ਹੇਜ਼ਲਵੁੱਡ ਦੀਆਂ 6 ਵਿਕਟਾਂ ਨਾਲ AUS ਨੇ ਦੱਖਣੀ ਅਫਰੀਕਾ ਨੂੰ 214 ਦੌੜਾਂ ਨਾਲ ਹਰਾਇਆ
Wednesday, Oct 14, 2026 - 11:37 AM (IST)
ਡਰਬਨ– ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੇ ਕਰੀਅਰ ਦੇ ਸਰਵੋਤਮ ਪ੍ਰਦਰਸ਼ਨ (49 ਦੌੜਾਂ ’ਤੇ 6 ਵਿਕਟਾਂ) ਦੀ ਬਦੌਲਤ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇੱਥੇ ਕਿੰਗਜ਼ਮੀਡ ’ਚ ਪਹਿਲੇ ਟੈਸਟ ਕ੍ਰਿਕਟ ਮੈਚ ਦੇ 5ਵੇਂ ਤੇ ਆਖਰੀ ਦਿਨ ਦੱਖਣੀ ਅਫਰੀਕਾ ਨੂੰ 214 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ’ਚ 1-0 ਦੀ ਬੜ੍ਹਤ ਬਣਾ ਲਈ।
ਹੇਜ਼ਲਵੁੱਡ ਨੇ 5ਵੇਂ ਦਿਨ ਦੱਖਣੀ ਅਫਰੀਕਾ ਦੀਆਂ ਬਚੀਆਂ ਹੋਈਆਂ 6 ਵਿਕਟਾਂ ’ਚੋਂ 4 ਲਈਆਂ। ਆਸਟ੍ਰੇਲੀਆ ਦੀਆਂ 421 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵਿਸ਼ਵ ਟੈਸਟ ਚੈਂਪੀਅਨ ਦੱਖਣੀ ਅਫਰੀਕੀ ਟੀਮ ਦੁਪਹਿਰ ਦੇ ਖਾਣੇ ਦੇ ਇਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ 86.5 ਓਵਰਾਂ ’ਚ 206 ਦੌੜਾਂ ’ਤੇ ਸਿਮਟ ਗਈ। ਆਸਟ੍ਰੇਲੀਆ ਦੇ ਦੂਜੀ ਨਵੀਂ ਗੇਂਦ ਲੈਣ ਦੇ 5 ਓਵਰਾਂ ਦੇ ਅੰਦਰ ਹੀ ਮੇਜ਼ਬਾਨ ਟੀਮ ਆਊਟ ਹੋ ਗਈ।
ਮੱਧਕ੍ਰਮ ਦਾ ਬੱਲੇਬਾਜ਼ ਮੈਟ ਰੇਨਸ਼ਾਅ ਇਸ ਮੁਕਾਬਲੇ ’ਚ ਸਭ ਤੋਂ ਸਫਲ ਖਿਡਾਰੀ ਰਿਹਾ। ਉਸ ਨੇ ਆਸਟ੍ਰੇਲੀਆ ਦੀ 390 ਦੌੜਾਂ ਦੀ ਪਹਿਲੀ ਪਾਰੀ ’ਚ 190 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਦੂਜੀ ਪਾਰੀ ’ਚ ਵੀ 82 ਦੌੜਾਂ ਬਣਾਈਆਂ। ਰੇਨਸ਼ਾਅ ਨੇ ਆਪਣੀ ਕੰਮਚਲਾਊ ਸਪਿੰਨ ਗੇਂਦਬਾਜ਼ੀ ਨਾਲ ਟੈਸਟ ਕਰੀਅਰ ਦੀਆਂ ਪਹਿਲੀਆਂ 2 ਵਿਕਟਾਂ ਵੀ ਹਾਸਲ ਕੀਤੀਆਂ।
ਦੱਖਣੀ ਅਫਰੀਕਾ ਵੱਲੋਂ ਸਲਾਮੀ ਬੱਲੇਬਾਜ਼ ਐਡਨ ਮਾਰਕ੍ਰਮ ਨੇ ਚੌਥੀ ਪਾਰੀ ’ਚ ਲਗਭਗ 6 ਘੰਟੇ ਤੱਕ ਸੰਘਰਸ਼ ਕੀਤਾ। ਉਸ ਨੇ 237 ਗੇਂਦਾਂ ’ਚ 75 ਦੌੜਾਂ ਬਣਾਈਆਂ ਅਤੇ ਆਊਟ ਹੋਣ ਵਾਲਾ 9ਵਾਂ ਬੱਲੇਬਾਜ਼ ਰਿਹਾ। ਮਾਰਕ੍ਰਮ ਦਾ ਕੈਚ ਮਿਸ਼ੇਲ ਸਟਾਰਕ ਦੀ ਗੇਂਦ ’ਤੇ ਵਿਕਟਕੀਪਰ ਐਲੇਕਸ ਕੈਰੀ ਨੇ ਫੜਿਆ।
ਹੇਜ਼ਲਵੁੱਡ ਨੇ ਮਾਰਕ੍ਰਮ ਤੇ ਵਿਆਨ ਮੂਲਡਰ ਵਿਚਾਲੇ ਚੱਲ ਰਹੀ ਸੰਘਰਸ਼ਪੂਰਨ ਸਾਂਝੇਦਾਰੀ ਨੂੰ ਤੋੜਿਆ। ਦੋਵਾਂ ਨੇ ਸੋਮਵਾਰ ਨੂੰ ਇਹ ਸਾਂਝੇਦਾਰੀ ਸ਼ੁਰੂ ਕੀਤੀ ਸੀ ਅਤੇ ਮੰਗਲਵਾਰ ਨੂੰ ਵੀ ਲਗਭਗ 2 ਘੰਟੇ ਤੱਕ ਆਸਟ੍ਰੇਲੀਅਨ ਗੇਂਦਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ।
ਹੇਜ਼ਲਵੁੱਡ ਨੇ ਐਨਰਿਕ ਨੋਰਤਜੇ (4) ਨੂੰ ਨਾਥਨ ਲਿਓਨ ਦੇ ਹੱਥੋਂ ਕੈਚ ਕਰਵਾ ਕੇ ਆਸਟ੍ਰੇਲੀਆ ਦੀ ਜਿੱਤ ਯਕੀਨੀ ਕੀਤੀ।
