ਦਿਹਾਤੀ ਭਾਰਤ ’ਚ ਬਦਲਾਅ ਦੀਆਂ ਸੂਤਰਧਾਰ ਔਰਤਾਂ
Saturday, Mar 04, 2023 - 07:27 PM (IST)

ਦਿਹਾਤੀ ਭਾਰਤ ’ਚ ਮੋਹਰੀ ਔਰਤਾਂ ਭਾਈਚਾਰਿਆਂ ਦੇ ਵਿਵਹਾਰ ’ਚ ਬਦਲਾਅ ਲਿਆ ਕੇ ਸਵੱਛ ਭਾਰਤ ਨਿਰਮਾਣ ਦੀ ਦਿਸ਼ਾ ’ਚ ਮਹੱਤਵਪੂਰਨ ਯੋਗਦਾਨ ਦੇ ਰਹੀਆਂ ਹਨ ਅਤੇ ਦੂਜਿਆਂ ਨੂੰ ਵੀ ਆਪਣੇ ਵਰਗਾ ਬਣਨ ਦੇ ਲਈ ਪ੍ਰੇਰਿਤ ਕਰ ਰਹੀਆਂ ਹਨ। ਇਹ ਨਾਰੀ ਸਸ਼ਕਤੀਕਰਨ ਦਾ ਯੁੱਗ ਹੈ। ਇਹ ਅਸਲ ’ਚ ਸਾਡੇ ਲਈ ਆਪਣੇ ਸਮਾਜ ’ਚ ਔਰਤਾਂ ਦੀ ਸ਼ਕਤੀ ਨੂੰ ਪਛਾਣਨ ਅਤੇ ਪ੍ਰਵਾਨ ਕਰਨ ਦਾ ਸਹੀ ਸਮਾਂ ਹੈ ਪਰ ਇਹ ਸਿਰਫ ਖੇਡ, ਸਿਆਸਤ, ਸਿਨੇਮਾ, ਹਥਿਆਰਬੰਦ ਬਲਾਂ, ਕਾਰਪੋਰੇਟ ਕਾਰੋਬਾਰਾਂ ਜਾਂ ਹੋਰ ਖੇਤਰਾਂ ਨਾਲ ਜੁੜੀਆਂ ਔਰਤਾਂ ਦੇ ਬਾਰੇ ’ਚ ਨਹੀਂ ਹੈ। ਇਹ ਦਿਹਾਤੀ ਭਾਰਤ ਦੀਆਂ ਆਮ ਔਰਤਾਂ ਦੇ ਬਾਰੇ ’ਚ ਹੈ ਜੋ ਮਰਦਾਂ ਵਰਗੇ ਇਕਸਾਰ ਮੌਕਿਆਂ ਤੇ ਵਿਸ਼ੇਸ਼ ਅਧਿਕਾਰਾਂ ਦੇ ਬਿਨਾਂ ਵੀ ਸਵੱਛ ਭਾਰਤ ਮਿਸ਼ਨ ਦਿਹਾਤੀ ਜਾਂ ਐੱਸ. ਬੀ. ਐੱਮ.-ਜੀ ਵਰਗੀਆਂ ਪਹਿਲਾਂ ਦੇ ਕਾਰਨ ਸਾਡੇ ਦਿਹਾਤੀ ਭਾਈਚਾਰਿਆਂ ਲਈ ਮੋਹਰੀ ਵਿਅਕਤੀਆਂ ਤੇ ਬਦਲਾਅ ਦੇ ਮਾਧਿਅਮ ਦੇ ਰੂਪ ’ਚ ਵੱਖ-ਵੱਖ ਭੂਮਿਕਾਵਾਂ ਨਿਭਾਅ ਰਹੀਆਂ ਹਨ।
ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ ਦੇ ਇਕ ਹਿੱਸੇ ਦੇ ਰੂਪ ’ਚ ਮੈਨੂੰ ਇਹ ਬਦਲਾਅ ਦੇਖਣ ਦਾ ਸੁਭਾਗ ਮਿਲਿਆ ਹੈ। ਮੌਜੂਦਾ ਸਮੇਂ ’ਚ ਐੱਸ. ਬੀ. ਐੱਮ.-ਜੀ ਆਪਣੇ ਦੂਜੇ ਪੜਾਅ ’ਚ ਹੈ। ਸਾਡੇ ਪ੍ਰਧਾਨ ਮੰਤਰੀ ਨੇ 2 ਅਕਤੂਬਰ, 2014 ਨੂੰ ਇਸ ਪ੍ਰੋਗਰਾਮ ਦੇ ਪੜਾਅ-I ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਮੁੱਖ ਮਕਸਦਾਂ ’ਚੋਂ ਇਕ ਸੀ-ਭਾਰਤ ਨੂੰ ਖੁੱਲ੍ਹੇ ’ਚ ਜੰਗਲ ਪਾਣੀ ਤੋਂ ਮੁਕਤ (ਓ. ਡੀ. ਐੱਫ.) ਕਰਨਾ। ਐੱਸ. ਬੀ. ਐੱਮ.-ਜੀ ਪੜਾਅ-II ਦਾ ਮਕਸਦ ਓ. ਡੀ. ਐੱਫ. ਦੀ ਸਥਿਤੀ ਨੂੰ ਬਣਾਈ ਰੱਖਣ ਦੇ ਨਾਲ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਹੈ। ਇਸ ’ਚ ਗੋਹੇ ਸਮੇਤ ਜੈਵਿਕ ਤੌਰ ’ਤੇ ਸ਼ਾਮਲ ਹੋਣ ਵਾਲੇ ਰਹਿੰਦ-ਖੂੰਹਦ ਪ੍ਰਬੰਧਨ, ਜੈਵਿਕ ਤੌਰ ’ਤੇ ਸ਼ਾਮਲ ਨਾ ਹੋਣ ਵਾਲੇ ਰਹਿੰਦ-ਖੂੰਹਦ ਪ੍ਰਬੰਧਨ ਲਈ ਉੱਨਤ ਢੰਗਾਂ ਤੱਕ ਪਹੁੰਚ, ਘਰਾਂ ’ਚੋਂ ਨਿਕਲਣ ਵਾਲੇ ਗੰਦੇ ਪਾਣੀ ਦਾ ਪ੍ਰਬੰਧਨ ਅਤੇ ਮਲ-ਚਿੱਕੜ ਪ੍ਰਬੰਧਨ ਸ਼ਾਮਲ ਹੈ ਤਾਂ ਕਿ ਚੌਗਿਰਦੇ ਨੂੰ ਸਵੱਛ ਬਣਾਇਆ ਜਾ ਸਕੇ।
ਐੱਸ. ਬੀ. ਐੱਮ.-ਜੀ ਦਾ ਮੁੱਖ ਟੀਚਾ ਸਿਰਫ ਧਨ ਦੇਣਾ ਅਤੇ ਵੱਖ-ਵੱਖ ਘਰਾਂ ’ਚ ਟਾਇਲਟ ਦਾ ਨਿਰਮਾਣ ਕਰਨਾ ਨਹੀਂ ਸੀ ਸਗੋਂ ਲੋਕਾਂ ਦੇ ਸਮੂਹਿਕ ਵਿਵਹਾਰ ’ਚ ਬਦਲਾਅ ਯਕੀਨੀ ਕਰਨਾ ਸੀ। ਇਸ ਲਈ ਇਸ ਪ੍ਰਮੁੱਖ ਪ੍ਰਾਪਤੀ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਸਾਡਾ ਨਜ਼ਰੀਆ ਭਾਈਚਾਰੇ ਆਧਾਰਿਤ ਸੰਪੂਰਨ ਸਵੱਛਤਾ (ਸੀ. ਐੱਲ. ਟੀ. ਐੱਸ.) ਦੀ ਰੂਪਰੇਖਾ ’ਤੇ ਆਧਾਰਿਤ ਸੀ। ਇਹ ਇਕ ਅਜਿਹਾ ਨਜ਼ਰੀਆ ਸੀ ਜਿਸ ਨੂੰ ਪਿਛਲੇ 15-20 ਸਾਲਾਂ ਦੇ ਅਰਸੇ ’ਚ ਕਈ ਦੇਸ਼ਾਂ ’ਚ ਅਜ਼ਮਾਇਆ ਤੇ ਪਰਖਿਆ ਗਿਆ ਸੀ। ਸੀ. ਐੱਲ. ਟੀ. ਐੱਸ. ਨਜ਼ਰੀਏ ਨੇ ਭਾਈਚਾਰੇ ਦੀ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਮੁਲਾਂਕਣ ਦੇ ਆਧਾਰ ’ਤੇ ਹੱਲ ਤਿਆਰ ਕੀਤੇ ਗਏ। ਇਸ ਨੇ ਸਥਾਨਕ ਔਰਤਾਂ ਨੂੰ ਪ੍ਰਾਚੀਨ ਕਾਲ ਤੋਂ ਉਨ੍ਹਾਂ ਵੱਲੋਂ ਸਾਹਮਣਾ ਕੀਤੀ ਜਾ ਰਹੀ ਉਦਾਸੀਨਤਾ ਵਿਰੁੱਧ ਆਵਾਜ਼ ਚੁੱਕਣ ਲਈ ਪ੍ਰੇਰਿਤ ਕੀਤਾ। ਸਾਡੇ ਪਿੰਡਾਂ ਦੀਆਂ ਔਰਤਾਂ ਹੀ, ਖਾਸ ਕਰ ਕੇ ਮਾਸਿਕ ਧਰਮ ਅਤੇ ਗਰਭ ਅਵਸਥਾ ਦੌਰਾਨ, ਦਿਨ ਦੇ ਚੜ੍ਹਾਅ ’ਚ ਖੁੱਲ੍ਹੇ ’ਚ ਜੰਗਲ ਪਾਣੀ ਜਾਣ ਦੀ ਪ੍ਰਕਿਰਿਆ ਦਾ ਉਚਿਤ ਵਰਨਣ ਕਰ ਸਕਦੀਆਂ ਹਨ, ਭਾਵੇਂ ਸਰਦੀ ਦਾ ਮੌਸਮ ਹੋਵੇ ਜਾਂ ਮਾਨਸੂਨ ਹੋਵੇ। ਘਰ ’ਚ ਟਾਇਲਟ ਦੀ ਘਾਟ ਨਾ ਸਿਰਫ ਉਨ੍ਹਾਂ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਖਤਰੇ ’ਚ ਪਾਉਂਦੀ ਹੈ ਸਗੋਂ ਇਹ ਉਨ੍ਹਾਂ ਦੇ ਮੁੱਢਲੇ ਅਧਿਕਾਰਾਂ ’ਤੇ ਵੀ ਇਕ ਹਮਲਾ ਹੈ।
ਇੱਥੇ ਐੱਸ. ਬੀ. ਐੱਮ. ਜੀ. ਲਈ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਕੁਝ ਔਰਤਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਭਾਈਚਾਰੇ ਦੇ ਵਿਵਹਾਰ ਤੇ ਸੋਚ ’ਚ ਵਿਆਪਕ ਬਦਲਾਅ ਲਿਆਉਣ ’ਚ ਸਫਲਤਾ ਹਾਸਲ ਕੀਤੀ ਹੈ।
ਤ੍ਰਿਚੀ ਜ਼ਿਲੇ ਦੇ ਪੁੱਲਮਬਾੜੀ ਬਲਾਕ ਦੇ ਕੋਵੰਡਾਕੁਰਿਚੀ ਗ੍ਰਾਮ ਪੰਚਾਇਤ ਦੀ ਟੀ. ਐੱਮ. ਗ੍ਰੇਸੀ ਹੇਲੇਨ ਇਕ ਵਧੀਆ ਸੁਆਣੀ ਜਾਂ ਇਕ ਮੋਹਰੀ ਔਰਤ ਦੀਆਂ ਬਿਹਤਰੀਨ ਉਦਾਹਰਣਾਂ ’ਚੋਂ ਇਕ ਹੈ, ਜਿਨ੍ਹਾਂ ਨੇ ਆਪਣੇ ਸਮੂਹ ਦੇ ਅੰਦਰ ਅਤੇ ਬਾਹਰ ਦੋਵਾਂ ਹੀ ਥਾਵਾਂ ’ਤੇ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਉਹ ਇਕ ਮਹਿਲਾ ਸਵੈ-ਸਹਾਇਤਾ ਸਮੂਹ (ਐੱਸ. ਐੱਚ. ਜੀ.) ਦੇ ਮੈਂਬਰ ਦੇ ਰੂਪ ’ਚ ਦਿਹਾਤੀ ਲੋਕਾਂ ਦੇ ਦਰਮਿਆਨ ਸੁਰੱਖਿਅਤ ਸਵੱਛਤਾ ਅਤੇ ਨਿੱਜੀ ਸਵੱਛਤਾ ਦੇ ਤੌਰ-ਤਰੀਕਿਆਂ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ 2 ਦਹਾਕਿਆਂ ਤੋਂ ਅਣਥੱਕ ਯਤਨ ਕਰ ਰਹੀਆਂ ਹਨ। ਉਨ੍ਹਾਂ ਨੂੰ 2015 ’ਚ ਇਕ ਸਵੱਛਤਾ ਮਾਸਟਰ ਟ੍ਰੇਨਰ ਦੇ ਰੂਪ ’ਚ ਤਰੱਕੀ ਦਿੱਤੀ ਗਈ ਸੀ। ਉਨ੍ਹਾਂ ਨੇ ਆਪਣੇ ਜ਼ਿਲੇ ’ਚ ਕਮਿਊਨਿਟੀ ਸਰਗਰਮੀ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਇਕ ਆਦਰਸ਼ ਪ੍ਰੇਰਨਾਸਰੋਤ ਦਾ ਖਿਤਾਬ ਪ੍ਰਾਪਤ ਕੀਤਾ। ਐੱਸ. ਬੀ. ਐੱਮ.-ਜੀ ਦੇ ਪਹਿਲੇ ਪੜਾਅ ਦੌਰਾਨ ਉਨ੍ਹਾਂ ਨੇ ਆਪਣੇ ਬਲਾਕ ’ਚ 1520 ਲਾਭਪਾਤਰੀਆਂ ਨੂੰ ਦੋਹਰੇ ਟੋਏ ਵਾਲੀਆਂ ਟਾਇਲਟਾਂ ਦੇ ਨਿਰਮਾਣ ਤੇ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ, ਜਿਸ ਨਾਲ ਉਨ੍ਹਾਂ ਦੀ ਗ੍ਰਾਮ ਪੰਚਾਇਤ ਨੂੰ ਖੁੱਲ੍ਹੇ ’ਚ ਜੰਗਲ ਪਾਣੀ ਜਾਣ ਤੋਂ ਮੁਕਤ ਬਣਾਉਣ ’ਚ ਮਦਦ ਮਿਲੀ।
ਉਨ੍ਹਾਂ ਦੇ ਆਤਮਵਿਸ਼ਵਾਸ ਨਾਲ ਭਰੇ ਨਜ਼ਰੀਏ ਅਤੇ ਮਜ਼ਬੂਤ ਸੰਚਾਰ ਹੁਨਰ ਨੇ ਉਨ੍ਹਾਂ ਨੂੰ ਸਵੱਛਤਾ ਜਾਗਰੂਕਤਾ ਫੈਲਾਉਣ ਤੇ ਆਪਣੇ ਪਿੰਡ ’ਚ ਵਿਵਹਾਰਕ ਬਦਲਾਅ ਲਿਆਉਣ ’ਚ ਇਕ ਪ੍ਰਭਾਵਸ਼ਾਲੀ ਵਿਅਕਤੀ ਬਣਾ ਦਿੱਤਾ। ਐੱਸ. ਬੀ. ਐੱਮ.-ਜੀ ਦੇ ਦੂਜੇ ਪੜਾਅ ਦੇ ਤਹਿਤ, ਗ੍ਰੇਸੀ ਨੇ ਆਪਣੇ ਪਿੰਡ ਨੂੰ ਓ. ਡੀ. ਐੱਫ. ਸਥਿਤੀ ਨੂੰ ਬਣਾਈ ਰੱਖਣ ’ਚ ਬੜਾ ਯੋਗਦਾਨ ਦਿੱਤਾ। ਇਕ ਸੂਬਾ ਪੱਧਰੀ ਮਾਸਟਰ ਟ੍ਰੇਨਰ ਦੇ ਰੂਪ ’ਚ ਉਨ੍ਹਾਂ ਨੇ 2000 ਤੋਂ ਵੱਧ ਪ੍ਰੇਰਕ ਵਿਅਕਤੀਆਂ, ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧੀਆਂ, ਗ੍ਰਾਮ ਗਰੀਬੀ ਖਾਤਮਾ ਕਮੇਟੀ ਦੇ ਮੈਂਬਰਾਂ, ਵੱਖ-ਵੱਖ ਜ਼ਿਲਿਆਂ ਦੇ ਐੱਸ. ਐੱਚ. ਜੀ. ਮੈਂਬਰਾਂ ਅਤੇ ਹੋਰਨਾਂ ਨੂੰ ਟ੍ਰੇਂਡ ਕੀਤਾ ਹੈ। ਇਨ੍ਹਾਂ ਮੋਹਰੀ ਔਰਤਾਂ ਨੇ ਐੱਸ. ਬੀ. ਐੱਮ. ਜੀ. ਦੇ ਪ੍ਰਚਾਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਦੇ ਵਰਗੇ ਕਈ ਹੋਰ ਮੌਜੂਦਾ ਸਮੇਂ ’ਚ ਸਵੱਛ ਭਾਰਤ ਮਿਸ਼ਨ ਦਿਹਾਤੀ ਨੂੰ ਦੂਜਿਆਂ ਲਈ ਇਕ ਸ਼ਾਨਦਾਰ ਮਾਡਲ ਬਣਾਉਣ ਦੀ ਦਿਸ਼ਾ ’ਚ ਅਣਥੱਕ ਯਤਨ ਕਰ ਰਹੇ ਹਨ।