ਅਣਪਛਾਤੇ ਵਹੀਕਲ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਹੋਈ ਮੌਤ
Tuesday, May 13, 2025 - 04:31 PM (IST)

ਗੁਰੂਹਰਸਹਾਏ (ਕਾਲੜਾ) : ਗੁਰੂਹਰਸਹਾਏ ਦੇ ਐੱਫਐੱਫ ਰੋਡ ’ਤੇ ਅਣਪਛਾਤੇ ਵਹੀਕਲ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਨਾਲ ਨੌਜਵਾਨ ਜ਼ਖਮੀ ਹੋ ਗਿਆ ਅਤੇ ਉਸ ਦੀ ਦੌਰਾਨੇ ਇਲਾਜ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਅਣਪਛਾਤੇ ਵਹੀਕਲ ਚਾਲਕ ਖ਼ਿਲਾਫ 106 (1), 281 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬਲਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਵਾਸਲ ਮੋਹਨ ਕੇ ਨੇ ਦੱਸਿਆ ਕਿ ਮਿਤੀ 11 ਮਈ 2025 ਨੂੰ ਉਹ ਤੇ ਉਸ ਦਾ ਲੜਕਾ ਕ੍ਰਿਸ਼ਨ ਸਿੰਘ ਦੋਵੇਂ ਆਪਣੇ ਮੋਟਰਸਾਈਕਲ ਨੰਬਰ ਪੀਬੀ 77-5648 ’ਤੇ ਸਵਾਰ ਹੋ ਕੇ ਆਪਣੇ ਕੰਮਕਾਰ ਦੇ ਸਬੰਧ ਵਿਚ ਪਿੰਡੀ ਗਏ ਸੀ ਤੇ ਉਥੋਂ ਕਰੀਬ 1 ਵਜੇ ਉਸ ਦਾ ਲੜਕਾ ਕ੍ਰਿਸ਼ਨ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਪਿੰਡ ਵਾਸਲ ਮੋਹਨ ਕੇ ਨੂੰ ਚੱਲ ਪਿਆ ਤੇ ਉਹ ਅਜੇ ਪਿੰਡੀ ਹੀ ਸੀ ਤਾਂ ਕੁਝ ਸਮੇਂ ਬਾਅਦ ਉਸ ਨੂੰ ਕਿਸੇ ਪਾਸੋਂ ਪਤਾ ਲੱਗਾ ਕਿ ਮਦਾਨ ਮਾਰਬਲ ਦੇ ਬਰਾਬਰ ਐੱਫਐੱਫ ਰੋਡ ’ਤੇ ਕਿਸੇ ਅਣਪਛਾਤੇ ਵਹੀਕਲ ਨੇ ਉਸ ਦੇ ਲੜਕੇ ਕ੍ਰਿਸ਼ਨ ਸਿੰਘ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਵੇਖਿਆ ਕਿ ਉਸ ਦਾ ਲੜਕਾ ਸੜਕ ’ਤੇ ਡਿੱਗਿਆ ਪਿਆ ਸੀ ਜਿਸ ਦੇ ਸਿਰ ਵਿਚ ਸੱਟ ਲੱਗੀ ਹੋਈ ਸੀ ਤੇ ਹੋਰ ਵੀ ਸੱਟਾਂ ਲੱਗ ਚੁੱਕੀਆਂ ਸਨ ਤੇ ਉਸ ਦੇ ਨੇੜੇ ਹੀ ਮੋਟਰਸਾਈਕਲ ਡਿੱਗਿਆ ਪਿਆ ਸੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਸਵਾਰੀ ਦਾ ਪ੍ਰਬੰਧ ਕਰਕੇ ਕ੍ਰਿਸ਼ਨ ਸਿੰਘ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ ਤੇ ਇਥੋਂ ਰੈਫਰ ਹੋਣ 'ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾ ਦਿੱਤਾ, ਜਿਥੇ ਉਸ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਹੀਕਲ ਚਾਲਕ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।