ਚੀਨ ’ਚ ਨੌਜਵਾਨ ਬੇਰੋਜ਼ਗਾਰੀ ਦਰ 46.5 ਫੀਸਦੀ ਪੁੱਜੀ

07/29/2023 4:25:30 PM

ਚੀਨ ’ਚ ਸੀ. ਪੀ. ਸੀ. (ਕਮਿਊਨਿਸਟ ਪਾਰਟੀ ਆਫ ਚਾਈਨਾ) ਇਸ ਗੱਲ ਦਾ ਦਾਅਵਾ ਕਰ ਰਹੀ ਸੀ ਕਿ ਚੀਨ ’ਚ ਇਸ ਸਮੇਂ ਨੌਜਵਾਨ ਬੇਰੋਜ਼ਗਾਰੀ ਦਰ ਇਤਿਹਾਸ ’ਚ ਸਭ ਤੋਂ ਵੱਧ ਹੈ ਅਤੇ ਉਸ ਦਾ ਫੀਸਦੀ 21.3 ਫੀਸਦੀ ਹੈ, ਇਹ ਰਿਪੋਰਟ ਇਸ ਸਾਲ ਜੂਨ ’ਚ ਜਾਰੀ ਹੋਈ ਸੀ। ਇਸ ਖਬਰ ਨੇ ਪੂਰੇ ਚੀਨ ’ਚ ਹਲਚਲ ਮਚਾ ਦਿੱਤੀ ਸੀ ਪਰ ਅਜੇ ਪੀਕਿੰਗ ਯੂਨੀਵਰਸਿਟੀ ਦੀ ਤਾਜ਼ਾ ਰਿਪੋਰਟ ਆਈ ਹੈ ਜਿਸ ’ਚ ਕਿਹਾ ਗਿਆ ਹੈ ਕਿ ਸੀ. ਪੀ. ਸੀ. ਵੱਲੋਂ ਜਾਰੀ ਰਿਪੋਰਟ ਤੋਂ ਕਿਤੇ ਵੱਧ ਬੇਰੋਜ਼ਗਾਰੀ ਹੈ। 17 ਜੁਲਾਈ ਨੂੰ ਚੀਨ ਦੀ ਇਕ ਅਖਬਾਰ ’ਚ ਛਪੀ ਪੀਕਿੰਗ ਯੂਨੀਵਰਸਿਟੀ ਦੇ ਨੈਸ਼ਨਲ ਸਕੂਲ ਆਫ ਡਿਵੈਲਪਮੈਂਟ ਦੇ ਅਰਥਸ਼ਾਸਤਰ ਦੇ ਇਕ ਪ੍ਰੋਫੈਸਰ ਸ਼ਾਨ ਧਯੇਨ ਵੱਲੋਂ ਬਣਾਈ ਗਈ ਰਿਪੋਰਟ ਮੁਤਾਬਕ ਅਸਲ ਨੌਜਵਾਨ ਬੇਰੋਜ਼ਗਾਰੀ ਦੀ ਗਿਣਤੀ 45 ਫੀਸਦੀ ਹੈ ਜੋ ਚੀਨ ਦੇ ਇਤਿਹਾਸ ’ਚ ਬੇਰੋਜ਼ਗਾਰੀ ਦੇ ਸਾਰੇ ਅੰਕੜਿਆਂ ’ਚ ਬਹੁਤ ਜ਼ਿਆਦਾ ਹੈ।

ਇਸ ਲੇਖ ’ਚ ਇਸ ਗੱਲ ਦਾ ਵਰਨਣ ਸੀ ਕਿ ਮਾਰਚ 2023 ’ਚ ਜੋ ਅੰਕੜੇ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਆਫ ਚਾਈਨਾ ਤੋਂ ਲਏ ਗਏ ਹਨ ਉਨ੍ਹਾਂ ਅਨੁਸਾਰ ਪੂਰੇ ਚੀਨ ’ਚ ਲਗਭਗ 9 ਕਰੋੜ 60 ਲੱਖ ਸ਼ਹਿਰੀ ਨੌਜਵਾਨ ਜਿਨ੍ਹਾਂ ਦੀ ਉਮਰ 16 ਤੋਂ 24 ਸਾਲ ਦੀ ਹੈ, ਇਨ੍ਹਾਂ ’ਚੋਂ 6 ਕਰੋੜ 40 ਲੱਖ ਨੌਜਵਾਨਾਂ ਨੂੰ ਗੈਰ-ਮੌਜੂਦਗੀ ਵਾਲੀ ਸ਼੍ਰੇਣੀ ’ਚ ਰੱਖਿਆ ਗਿਆ ਹੈ, ਉੱਥੇ 3 ਕਰੋੜ 20 ਲੱਖ ਨੌਜਵਾਨਾਂ ਨੂੰ ਮਜ਼ਦੂਰੀ ਵਾਲੀ ਸ਼੍ਰੇਣੀ ’ਚ ਰੱਖਿਆ ਗਿਆ ਹੈ, 6 ਕਰੋੜ 40 ਲੱਖ ਗੈਰ-ਮਜ਼ਦੂਰੀ ਦੀ ਸ਼੍ਰੇਣੀ ਵਾਲੇ ਨੌਜਵਾਨਾਂ ’ਚ 4 ਕਰੋੜ 80 ਲੱਖ ਨੌਜਵਾਨ ਵਿਦਿਆਰਥੀ ਹਨ ਅਤੇ 1 ਕਰੋੜ 60 ਲੱਖ ਨੌਜਵਾਨ ਗੈਰ-ਵਿਦਿਆਰਥੀਆਂ ਦੀ ਸ਼੍ਰੇਣੀ ’ਚ ਆਉਂਦੇ ਹਨ।

ਓਧਰ 3 ਕਰੋੜ 20 ਲੱਖ ਮਜ਼ਦੂਰਾਂ ਦੀ ਸ਼੍ਰੇਣੀ ਵਾਲੇ ਨੌਜਵਾਨਾਂ ’ਚ 2 ਕਰੋੜ 57 ਲੱਖ ਨੌਜਵਾਨਾਂ ਕੋਲ ਨੌਕਰੀ ਹੈ ਅਤੇ 6 ਕਰੋੜ 30 ਲੱਖ ਨੌਜਵਾਨਾਂ ਕੋਲ ਕੋਈ ਨੌਕਰੀ ਨਹੀਂ ਹੈ। ਚੀਨ ’ਚ ਸੀ. ਪੀ. ਸੀ. ਹੁਕਮਰਾਨ ਹਮੇਸ਼ਾ ਆਪਣੇ ਦੇਸ਼ ਦੇ ਖਰਾਬ ਅਕਸ ਨੂੰ ਦੁਨੀਆ ਤੋਂ ਬਚਾਉਣ ਲਈ ਆਏ ਦਿਨ ਨਾਯਾਬ ਤਰੀਕੇ ਲੱਭਦੇ ਹਨ। ਆਪਣੇ ਦੇਸ਼ ਦੀ ਨੌਜਵਾਨ ਬੇਰੋਜ਼ਗਾਰੀ ਦਰ ਨੂੰ ਲੁਕਾਉਣ ਲਈ ਇਨ੍ਹਾਂ ਨੇ ਅਜਿਹਾ ਹੀ ਇਕ ਨਾਯਾਬ ਤਰੀਕਾ ਲੱਭ ਲਿਆ ਹੈ ਜਿਸ ’ਚ ਸਰਕਾਰੀ ਅੰਕੜੇ ਤਿਆਰ ਕਰਦੇ ਸਮੇਂ ਗੈਰ-ਮਜ਼ਦੂਰਾਂ ਵਾਲੀ ਸ਼੍ਰੇਣੀ ਦੇ ਨੌਜਵਾਨਾਂ ਨੂੰ ਬੇਰੋਜ਼ਗਾਰਾਂ ਦੀ ਸ਼੍ਰੇਣੀ ’ਚ ਨਹੀਂ ਗਿਣਿਆ ਜਾਂਦਾ ਹੈ। ਸਰਕਾਰੀ ਅੰਕੜਿਆਂ ’ਚ ਸਿਰਫ ਉਨ੍ਹਾਂ ਨੌਜਵਾਨਾਂ ਦੀ ਗਿਣਤੀ ਕੀਤੀ ਜਾਂਦੀ ਹੈ ਜੋ ਮਜ਼ਦੂਰਾਂ ਦੀ ਸ਼੍ਰੇਣੀ ’ਚ ਆਉਂਦੇ ਹਨ ਅਤੇ ਉਨ੍ਹਾਂ ਕੋਲ ਨੌਕਰੀ ਨਹੀਂ ਹੈ।

ਜੇ 1 ਕਰੋੜ 60 ਲੱਖ ਗੈਰ-ਮਜ਼ਦੂਰਾਂ ਵਾਲੀ ਸ਼੍ਰੇਣੀ ਦੇ ਨੌਜਵਾਨਾਂ ਨੂੰ ਵੀ ਬੇਰੋਜ਼ਗਾਰਾਂ ਦੀ ਸ਼੍ਰੇਣੀ ’ਚ ਗਿਣਿਆ ਜਾਵੇ ਤਾਂ ਮਾਰਚ 2023 ’ਚ ਜਾਰੀ ਅੰਕੜਿਆਂ ਮੁਤਾਬਕ ਇਸ ਸਮੇਂ ਪੂਰੇ ਚੀਨ ’ਚ ਬੇਰੋਜ਼ਗਾਰ ਨੌਜਵਾਨਾਂ ਦਾ ਫੀਸਦੀ 46.5 ਫੀਸਦੀ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਅਧਿਕਾਰਤ ਅੰਕੜਿਆਂ ਨੂੰ ਜੁਟਾਉਣ ਦੇ ਜੋ ਤੌਰ-ਤਰੀਕੇ ਅਪਣਾਏ ਗਏ ਉਹ ਵੀ ਚੀਨ ’ਚ ਨੌਜਵਾਨ ਬੇਰੋਜ਼ਗਾਰਾਂ ਦੇ ਸਹੀ ਅੰਕੜੇ ਪੇਸ਼ ਨਹੀਂ ਕਰਦੇ, 46.5 ਫੀਸਦੀ ਦੀ ਜੋ ਤਸਵੀਰ ਉਭਰ ਕੇ ਸਾਹਮਣੇ ਆ ਰਹੀ ਹੈ, ਨੌਜਵਾਨ ਬੇਰੋਜ਼ਗਾਰਾਂ ਦੀ ਅਸਲ ਗਿਣਤੀ ਇਸ ਤੋਂ ਵੀ ਕਿਤੇ ਵੱਧ ਹੈ।

ਅਧਿਕਾਰਤ ਅੰਕੜੇ ਜੁਟਾਉਣ ਲਈ ਜਿਨ੍ਹਾਂ ਤਰੀਕਿਆਂ ਦੀ ਵਰਤੋਂ ਚੀਨ ’ਚ ਕੀਤੀ ਜਾਂਦੀ ਹੈ ਉਸ ’ਚ ਉਮਰ ਹੱਦ ਦੇ ਆਧਾਰ ’ਤੇ 3 ਸ਼੍ਰੇਣੀਆਂ ਬਣਾਈਆਂ ਜਾਂਦੀਆਂ ਹਨ। ਪਹਿਲੀ, ਜਿਨ੍ਹਾਂ ਕੋਲੋਂ ਕਿਰਤ ਸਮਰੱਥਾ ਨਹੀਂ ਹੈ, ਦੂਜੀ ਸ਼੍ਰੇਣੀ ਉਨ੍ਹਾਂ ਲੋਕਾਂ ਦੀ ਹੈ ਜੋ ਕੰਮ ਨਹੀਂ ਕਰਨਾ ਚਾਹੁੰਦੇ, ਤੀਜੀ ਸ਼੍ਰੇਣੀ ਉਨ੍ਹਾਂ ਦੀ ਹੈ ਜੋ ਮਜ਼ਦੂਰਾਂ ਦੀ ਸ਼੍ਰੇਣੀ ’ਚ ਆਉਂਦੇ ਹਨ ਅਤੇ ਉਹ ਕੰਮ ਵੀ ਕਰਨਾ ਚਾਹੁੰਦੇ ਹਨ। ਜਦ ਬੇਰੋਜ਼ਗਾਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਤਾਂ ਸਿਰਫ ਤੀਜੀ ਸ਼੍ਰੇਣੀ ਦੀ ਆਬਾਦੀ ਨੂੰ ਹੀ ਉਨ੍ਹਾਂ ’ਚ ਗਿਣਿਆ ਜਾਂਦਾ ਹੈ ਅਤੇ ਪਹਿਲੀ ਦੋ ਸ਼੍ਰੇਣੀ ਦੀ ਆਬਾਦੀ ਨੂੰ ਇਸ ਤੋਂ ਬਾਹਰ ਰੱਖਿਆ ਜਾਂਦਾ ਹੈ।

ਇਸ ਤੋਂ ਸਾਫ ਤੌਰ ’ਤੇ ਸਮਝਿਆ ਜਾ ਸਕਦਾ ਹੈ ਕਿ ਚੀਨ ਸਰਕਾਰ ਬੇਰੋਜ਼ਗਾਰੀ ਦੇ ਮੁੱਦੇ ’ਤੇ ਬੁਰੀ ਤਰ੍ਹਾਂ ਨਾਲ ਘਿਰ ਚੁੱਕੀ ਹੈ ਅਤੇ ਉਹ ਸਰਕਾਰੀ ਮੀਡੀਆ ਵੱਲੋਂ ਝੂਠਾ ਪ੍ਰਚਾਰ ਕਰ ਕੇ ਇਸ ਮੁੱਦੇ ਨੂੰ ਮਿੱਟੀ ’ਚ ਦਫਨ ਕਰ ਦੇਣਾ ਚਾਹੁੰਦੀ ਹੈ। 


Rakesh

Content Editor

Related News