ਭਾਰਤ ਨੇ ਕ੍ਰਿਕਟ 2018-19 ਘਰੇਲੂ ਸੈਸ਼ਨ ਵਿਚ 2000 ਤੋਂ ਵੱਧ ਮੈਚ ਖੇਡੇ

Tuesday, Apr 30, 2019 - 06:28 PM (IST)

ਭਾਰਤ ਨੇ ਕ੍ਰਿਕਟ 2018-19 ਘਰੇਲੂ ਸੈਸ਼ਨ ਵਿਚ 2000 ਤੋਂ ਵੱਧ ਮੈਚ ਖੇਡੇ

ਨਵੀਂ ਦਿੱਲੀ— 2018-19 ਦੇ ਭਾਰਤੀ ਘਰੇਲੂ ਸੈਸ਼ਨ ਵਿਚ ਇਸ਼ ਵਾਰ 37 ਟੀਮਾਂ ਨੇ ਵੱਖ-ਵੱਖ ਟੂਰਨਾਮੈਂਟਾਂ ਵਿਚ 2024 ਮੈਚ ਖੇਡੇ ਤੇ ਇਨ੍ਹਾਂ ਮੈਚਾਂ ਵਿਚ 6471 ਖਿਡਾਰੀ ਉਤਰੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਦਾ ਘਰੇਲੂ ਸੈਸ਼ਨ 2017-18 ਦੇ ਸੈਸ਼ਨ ਦੇ ਮੁਕਾਬਲੇ ਕਾਫੀ ਵੱਡਾ ਰਿਹਾ। ਇਸ ਸੈਸ਼ਨ ਦੀ ਸਮਾਪਤੀ ਰਾਂਚੀ ਵਿਚ ਮਹਿਲਾ ਅੰਡਰ-23 ਚੈਲੰਜਰ ਟਰਾਫੀ ਫਾਈਨਲ ਦੇ ਨਾਲ ਹੋਈ। 12 ਮਈ ਨੂੰ ਹੋਣ ਵਾਲੇ ਆਈ. ਪੀ. ਐੱਲ. ਫਾਈਨਲ ਦੇ ਨਾਲ 2018-19 ਦਾ ਭਾਰਤੀ ਕ੍ਰਿਕਟ ਸੈਸ਼ਨ ਅਧਿਕਾਰਤ ਰੂਪ ਨਾਲ ਖਤਮ ਹੋ ਜਾਵੇਗਾ, ਜਿਹੜਾ ਕਈ ਅਰਥਾਂ ਵਿਚ ਇਤਿਹਾਸਕ ਰਿਹਾ। ਪਹਿਲੀ ਵਾਰ ਭਾਰਤੀ ਘਰੇਲੂ ਸੈਸ਼ਨ ਵਿਚ 37 ਟੀਮਾਂ ਨੇ 2024 ਮੈਚਾਂ ਵਿਚ ਹਿੱਸਾ ਲਿਆ। 

ਪੂਰੇ ਸੈਸ਼ਨ ਦੌਰਾਨ 13015 ਖਿਡਾਰੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਦਕਿ 6471 ਖਿਡਾਰੀਆਂ ਨੇ ਸੈਸ਼ਨ ਵਿਚ ਹਿੱਸਾ ਲਿਆ। ਦੇਸ਼ ਭਰ ਵਿਚ 100 ਤੋਂ ਵੱਧ ਸ਼ਹਿਰਾਂ ਨੇ ਸੀਨੀਅਰ ਅਤੇ ਵੱਖ-ਵੱਖ ਉਮਰ ਵਰਗਾਂ ਦੇ ਮੈਚਾਂ ਦੀ ਮੇਜ਼ਬਾਨੀ ਕੀਤੀ।  ਬੋਰਡ ਨੇ 170 ਵੀਡੀਓ ਮਾਹਿਰ ਤੇ ਇੰਨੇ ਹੀ ਸਕੋਰਰਾਂ ਦਾ ਇਨ੍ਹਾਂ ਮੈਚਾਂ ਵਿਚ ਇਸਤਾਮੇਲ ਕੀਤਾ ਤਾਂ ਕਿ ਹਰ ਮੈਚ ਬੋਰਡ ਦੀ ਅਧਿਕਾਰਤ ਵੈੱਬਸਾਇਟ 'ਤੇ ਲਾਈਵ ਜਾ ਸਕੇ। ਸੈਸ਼ਨ ਵਿਚ ਵਿਜੇ ਹਜ਼ਾਰੇ ਟਾਰਫੀ ਦੇ 160 ਮੈਚ, ਰਣਜੀ ਦੇ 153 ਮੈਚ, ਮੁਸ਼ਤਾਕ ਅਲੀ ਦੇ 140 ਮੈਚ, ਸੀ. ਕੇ. ਨਾਇਡੂ ਲੀਗ ਦੇ 144 ਮੈਚ, ਅੰਡਰ-23 ਪੁਰਸ਼ ਵਨ ਡੇ ਦੇ 151 ਮੈਚ, ਵੀਨੂ ਮਾਂਕਡ ਦੇ 143 ਮੈਚ, ਕੂਚ ਬਿਹਾਰ ਦੇ 143 ਮੈਚ, ਮਹਿਲਾ ਵਨ ਡੇ ਲੀਗ ਦੇ 151 ਮੈਚ, ਮਹਿਲਾ ਟੀ-20 ਲੀਗ ਦੇ 133 ਮੈਚ, ਮਹਿਲਾ ਅੰਡਰ-23 ਟੀ-20 ਲੀਗ ਦੇ 133 ਮੈਚ, ਮਹਿਲਾ ਅੰਡਰ-23 ਵਨ ਡੇ ਲੀਗ ਦੇ 151 ਮੈਚ ਖੇਡੇ ਗਏ।


Related News