ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ ''ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ
Monday, May 12, 2025 - 01:12 PM (IST)

ਸੁਲਤਾਨਪੁਰ ਲੋਧੀ (ਸੋਢੀ)-ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਹੋਣ ਕਾਰਨ ਭਾਵੇਂ ਤਣਾਅ ਵਾਲਾ ਮਾਹੌਲ ਘੱਟ ਹੋ ਗਿਆ ਹੈ ਅਤੇ ਬਲੈਕਆਊਟ ਵੀ ਖ਼ਤਮ ਕੀਤਾ ਗਿਆ ਹੈ ਪਰ ਪੰਜਾਬ ਵਿਚ ਕਈ ਪੈਟਰੋਲ ਪੰਪਾਂ ਨਾਲ ਜੁੜੀ ਨਵੀਂ ਅਪਡੇਟ ਸਾਹਮਣੇ ਆਈ ਹੈ। ਕਈ ਥਾਵਾਂ 'ਤੇ ਪੈਟਰੋਲ ਪੰਪਾਂ ਤੋਂ ਪੈਟਰੋਲ-ਡੀਜ਼ਲ ਨਹੀਂ ਮਿਲ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਪੈਟਰੋਲ ਪੰਪਾਂ ਤੋਂ ਪੈਟਰੋਲ-ਡੀਜ਼ਲ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਹੁਕਮ ਜਾਰੀ, ਜੇਕਰ ਕੀਤੀ ਛੋਟੀ ਜਿਹੀ ਗਲਤੀ ਤਾਂ...
ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਵੱਲੋਂ ਭਾਵੇਂ ਬਿਆਨ ਜਾਰੀ ਕਰਕੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਜਾ ਰਿਹਾ ਹੈ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਹੋਰ ਰਾਸ਼ਨ ਆਦਿ ਸਾਰੀਆਂ ਵਸਤਾਂ ਦੀ ਕੋਈ ਕਮੀ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਅੱਜ ਤੀਜੇ ਦਿਨ ਵੀ ਸੁਲਤਾਨਪੁਰ ਲੋਧੀ ਦੇ ਕਿਸੇ ਵੀ ਪੈਟਰੋਲ ਪੰਪ ਤੋਂ ਡੀਜ਼ਲ ਦੀ ਬੂੰਦ ਵੀ ਲੋਕਾਂ ਨੂੰ ਨਹੀਂ ਮਿਲ ਸਕੀ ਹੈ। ਜੰਗ ਦੇ ਇਨ੍ਹਾਂ ਹਾਲਾਤ ਦੇ ਡਰ ਕਾਰਨ ਲੋਕ ਖਾਣ-ਪੀਣ ਦੀਆਂ ਵਸਤਾਂ, ਸਬਜ਼ੀਆਂ, ਦਵਾਈਆਂ ਅਤੇ ਪੈਟਰੋਲ-ਡੀਜ਼ਲ ਖ਼ਰੀਦਣ ਲਈ ਯਤਨਸ਼ੀਲ ਸਨ। ਸੁਲਤਾਨਪੁਰ ਲੋਧੀ ਕਰਿਆਣਾ ਐਸੋਸੀਏਸ਼ਨ ਦੇ ਆਗੂ ਸਤਪਾਲ ਅਰੋੜਾ, ਅਸ਼ੋਕ ਕੁਮਾਰ, ਰਾਜੇਸ਼ ਵਿੱਕੀ, ਰਾਕੇਸ਼ ਮਦਾਨ ਆਦਿ ਨੇ ਦੱਸਿਆ ਕਿ ਜੰਗ ਦੇ ਡਰ ਕਾਰਨ ਪਿਛਲੇ ਦੋ ਦਿਨਾਂ ਤੋਂ ਲੋਕਾਂ ਵੱਲੋਂ ਭਾਰੀ ਮਾਤਰਾ ’ਚ ਰਾਸ਼ਨ ਖ਼ਰੀਦਿਆ ਗਿਆ। ਖੰਡ, ਆਟਾ, ਦਾਲ, ਘਿਓ ਵਗੈਰਾ ਪੰਸੇਰੀਆਂ ਦੇ ਹਿਸਾਬ ਨਾਲ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿਚ ਰਾਸ਼ਨ ਦੀ ਕੋਈ ਘਾਟ ਨਹੀਂ ਹੈ ਅਤੇ ਭਾਅ ਵੀ ਨਹੀਂ ਵਧਿਆ।
ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਕਈ ਪੈਟਰੋਲ ਪੰਪਾਂ ਤੋਂ ਡੀਜ਼ਲ ਅਤੇ ਪੈਟਰੋਲ ਅੱਜ ਵੀ ਲੋਕਾਂ ਨੂੰ ਨਹੀਂ ਮਿਲ ਸਕਿਆ। ਦੁਪਹਿਰ ਸਮੇਂ ਤਲਵੰਡੀ ਚੌਧਰੀਆਂ ਰੋਡ ’ਤੇ ਪੁੱਡਾ ਕਾਲੋਨੀ ਨੇੜਲੇ ਪੈਟਰੋਲ ਪੰਪ 'ਤੇ ਪੈਟਰੋਲ ਤਾਂ ਅੱਜ ਮਿਲ ਰਿਹਾ ਸੀ ਪਰ ਡੀਜ਼ਲ ਨਹੀਂ ਸੀ।
ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
ਇਸੇ ਤਰ੍ਹਾਂ ਪਿੰਡ ਅਲਾਦਾਦ ਚੱਕ ਅਤੇ ਕੁਲੀਆਂ ਨੇੜਲੇ ਤਲਵੰਡੀ ਰੋਡ ਤੇ ਪੈਟਰੋਲ ਪੰਪ ’ਤੇ ਵੇਖਿਆ ਕਿ ਪੰਪ ਦੀਆਂ ਡੀਜ਼ਲ ਅਤੇ ਪੈਟਰੋਲ ਵਾਲੀਆਂ ਮਸ਼ੀਨਾਂ ਬੰਦ ਸਨ ਅਤੇ ਪੰਪ ਦੇ ਕਰਿੰਦੇ ਨੇ ਪਹਿਲਾਂ ਹੀ ਹੱਥ ਹਿਲਾ ਕੇ ਕਹਿ ਦਿੱਤਾ ਕਿ ਪੈਟਰੋਲ ਅਤੇ ਡੀਜ਼ਲ ਬਿਲਕੁਲ ਨਹੀਂ ਹੈ। ਅਜਿਹਾ ਹੀ ਕਈ ਹੋਰ ਪੈਟਰੋਲ ਪੰਪਾਂ ’ਤੇ 9 ਅਤੇ 10 ਮਈ ਤੋਂ ਵੇਖਿਆ ਕਿ ਡੀਜ਼ਲ ਬਿਲਕੁੱਲ ਨਹੀਂ ਸੀ ਮਿਲ ਰਿਹਾ। ਇਧਰ ਪਿੰਡਾਂ ਦੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਾਰਨ ਡੀਜ਼ਲ ਦੀ ਲੋੜ ਆਉਣ ਵਾਲੇ ਦਿਨਾਂ ’ਚ ਪੈਣੀ ਹੈ, ਇਸ ਲਈ ਕਿਸਾਨਾਂ ਨੇ ਹੁਣ ਤੋਂ ਹੀ ਡੀਜ਼ਲ ਖ਼ਰੀਦਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰ ਕੇ ਪੈਟਰੋਲ ਪੰਪਾਂ ’ਤੇ ਡੀਜ਼ਲ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ। ਇਕ ਪੰਪ ਦੇ ਮੈਨੇਜਰ ਨੇ ਦੱਸਿਆ ਕਿ ਸੋਮਵਾਰ ਨੂੰ ਡੀਜ਼ਲ ਦਾ ਟੈਂਕ ਆਵੇਗਾ।
ਇਹ ਵੀ ਪੜ੍ਹੋ: ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਦਾ ਪਾਕਿ ਨੂੰ ਸਖ਼ਤ ਸੁਨੇਹਾ, ਜੰਗ ਸਿਰਫ਼ ਸਾਡੀਆਂ ਫ਼ੌਜਾਂ ਹੀ ਨਹੀਂ ਸਗੋਂ ...
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਡੀਜ਼ਲ ਦੀ ਕੋਈ ਘਾਟ ਨਹੀਂ ਹੈ ਪਰ ਲੋਕ ਜਮ੍ਹਾਂਖੋਰੀ ਨਾ ਕਰਨ। ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੇ ਜਾਰੀ ਹੁਕਮਾਂ ਅਨੁਸਾਰ ਪੰਜਾਬ ਵਿਚ ਫਿਲਹਾਲ ਕੋਈ ਖਤਰਾ ਨਹੀਂ ਹੈ ਪਰ ਅਗਾਊਂ ਸੁਰੱਖਿਆ ਪ੍ਰਬੰਧਾਂ ਦੀ ਲੜੀ ਤਹਿਤ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਤਰ੍ਹਾਂ ਦੀ ਹਫੜਾ-ਦਫੜੀ ਵਿਚ ਨਾ ਪੈਣ। ਸਹਿਜ ਤੌਰ ’ਤੇ ਵਿਚਰਨ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਿਦਾਇਤਾਂ ਦਾ ਪਾਲਣ ਕਰਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਰਤਮਾਨ ਹਾਲਾਤਾਂ ਦੇ ਮੱਦੇਨਜਰ 24 ਘੰਟੇ ਚੱਲਣ ਵਾਲੇ ਕੰਟਰੋਲ ਰੂਮ ਵੀ ਸਾਰੇ ਸ਼ਹਿਰਾਂ ਵਿਚ ਸਥਾਪਿਤ ਕੀਤੇ ਹਨ। ਇਲਾਕੇ ਦੇ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਆਮ ਜਰੂਰਤਾਂ ਲਈ ਸਾਨੂੰ ਪੈਟਰੋਲ ਪੰਪਾਂ ’ਤੇ ਡੀਜ਼ਲ ਅਤੇ ਪੈਟਰੋਲ ਮੁਹੱਈਆ ਕਰਵਾਉਣ। ਟਰੈਕਟਰ-ਟਰਾਲੀਆਂ ਅਤੇ ਮੋਟਰ ਸਾਈਕਲਾਂ, ਕਾਰਾਂ ’ਚ ਪੈਟਰੋਲ ਡੀਜਲ ਪਵਾਉਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਆਗੂ ਜਥੇ ਗੁਰਦਿਆਲ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਖ਼ੁਦ ਦੋ ਦਿਨ ਡੀਜਲ ਅਤੇ ਪੈਟਰੋਲ ਲੈਣ ਲਈ ਜਾਂਦਾ ਰਿਹਾ ਪਰ ਸਾਰੇ ਪੈਟਰੋਲ ਪੰਪਾਂ ਤੋਂ ਖਾਲ੍ਹੀ ਮੁੜਿਆ। ਪੁੱਡਾ ਕਾਲੌਨੀ ਨੇੜਲੇ ਪੰਪ ਅਤੇ ਕੁਝ ਹੋਰ ਪੈਟਰੋਲ ਪੰਪਾਂ ਤੋਂ ਪੈਟਰੋਲ ਦੀ ਸਪਲਾਈ ਆਮ ਵਾਂਗ ਦਿੱਤੀ ਜਾ ਰਹੀ ਸੀ ਜਦਕਿ ਡੀਜ਼ਲ ਲਈ ਕਿਸੇ ਹਾਮੀ ਘੱਟ ਹੀ ਭਰੀ ।
ਇਹ ਵੀ ਪੜ੍ਹੋ: ਇਕ ਵਾਰ ਫਿਰ ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਹੋ ਗਈ ਵੱਡੀ ਵਾਰਦਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e