ਅਮਰੀਕਾ, ਆਇਰਲੈਂਡ ਵਿਚਾਲੇ ਦੂਜਾ ਵਨਡੇ ਇਕ ਦਿਨ ਲਈ ਮੁਲਤਵੀ
Tuesday, Dec 28, 2021 - 04:57 PM (IST)
ਲਾਡਰਹਿੱਲ/ਫਲੋਰੀਡਾ (ਵਾਰਤਾ)- ਅਮਰੀਕਾ ਅਤੇ ਆਇਰਲੈਂਡ ਵਿਚਾਲੇ ਬੁੱਧਵਾਰ ਨੂੰ ਖੇਡਿਆ ਜਾਣ ਵਾਲਾ ਦੂਜਾ ਵਨਡੇ ਕੋਰੋਨਾ ਇਨਫੈਕਸ਼ਨ ਕਾਰਨ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕ੍ਰਿਕੇਟ ਆਇਰਲੈਂਡ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ, "ਕੁਝ ਖਿਡਾਰੀਆਂ ਅਤੇ ਸਪੋਰਟ ਸਟਾਫ਼ ਦੇ ਮੈਂਬਰਾਂ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਦੇ ਕਾਰਨ, ਅਮਰੀਕਾ ਕ੍ਰਿਕੇਟ ਦੇ ਨਾਲ ਗੱਲਬਾਤ ਕਰਕੇ ਆਇਰਲੈਂਡ ਅਤੇ ਅਮਰੀਕਾ ਵਿਚਾਲੇ 28 ਦਸੰਬਰ ਨੂੰ ਦੁਬਾਰਾ ਤੈਅ ਕੀਤੀ ਗਈ ਵਨਡੇ ਸੀਰੀਜ਼ ਹੋਰ ਇਕ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਹੈ। ਬਾਕੀ ਸਾਰੇ ਖਿਡਾਰੀ ਅਤੇ ਸਹਿਯੋਗੀ ਸਟਾਫ਼ ਦੇ ਕਰਮਚਾਰੀ ਸਾਰੇ ਦੌਰ ਦੇ ਕੋਰੋਨਾ ਐਂਟੀਜੇਨ ਟੈਸਟ ਵਿਚ ਨੈਗੇਟਿਵ ਪਾਏ ਗਏ ਹਨ। ਜੇਕਰ ਦੋਵੇਂ ਟੀਮਾਂ ਇਕ ਹੋਰ ਦੌਰ ਦੇ ਟੈਸਟ ਵਿਚ ਨੈਗੇਟਿਵ ਪਾਈਆਂ ਜਾਂਦੀਆਂ ਹਨ, ਤਾਂ ਸੀਰੀਜ਼ 29 ਅਤੇ 30 ਦਸੰਬਰ ਦੀਆਂ ਸੋਧੀਆਂ ਤਾਰੀਖਾਂ ਨਾਲ ਅੱਗੇ ਵਧੇਗੀ।'
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 26 ਦਸੰਬਰ ਬਾਕਸਿੰਗ ਡੇਅ ਨੂੰ ਖੇਡੇ ਜਾਣ ਵਾਲੇ ਪਹਿਲੇ ਵਨਡੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਸੀ, ਹਾਲਾਂਕਿ ਤਿੰਨ ਅੰਪਾਇਰ ਜੋ ਸੰਕਰਮਿਤ ਅੰਪਾਇਰ ਦੇ ਨਜ਼ਦੀਕੀ ਸੰਪਰਕ 'ਚ ਆਏ ਸਨ, ਉਹ ਸਾਰੇ ਹੁਣ ਨੈਗੇਟਿਵ ਪਾਏ ਗਏ ਹਨ। ਤਿੰਨੇ ਅੰਪਾਇਰ ਹੁਣ 29 ਅਤੇ 30 ਦਸੰਬਰ ਨੂੰ ਅੰਪਾਇਰਿੰਗ ਲਈ ਆਈ.ਸੀ.ਸੀ. ਦੀ ਅੰਤਿਮ ਪੁਸ਼ਟੀ ਦੀ ਉਡੀਕ ਕਰ ਰਹੇ ਹਨ।