’ਤੇ ਆਪਣੀ ਜਗ੍ਹਾ ਮਜ਼ਬੂਤ ਕੀਤੀ।
ਭਾਰਤ ਲਈ ਚੰਗੀ ਗੱਲ ਇਹ ਰਹੀ ਕਿ ਜਿਹੜੇ ਖਿਡਾਰੀਆਂ ਨੂੰ ਉਸ ਨੇ ਇਸ ਲੜੀ ’ਚ ਡੈਬਿਊ ਦਾ ਮੌਕਾ ਦਿੱਤਾ ਸੀ, ਉਹ ਉਮੀਦਾਂ ’ਤੇ ਖਰੇ ਉਤਰੇ। ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਤੇ ਸਰਫਰਾਜ਼ ਖਾਨ ਨੇ ਰਾਜਕੋਟ ’ਚ ਆਪਣੇ ਪਹਿਲੇ ਟੈਸਟ ਮੈਚ ’ਚ ਹੀ ਅਸਰ ਛੱਡਿਆ ਤੇ ਫਿਰ ਅੱਗੇ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਰਾਂਚੀ ’ਚ ਪਹਿਲੇ ਦਿਨ ਸਵੇਰ ਦੇ ਸੈਸ਼ਨ ’ਚ ਇੰਗਲੈਂਡ ਦੇ ਚੋਟੀਕ੍ਰਮ ਨੂੰ ਢਹਿ-ਢੇਰੀ ਕਰਨ ’ਚ ਅਹਿਮ ਭੂਮਿਕਾ ਨਿਭਾਈ ਜਦਕਿ ਦੇਵਦੱਤ ਪੱਡੀਕਲ ਨੇ ਧਰਮਸ਼ਾਲਾ ’ਚ 65 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਬੱਲੇਬਾਜ਼ੀ ਸ਼ੈਲੀ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ।