ਮਹਿਲਾ ਜੂਨੀਅਰ ਵਿਸ਼ਵ ਕੱਪ ਲਈ 20 ਮੈਂਬਰੀ ਹਾਕੀ ਟੀਮ ਦਾ ਐਲਾਨ, ਸਲੀਮਾ ਟੇਟੇ ਬਣੀ ਕਪਤਾਨ
Thursday, Mar 17, 2022 - 04:17 PM (IST)
ਨਵੀਂ ਦਿੱਲੀ (ਵਾਰਤਾ)- ਹਾਕੀ ਇੰਡੀਆ ਨੇ ਵੀਰਵਾਰ ਨੂੰ FIH ਮਹਿਲਾ ਜੂਨੀਅਰ ਵਿਸ਼ਵ ਕੱਪ 2021 ਲਈ 20 ਮੈਂਬਰੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਟੀਮ ਦੀ ਕਪਤਾਨ ਸਲੀਮਾ ਟੇਟੇ ਨੂੰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ, ਓਮੀਕਰੋਨ-ਖਤਰੇ ਕਾਰਨ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਟੂਰਨਾਮੈਂਟ ਨੂੰ 2022 ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਮੁਕਾਬਲਾ ਹੁਣ 1 ਅਪ੍ਰੈਲ 2022 ਨੂੰ ਦੱਖਣੀ ਅਫਰੀਕਾ ਦੇ ਪੋਚੇਫਸਟਰੂਮ ਵਿਚ ਸ਼ੁਰੂ ਹੋਣ ਵਾਲਾ ਹੈ। ਭਾਰਤ ਨੂੰ ਜਰਮਨੀ, ਮਲੇਸ਼ੀਆ ਅਤੇ ਵੇਲਜ਼ ਦੇ ਨਾਲ ਪੂਲ ਡੀ ਵਿਚ ਰੱਖਿਆ ਗਿਆ ਹੈ। ਭਾਰਤੀ ਟੀਮ ਦੀ ਕਪਤਾਨੀ ਸਲੀਮਾ ਟੇਟੇ ਅਤੇ ਉਪ-ਕਪਤਾਨੀ ਇਸ਼ਿਕਾ ਚੌਧਰੀ ਕਰੇਗੀ। ਟੀਮ ਇੰਡੀਆ 2 ਅਪ੍ਰੈਲ, 2022 ਨੂੰ ਵੇਲਜ਼ ਜੂਨੀਅਰ ਮਹਿਲਾ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਇਸ ਤੋਂ ਬਾਅਦ ਭਾਰਤ ਦਾ ਮੈਚ 3 ਅਪ੍ਰੈਲ 2022 ਨੂੰ ਜਰਮਨ ਜੂਨੀਅਰ ਟੀਮ ਨਾਲ ਅਤੇ 5 ਅਪ੍ਰੈਲ 2022 ਨੂੰ ਗਰੁੱਪ-ਸਟੇਜ ਦੇ ਆਖ਼ਰੀ ਮੈਚ ਵਿਚ ਟੀਮ ਮਲੇਸ਼ੀਆ ਨਾਲ ਭਿੜੇਗੀ। ਟੂਰਨਾਮੈਂਟ ਦਾ ਕੁਆਰਟਰ ਫਾਈਨਲ 8 ਅਪ੍ਰੈਲ 2022 ਨੂੰ ਹੋਵੇਗਾ, ਜਦਕਿ ਸੈਮੀਫਾਈਨਲ 10 ਅਪ੍ਰੈਲ 2022 ਨੂੰ ਅਤੇ ਫਾਈਨਲ 12 ਅਪ੍ਰੈਲ 2022 ਨੂੰ ਖੇਡਿਆ ਜਾਵੇਗਾ।