ਨੌਜਵਾਨ ਪੀੜ੍ਹੀ ਦੇ ''ਪ੍ਰੇਰਨਾਸ੍ਰੋਤ'' ਕੌਣ ਹੋਣ?
Monday, Aug 13, 2018 - 04:11 AM (IST)

ਜੋ ਵਿਅਕਤੀ ਦੇਸ਼ ਤੇ ਸਮਾਜ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦਾ ਹੈ, ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ। ਸ਼ਹੀਦੀ ਸਿਰਫ ਮੌਤ ਦੇ ਨਾਲ ਹੀ ਜੁੜੀ ਨਹੀਂ ਹੁੰਦੀ, ਸਗੋਂ ਅਜਿਹੇ ਵਿਅਕਤੀ ਆਪਣੇ ਟੀਚੇ ਦੀ ਪ੍ਰਾਪਤੀ ਲਈ ਜੀਵਨ ਭਰ ਆਪਣੇ ਯਤਨਾਂ ਨੂੰ ਵੀ ਬਿਨਾਂ ਥੱਕੇ ਅਤੇ ਬਿਨਾਂ ਕਿਸੇ ਲੋਭ-ਲਾਲਚ ਦੇ ਸਮਰਪਿਤ ਕਰਦੇ ਦਿਖਾਈ ਦਿੰਦੇ ਹਨ। ਆਜ਼ਾਦੀ ਅੰਦੋਲਨ ਵਿਚ ਜੋ ਵੀ ਵਿਅਕਤੀ ਜੁੜਨ ਦਾ ਯਤਨ ਕਰਦਾ ਸੀ, ਉਹ ਹਮੇਸ਼ਾ ਆਪਣੀ ਜਾਨ ਤਲੀ 'ਤੇ ਰੱਖੀ ਹੋਈ ਦਿਖਾਈ ਦਿੰਦਾ ਸੀ। 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 21 ਅਕਤੂਬਰ ਪੁਲਸ ਬਲ ਦਾ ਵੱਖਰਾ ਸ਼ਹੀਦੀ ਦਿਵਸ ਹੈ। 17 ਨਵੰਬਰ ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਵਸ ਅਤੇ 19 ਨਵੰਬਰ ਨੂੰ ਰਾਣੀ ਲਕਸ਼ਮੀ ਬਾਈ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਨ੍ਹਾਂ ਪ੍ਰਮੁੱਖ ਸ਼ਹੀਦਾਂ ਤੋਂ ਇਲਾਵਾ ਵੀ ਲੱਖਾਂ ਹੋਰ ਮਹਾਨ ਆਤਮਾਵਾਂ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇਸ਼ ਅਤੇ ਸਮਾਜ ਦੀ ਰੱਖਿਆ ਅਤੇ ਸੇਵਾ 'ਚ ਸਮਰਪਿਤ ਕੀਤੀ ਹੈ। ਉਨ੍ਹਾਂ ਆਮ ਲੋਕਾਂ ਦੀ ਸ਼ਹਾਦਤ ਉਨ੍ਹਾਂ ਦੇ ਪਰਿਵਾਰ ਦੀਆਂ ਯਾਦਾਂ ਤਕ ਹੀ ਸੀਮਤ ਹੋ ਜਾਂਦੀ ਹੈ।
ਬਦਕਿਸਮਤੀ ਨਾਲ ਸਾਨੂੰ ਬ੍ਰਿਟਿਸ਼ ਸਿਆਸੀ ਸਾਜ਼ਿਸ਼ ਦੇ ਤਹਿਤ ਇਕ ਅਜਿਹਾ ਗੁਆਂਢੀ ਦੇਸ਼ ਮਿਲਿਆ, ਜਿਸ ਦੇ ਨਾਲ ਆਜ਼ਾਦੀ ਤੋਂ ਬਾਅਦ ਪੂਰਾ ਅਰਸਾ ਲਗਾਤਾਰ ਜੰਗ ਅਤੇ ਸੰਗਰਾਮ ਵਿਚ ਹੀ ਦਿਖਾਈ ਦਿੰਦਾ ਰਿਹਾ ਹੈ, ਜਿਸ ਦੇ ਖਤਮ ਹੋਣ ਦੀ ਸੰਭਾਵਨਾ ਵੀ ਨੇੜ- ਭਵਿੱਖ ਵਿਚ ਦਿਖਾਈ ਨਹੀਂ ਦੇ ਰਹੀ। ਅਜਿਹੀਆਂ ਔਖੀਆਂ ਹਾਲਤਾਂ ਵਿਚ ਅੱਜ ਜੇਕਰ ਭਾਰਤ ਦੇ ਨਾਗਰਿਕ ਸੁਰੱਖਿਅਤ ਹਨ, ਸਾਡਾ ਦੇਸ਼ ਲਗਾਤਾਰ ਵਿਕਾਸ ਦੇ ਮਾਰਗ 'ਤੇ ਕੌਮਾਂਤਰੀ ਪੱਧਰ 'ਤੇ ਦੌੜਦਾ ਹੋਇਆ ਦਿਖਾਈ ਦੇ ਰਿਹਾ ਹੈ, ਸਾਡੇ ਨਾਗਰਿਕ ਆਪਣੀ ਸਿੱਖਿਆ ਅਤੇ ਕਲਾ-ਹੁਨਰ ਦਾ ਵਿਕਾਸ ਕਰਦੇ ਹੋਏ ਸੁਖੀ ਜ਼ਿੰਦਗੀ ਬਤੀਤ ਕਰ ਰਹੇ ਹਨ, ਤਾਂ ਇਸ ਦਾ ਪੂਰਾ ਸਿਹਰਾ ਦੇਸ਼ ਦੇ ਉਨ੍ਹਾਂ ਕੋਟਿ-ਕੋਟਿ ਫੌਜੀਆਂ, ਪੁਲਸ ਅਤੇ ਨੀਮ ਫੌਜੀ ਬਲਾਂ ਦੇ ਉਨ੍ਹਾਂ ਜਵਾਨਾਂ ਨੂੰ ਜਾਵੇਗਾ, ਜੋ ਦੇਸ਼ ਦੇ ਅੰਦਰ ਅਤੇ ਬਾਹਰੋਂ ਦੇਸ਼ ਦੀ ਰੱਖਿਆ ਲਈ ਹਰ ਕਿਸਮ ਦੇ ਹਮਲਿਆਂ ਅਤੇ ਜੁਰਮਾਂ ਨੂੰ ਰੋਕਦੇ ਹਨ। ਉਹ ਦੇਸ਼ਵਾਸੀਆਂ ਦੀ ਸੁਰੱਖਿਆ ਲਈ ਆਪਣੀ ਜੀਵਨ ਲੀਲਾ ਨੂੰ ਵੀ ਦਾਅ 'ਤੇ ਲਾ ਦਿੰਦੇ ਹਨ। ਅਜਿਹੇ ਸ਼ਹੀਦ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਅਨਾਥ ਛੱਡ ਕੇ ਭਾਰਤ ਮਾਤਾ ਦੇ ਨਾਥ, ਭਾਵ ਰਖਵਾਲੇ ਦੀ ਭੂਮਿਕਾ ਨਿਭਾਉਂਦੇ ਹਨ।
ਜਦੋਂ ਵੀ ਸਰਹੱਦ 'ਤੇ ਕਿਸੇ ਫੌਜੀ ਦੀ ਸ਼ਹਾਦਤ ਦੀ ਖ਼ਬਰ ਮਿਲਦੀ ਹੈ, ਤਾਂ ਸਰਹੱਦ ਤੋਂ ਲੈ ਕੇ ਉਸ ਫੌਜੀ ਦੇ ਘਰ, ਗਲੀ, ਪਿੰਡ ਅਤੇ ਸ਼ਹਿਰ ਤਕ ਇਕ ਸ਼ਰਧਾਪੂਰਨ ਵੇਦਨਾ ਨਾਲ ਭਰੀਆਂ ਤਰੰਗਾਂ ਦਿਖਾਈ ਦਿੰਦੀਆਂ ਹਨ। ਇਸੇ ਤਰ੍ਹਾਂ ਅਪਰਾਧੀਆਂ ਨਾਲ ਲੜਦੇ ਹੋਏ ਪੁਲਸ ਬਲ ਦੇ ਜਵਾਨ ਵੀ ਆਪਣੀ ਜਾਨ ਦੀ ਬਾਜ਼ੀ ਲਾਉਂਦੇ ਹੋਏ ਦੇਖੇ ਜਾ ਸਕਦੇ ਹਨ। ਫੌਜ ਅਤੇ ਸਰਕਾਰ ਦੇ ਉੱਚ ਅਧਿਕਾਰੀ ਪੂਰੇ ਸਨਮਾਨ ਨਾਲ ਉਸ ਸ਼ਹੀਦ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਲਈ ਲਿਆਉਂਦੇ ਹੋਏ ਦਿਖਾਈ ਦਿੰਦੇ ਹਨ। ਸਰਕਾਰਾਂ ਵਲੋਂ ਉਚਿਤ ਮੁਆਵਜ਼ਾ ਅਤੇ ਬੱਚਿਆਂ ਦੀ ਸਿੱਖਿਆ, ਨੌਕਰੀ ਆਦਿ ਦੇ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ਵੀ ਦਿਖਾਈ ਦਿੰਦੀਆਂ ਹਨ ਪਰ ਕੁਝ ਹੀ ਹਫਤਿਆਂ ਜਾਂ ਮਹੀਨਿਆਂ ਮਗਰੋਂ ਉਹ ਸਾਰੀ ਵੇਦਨਾ ਵਾਲੀਆਂ ਤਰੰਗਾਂ ਸਿਰਫ ਪਰਿਵਾਰ ਤਕ ਹੀ ਸੀਮਤ ਹੋ ਜਾਂਦੀਆਂ ਹਨ। ਸ਼ਹਾਦਤ ਦੇ ਕੁਝ ਸਮੇਂ ਬਾਅਦ ਹੀ ਸਮਾਜ ਅਤੇ ਸਰਕਾਰਾਂ ਮੁੜ ਤੋਂ ਆਪੋ-ਆਪਣੇ ਅਨੰਦ 'ਚ ਮਗਨ ਦਿਖਾਈ ਦਿੰਦੀਆਂ ਹਨ, ਜਦਕਿ ਸ਼ਹੀਦ ਦਾ ਬੇਸਹਾਰਾ ਪਰਿਵਾਰ ਆਪਣੇ ਦੁੱਖਾਂ ਨੂੰ ਆਪਣੀ ਪਛਾਣ ਬਣਾ ਲੈਂਦਾ ਹੈ। ਕੁਝ ਥਾਵਾਂ 'ਚ ਜ਼ਰੂਰ ਹੀ ਸਮੇਂ-ਸਮੇਂ 'ਤੇ ਆਪਣੇ ਇਲਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਕੁਝ ਛੋਟੇ-ਮੋਟੇ ਪ੍ਰੋਗਰਾਮਾਂ ਦੇ ਆਯੋਜਨ ਚੱਲਦੇ ਰਹਿੰਦੇ ਹਨ ਪਰ ਅਜਿਹੇ ਆਯੋਜਨ ਵੀ ਇਕ-ਦੋ ਸਾਲਾਂ ਬਾਅਦ ਖ਼ੁਦ ਹੀ ਖਤਮ ਹੋ ਜਾਂਦੇ ਹਨ। ਯਾਦਗਾਰੀ ਪ੍ਰੋਗਰਾਮਾਂ ਤੋਂ ਇਲਾਵਾ ਇਕ ਸ਼ਹਾਦਤ ਦੀ ਪ੍ਰੇਰਨਾ ਪੈਦਾ ਹੋਣੀ ਚਾਹੀਦੀ ਹੈ ਪਰ ਸ਼ਹੀਦ ਫੌਜੀ ਪਰਿਵਾਰ ਦੀ ਦੁਰਦਸ਼ਾ ਦੇਖ ਕੇ ਦੇਸ਼ ਸੇਵਾ ਵਿਚ ਸ਼ਹੀਦ ਹੋਣ ਦੀ ਪ੍ਰੇਰਨਾ ਨਹੀਂ, ਸਗੋਂ ਹੋਰ ਨਾਗਰਿਕਾਂ ਦੇ ਮਨ ਵਿਚ ਇਸ ਦਾ ਉਲਟ ਅਸਰ ਪੈਣ ਲੱਗਦਾ ਹੈ। ਲੋਕ ਆਪਣੇ ਨੌਜਵਾਨਾਂ ਨੂੰ ਦੇਸ਼ ਸੇਵਾ ਦੇ ਮਕਸਦ ਨਾਲ ਫੌਜ ਅਤੇ ਪੁਲਸ ਬਲਾਂ ਵਰਗੇ ਵਿਭਾਗਾਂ ਵਿਚ ਜਾਣ ਤੋਂ ਰੋਕਦੇ ਹੋਏ ਦਿਖਾਈ ਦਿੰਦੇ ਹਨ।
ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਸਬੰਧ ਵਿਚ ਇਕ ਵਿਸ਼ੇਸ਼ ਯੋਜਨਾ ਬਣਾ ਕੇ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਪੂਰਾ ਸਨਮਾਨ ਦੇਣ ਦੇ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹਨ। ਇਸ ਦਿਸ਼ਾ ਵਿਚ ਇਕ ਸਾਧਾਰਨ ਪਰ ਦੂਰਰਸੀ ਅਸਰ ਵਾਲੀ ਯੋਜਨਾ ਇਹ ਬਣ ਸਕਦੀ ਹੈ ਕਿ ਸ਼ਹੀਦ ਹੋਣ ਵਾਲੇ ਹਰੇਕ ਫੌਜੀ ਜਾਂ ਪੁਲਸ ਅਧਿਕਾਰੀ ਦੀ ਇਕ ਵੱਡੀ ਤਸਵੀਰ ਉਸ ਦੀ ਸੰਖੇਪ ਪਛਾਣ ਅਤੇ ਪਰਿਵਾਰਕ ਪਿਛੋਕੜ ਦੇ ਨਾਲ ਉਸ ਸਕੂਲ ਦੇ ਕਿਸੇ ਇਕ ਕਮਰੇ ਵਿਚ ਸਥਾਪਿਤ ਕੀਤੀ ਜਾਵੇ, ਜਿਸ ਵਿਚ ਕਦੇ ਇਹ ਜਵਾਨ ਵਿਦਿਆਰਥੀ ਦੇ ਰੂਪ 'ਚ ਪੜ੍ਹਦਾ ਸੀ। ਇਸ ਤਸਵੀਰ ਅਤੇ ਯਾਦ ਦੇ ਨਾਲ ਦੇਸ਼ ਲਈ ਮੁਕੰਮਲ ਸਮਰਪਣ ਅਤੇ ਸੇਵਾ ਭਾਵਨਾ ਦੀਆਂ ਪ੍ਰੇਰਨਾਵਾਂ ਵੀ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਜਿਹੇ ਸ਼ਹੀਦਾਂ ਦੀ ਬਰਸੀ ਦੇ ਮੌਕੇ 'ਤੇ ਸਕੂਲਾਂ 'ਚ ਪ੍ਰਾਰਥਨਾ ਸਭਾ ਦੇ ਸਮੇਂ ਉਨ੍ਹਾਂ ਦੇ ਮਾਪਿਆਂ ਅਤੇ ਸਮਾਜ ਦੇ ਹੋਰਨਾਂ ਲੋਕਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਯਾਦ ਕੀਤਾ ਜਾਵੇ। ਸਿਰਫ ਸੜਕਾਂ ਦੇ ਨਾਮਕਰਨ ਆਦਿ ਨਾਲ ਪ੍ਰੇਰਨਾਵਾਂ ਦਾ ਸੰਚਾਰ ਇੰਨਾ ਨਹੀਂ ਹੋ ਸਕਦਾ, ਜਿੰਨਾ ਸਕੂਲਾਂ ਰਾਹੀਂ ਸੰਭਵ ਹੋ ਸਕਦਾ ਹੈ। ਸਕੂਲ 'ਚ ਜਵਾਨੀ ਵੱਲ ਵਧ ਰਹੇ ਵਿਦਿਆਰਥੀਆਂ/ਵਿਦਿਆਰਥਣਾਂ ਪ੍ਰੇਰਨਾਵਾਂ ਨੂੰ ਧਾਰਨ ਕਰਨ 'ਚ ਜ਼ਿਆਦਾ ਕਾਰਗਰ ਸਾਬਿਤ ਹੋ ਸਕਦੀਆਂ ਹਨ।
ਦਿੱਲੀ ਦੇ ਇੰਡੀਆ ਗੇਟ 'ਤੇ ਆਜ਼ਾਦੀ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਅਨੇਕਾਂ ਸ਼ਹੀਦਾਂ ਦੇ ਨਾਂ ਲਿਖੇ ਗਏ ਹਨ ਪਰ ਅੱਜ ਇੰਡੀਆ ਗੇਟ ਸਿਰਫ ਇਕ ਸੈਰ-ਸਪਾਟੇ ਵਾਲੀ ਥਾਂ ਬਣ ਕੇ ਰਹਿ ਗਿਆ ਹੈ। ਇਨ੍ਹਾਂ ਸ਼ਹੀਦਾਂ ਦੇ ਨਾਂ, ਤਸਵੀਰਾਂ, ਪਛਾਣ ਅਤੇ ਪ੍ਰੇਰਨਾਵਾਂ ਜੇਕਰ ਇਨ੍ਹਾਂ ਦੇ ਸਕੂਲਾਂ ਵਿਚ ਸਥਾਪਿਤ ਕੀਤੀਆਂ ਜਾਂਦੀਆਂ ਤਾਂ ਅੱਜ ਉਨ੍ਹਾਂ ਗੁੰਮਨਾਮ ਪਰਿਵਾਰਾਂ ਨੂੰ ਵੀ ਬਰਾਬਰ ਸਨਮਾਨ ਮਿਲਦਾ ਰਹਿੰਦਾ। ਇਕ ਜੀਵਨ ਦੀ ਸ਼ਹਾਦਤ ਬਦਲੇ ਸਿਰਫ ਇਕ ਦਿਨ ਦਾ ਸੰਕੇਤਕ ਸਨਮਾਨ ਨਾ ਤਾਂ ਉਸ ਪਰਿਵਾਰ ਦੀ ਕੋਈ ਭਲਾਈ ਕਰ ਸਕਦਾ ਹੈ ਅਤੇ ਨਾ ਹੀ ਦੇਸ਼ ਤੇ ਸਮਾਜ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਇਸ ਲਈ ਸ਼ਹੀਦਾਂ ਦਾ ਸਨਮਾਨ ਤਾਂ ਹੀ ਚਿਰਸਥਾਈ ਹੋ ਸਕਦਾ ਹੈ, ਜਦੋਂ ਉਨ੍ਹਾਂ ਦੇ ਸਕੂਲਾਂ ਵਿਚ ਉਨ੍ਹਾਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਜਾਣ। ਸਕੂਲਾਂ ਵਿਚ ਸ਼ਹੀਦਾਂ ਦੀਆਂ ਤਸਵੀਰਾਂ, ਪਛਾਣ ਅਤੇ ਪ੍ਰੇਰਨਾਵਾਂ ਸਥਾਪਿਤ ਕਰਨ ਦੇ ਕਈ ਲਾਭ ਹੋਣਗੇ। ਸ਼ਹੀਦ ਪਰਿਵਾਰਾਂ ਦੀ ਪਛਾਣ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਦੀਆਂ ਭਾਵਨਾਵਾਂ ਲਗਾਤਾਰ ਬਣੀਆਂ ਰਹਿਣਗੀਆਂ। ਸ਼ਹੀਦ ਦੇ ਜਨਮ ਦਿਨ ਅਤੇ ਬਰਸੀ 'ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੱਦ ਕੇ ਵਿਸ਼ੇਸ਼ ਆਯੋਜਨਾਂ ਦੇ ਰਾਹ ਪੱਧਰੇ ਹੋਣਗੇ। ਇਕ ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕਰਨ ਦਾ ਅਰਥ ਹੋਵੇਗਾ ਕਿ ਅਨੇਕਾਂ ਬੱਚੇ ਤੇ ਨੌਜਵਾਨ ਅਜਿਹੇ ਰਾਸ਼ਟਰ ਸੇਵਾ ਕਾਰਜਾਂ ਲਈ ਪ੍ਰੇਰਿਤ ਹੋਣਗੇ ਅਤੇ ਉਨ੍ਹਾਂ ਦੇ ਪਰਿਵਾਰ ਵੀ ਅਜਿਹੀਆਂ ਪ੍ਰੇਰਨਾਵਾਂ 'ਚ ਅੜਿੱਕਾ ਨਹੀਂ ਬਣਨਗੇ।