ਔਰਤਾਂ ਦੀ ਸ਼ਾਲੀਨਤਾ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਦੁਪੱਟਾ ਬਣਿਆ ''ਮੌਤ ਦਾ ਦੁਪੱਟਾ''
Tuesday, Jan 24, 2017 - 06:53 AM (IST)
ਦੱਖਣ-ਏਸ਼ੀਆਈ ਦੇਸ਼ਾਂ ਵਿਚ ਔਰਤਾਂ ਦੀ ਸ਼ਾਲੀਨਤਾ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਦੁਪੱਟਾ ਕਦੇ-ਕਦਾਈਂ ਬਹੁਤ ਜਾਨਲੇਵਾ ਸਿੱਧ ਹੋ ਸਕਦਾ ਹੈ। ਦਿੱਲੀ ਦੇ ''ਆਟੋਪਸੀ'' (ਲਾਸ਼ ਦੀ ਚੀਰ-ਫਾੜ, ਭਾਵ ਪੋਸਟਮਾਰਟਮ) ਮਾਹਿਰਾਂ ਨੇ ਔਰਤਾਂ ਦੇ ਰਵਾਇਤੀ ਲਿਬਾਸ, ਜਿਵੇਂ ਦੁਪੱਟਾ, ਸਾੜ੍ਹੀ, ਸਕਾਰਫ ਆਦਿ ਕਾਰਨ ਮੌਤਾਂ ਦੀ ਗਿਣਤੀ ਵਿਚ ਵਾਧਾ ਨੋਟ ਕੀਤਾ ਹੈ। ਇਹ ਮੌਤਾਂ ਸਫਰ ਦੌਰਾਨ ਵੀ ਹੁੰਦੀਆਂ ਹਨ ਅਤੇ ਘਰ ਜਾਂ ਫੈਕਟਰੀਆਂ ਵਿਚ ਮਸ਼ੀਨਾਂ ''ਤੇ ਕੰਮ ਕਰਦੇ ਸਮੇਂ ਵੀ।
''ਏਮਜ਼'' ਵਿਚ ਪਿਛਲੇ ਦਿਨੀਂ ਇਕ ਕੁੜੀ ਦੀ ਲਾਸ਼ ਲਿਆਂਦੀ ਗਈ ਸੀ, ਜਿਸ ਦਾ ਦੁਪੱਟਾ ਕਿਸੇ ਖੇਤੀਬਾੜੀ ਸੰਬੰਧੀ ਮਸ਼ੀਨ ''ਤੇ ਕੰਮ ਕਰਦੇ ਸਮੇਂ ਮੌਤ ਦੀ ਵਜ੍ਹਾ ਬਣ ਗਿਆ ਸੀ। ਉਸ ਦੀ ਲਾਸ਼ ਦੇ ਪੋਸਟਮਾਰਟਮ ਤੋਂ ਕੁਝ ਅਸਾਧਾਰਨ ਗੱਲਾਂ ਦਾ ਖੁਲਾਸਾ ਹੋਇਆ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀਆਂ ਦਰਮਿਆਨ ਅਜਿਹੀ ਜਾਗ੍ਰਿਤੀ ਪੈਦਾ ਕਰਨ ਦੀ ਲੋੜ ਹੈ ਕਿ ਮਸ਼ੀਨੀ ਸੰਦਾਂ ਨਾਲ ਕੰਮ ਕਰਦੇ ਸਮੇਂ ਰਵਾਇਤੀ ਪਹਿਰਾਵਾ ਪਹਿਨਣ ਵਿਚ ਸਾਵਧਾਨੀ ਵਰਤੀ ਜਾਵੇ।
''ਏਮਜ਼'' ਦੇ ਫੋਰੈਂਸਿਕ ਵਿਭਾਗ ਦੇ ਮੁਖੀ ਡਾ. ਸੁਧੀਰ ਗੁਪਤਾ ਨੇ ਦੱਸਿਆ ਕਿ ''''ਉਕਤ ਲਾਸ਼ ਦੇ ਮਾਮਲੇ ਵਿਚ ਕੁਝ ਅਜਿਹੀਆਂ ਗੱਲਾਂ ਦਾ ਖੁਲਾਸਾ ਹੋਇਆ, ਜੋ ਦੁਪੱਟੇ ਨਾਲ ਗਲਾ ਘੁੱਟ ਹੋਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਅਜੇ ਤਕ ਨਹੀਂ ਹੋਇਆ ਸੀ। ਮ੍ਰਿਤਕਾ ਦੇ ਸਰੀਰ ''ਤੇ ਅਜਿਹੇ ਨਿਸ਼ਾਨ ਸਨ, ਜੋ ਅਕਸਰ ਫਾਹਾ ਲਗਾ ਕੇ ਹੋਈ ਮੌਤ ਦੇ ਮਾਮਲੇ ਵਿਚ ਦੇਖਣ ਨੂੰ ਮਿਲਦੇ ਹਨ, ਜਦਕਿ ਗਲਾ ਘੁੱਟ ਹੋਣ ਨਾਲ ਹੋਣ ਵਾਲੀ ਮੌਤ ਨਾਲ ਸਰੀਰ ''ਤੇ ਪੈਣ ਵਾਲੇ ਨਿਸ਼ਾਨ ਸਾਧਾਰਨ ਹੁੰਦੇ ਹਨ।''''
ਯਾਤਰਾ ਦੌਰਾਨ ਜਾਂ ਕਿਸੇ ਮਸ਼ੀਨ ਵਿਚ ਦੁਪੱਟਾ ਫਸਣ ਨਾਲ ਗਲਾ ਘੁੱਟ ਹੋਣ ਨਾਲ ਹੋਣ ਵਾਲੀ ਮੌਤ ''ਚ ਮ੍ਰਿਤਕਾ ਦੇ ਸਰੀਰ ''ਤੇ ਆਡੇ-ਤਿਰਛੇ ਨਿਸ਼ਾਨ ਪੈ ਜਾਂਦੇ ਹਨ, ਜਿਵੇਂ ਉਸ ਨੂੰ ਘੜੀਸਿਆ ਗਿਆ ਹੋਵੇ। ਉਕਤ ਲੜਕੀ ਦਾ ਦੁਪੱਟਾ ਟਿਊਬਵੈੱਲ ਵਾਲੀ ਮੋਟਰ ਵਿਚ ਫਸ ਗਿਆ ਸੀ, ਜਿਸ ਨਾਲ ਉਸ ਦੀ ਮੌਤ ਹੋਈ ਸੀ ਤੇ ਉਸ ਦੇ ਸਰੀਰ ''ਤੇ ਵੀ ਅਜਿਹੇ ਨਿਸ਼ਾਨ ਮੌਜੂਦ ਸਨ, ਜਿਵੇਂ ਉਸ ਨੂੰ ਘੜੀਸਿਆ ਗਿਆ ਹੋਵੇ।
''ਏਮਜ਼'' ਨੇ ਇਹ ਖੁਲਾਸਾ ਰਸਾਲੇ ''ਆਰਕ ਜਰਨਲ ਆਫ ਫੋਰੈਂਸਿਕ ਸਾਇੰਸ'' ਵਿਚ ਛਾਪਿਆ ਸੀ। ਇਕ ਹੋਰ ਫੋਰੈਂਸਿਕ ਮਾਹਿਰ ਡਾ. ਅਭਿਸ਼ੇਕ ਯਾਦਵ ਨੇ ਦੱਸਿਆ ਕਿ ਅਜਿਹੇ ਮਾਮਲੇ ਪੋਸਟਮਾਰਟਮ ਕਰਨ ਵਾਲੇ ਸਰਜਨ ਲਈ ਬਹੁਤ ਚੁਣੌਤੀਪੂਰਨ ਹੁੰਦੇ ਹਨ ਅਤ ਹਾਦਸੇ ਦੇ ਸਮੁੱਚੇ ਕਾਂਡ ਦੇ ਸੰਦਰਭ ਵਿਚ ਹੀ ਸਰੀਰ ''ਤੇ ਮੌਜੂਦ ਸੱਟਾਂ ਦੇ ਨਿਸ਼ਾਨਾਂ ਦਾ ਵਿਸ਼ਲੇਸ਼ਣ ਬਹੁਤ ਸਾਵਧਾਨੀ ਨਾਲ ਕਰਨਾ ਪੈਂਦਾ ਹੈ।
''ਏਮਜ਼'' ਦੇ ਮਾਹਿਰਾਂ ਨੇ ਦੱਸਿਆ ਕਿ ਪਿਛਲੇ 5-6 ਸਾਲਾਂ ਦੌਰਾਨ ਉਨ੍ਹਾਂ ਕੋਲ 30-40 ਮਾਮਲੇ ਅਜਿਹੇ ਆਏ ਹਨ, ਜਿਨ੍ਹਾਂ ਵਿਚ ਔਰਤਾਂ ਆਪਣੇ ਗਲ ਵਿਚ ਲਪੇਟੇ ਦੁਪੱਟੇ ਦੇ ਮੋਟਰਸਾਈਕਲ, ਸਕੂਟਰ, ਟੇਬਲ ਫੈਨ, ਮਿਕਸਰ ਗ੍ਰਾਈਂਡਰ, ਰਿਕਸ਼ਾ ਜਾਂ ਫੈਕਟਰੀ ਦੀਆਂ ਮਸ਼ੀਨਾਂ ਵਿਚ ਫਸ ਜਾਣ ਕਾਰਨ ਅਚਾਨਕ ਹੀ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ। ਸਿਰਫ ਔਰਤਾਂ ਨਾਲ ਹੀ ਅਜਿਹਾ ਨਹੀਂ ਹੁੰਦਾ, ਕਈ ਮਾਮਲਿਆਂ ਵਿਚ ਗਲੇ ਵਿਚ ਮਫਲਰ ਲਪੇਟਣ ਜਾਂ ਉਪਰ ਸ਼ਾਲ/ਲੋਈ ਆਦਿ ਲਪੇਟਣ ਵਾਲੇ ਮਰਦ ਵੀ ਅਜਿਹੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
