ਕਸ਼ਮੀਰ ''ਚ ਨਾਗਰਿਕਾਂ ਦੀਆਂ ਹੱਤਿਆਵਾਂ ''ਤੇ ''ਮਨੁੱਖੀ ਅਧਿਕਾਰਵਾਦੀ'' ਚੁੱਪ ਕਿਉਂ

03/09/2022 8:34:37 PM

ਜ਼ੁਲਿਫ਼ਕਾਰ ਮਾਜਿਦ
ਸ਼੍ਰੀਨਗਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਐਤਵਾਰ ਨੂੰ ਹੋਏ ਗ੍ਰਨੇਡ ਹਮਲੇ ’ਚ 2 ਨਾਗਰਿਕਾਂ ਦੇ ਮਾਰੇ ਜਾਣ ਅਤੇ ਬੱਚਿਆਂ ਸਮੇਤ 2 ਦਰਜਨ ਤੋਂ ਵੱਧ ਦੇ ਜ਼ਖਮੀ ਹੋਣ ਦੇ ਬਾਅਦ ਕਸ਼ਮੀਰ ’ਚ ਅੱਤਵਾਦੀਆਂ ਦੇ ਵਿਰੁੱਧ ਅਵਾਜ਼ਾਂ ਉੱਠਣ ਲੱਗੀਆਂ ਹਨ।ਅੱਤਵਾਦੀ ਧਮਕੀਆਂ ਨੂੰ ਚੁਣੌਤੀ ਦਿੰਦੇ ਹੋਏ, ਦਿਲਕੰਬਾਊ ਘਟਨਾ ਦੇ ਵਿਰੋਧ ’ਚ ਸੋਮਵਾਰ ਸ਼ਾਮ ਨੂੰ ਸ਼ਹਿਰ ਦੇ ਕੇਂਦਰ ਲਾਲ ਚੌਕ ’ਤੇ ਲੋਕਾਂ ਨੇ ਕਈ ਸਮੂਹ ਇਕੱਠੇ ਹੋਏ। ਵਿਖਾਵਾਕਾਰੀਆਂ ਨੇ ਹਰੀ ਸਿੰਘ ਹਾਈ ਸਟ੍ਰੀਟ ਗਰਨੇਡ ਹਮਲੇ ’ਚ ਮਾਰੇ ਗਏ ਅਤੇ ਜ਼ਖਮੀ ਹੋਏ ਨਾਗਰਿਕਾਂ ਦੇ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਕੈਂਡਲ ਮਾਰਚ ਕੱਢਿਆ।ਨਾਗਰਿਕਾਂ ਦੀ ਹੱਤਿਆਵਾਂ ਦੀ ਨਿੰਦਾ ਕਰਦੇ ਹੋਏ ਵਿਖਾਵਾਕਾਰੀਆਂ ਨੇ ‘ਯੁਵਾ ਬਚਾਓ, ਕਸ਼ਮੀਰ ਬਚਾਓ’ ਦੇ ਨਾਅਰੇ ਲਾਏ।

ਇਕ ਵਿਖਾਵਾਕਾਰੀ, ਜਿਸ ਨੇ ਇਕਹਰੇ ਨਾਂ ਪ੍ਰਵੇਜ਼ ਦੇ ਤੌਰ ’ਤੇ ਆਪਣੀ ਪਛਾਣ ਦੱਸੀ, ਨੇ ਪੁੱਛਿਆ, ‘‘2 ਨਾਗਰਿਕਾਂ ਦੀ ਮੌਤ ਦੇ ਇਲਾਵਾ, ਅੱਧੀ ਦਰਜਨ ਬੱਚੇ ਜ਼ਖਮੀਆਂ ’ਚ ਸ਼ਾਮਲ ਸਨ। ਇਸ ਘਟਨਾ ’ਤੇ ਐਮਨੈਸਟੀ ਇੰਟਰਨੈਸ਼ਨਲ ਅਤੇ ਹੋਰ ਅਧਿਕਾਰ ਸਮੂਹਾਂ ਵੱਲੋਂ ਕੋਈ ਬਿਆਨ ਕਿਉ ਨਹੀਂ ਦਿੱਤਾ ਗਿਆ? ਕੋਈ ਵੀ ਮਨੁੱਖੀ ਅਧਿਕਾਰ-ਆਧਾਰਿਤ ਕਹਾਣੀ ਸ਼੍ਰੀਨਗਰ ਦੀ ਡੇਟ ਨਾਲ ਕਿਉਂ ਨਹੀਂ ਹੈ?’’ਉਸ ਨੇ ਸਵਾਲ ਉਠਾਇਆ, ‘ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਕੌਮਾਂਤਰੀ ਮੀਡੀਆ ਕਸ਼ਮੀਰ ’ਚ ਸੁਰੱਖਿਆ ਬਲਾਂ ਵੱਲੋਂ ਨਾਗਰਿਕਾਂ ਦੀਆਂ ਹੱਤਿਆਵਾਂ ਨੂੰ ਕਿਉਂ ਉਜਾਗਰ ਕਰਦਾ ਹੈ ਪਰ ਮੇਰਾ ਕਹਿਣਾ ਹੈ ਕਿ ਜਦੋਂ ਅੱਤਵਾਦੀ ਨਾਗਰਿਕਾਂ ਦੀ ਹੱਤਿਆ ਕਰਦੇ ਹਨ ਤਾਂ ਉਹ ਚੁੱਪ ਕਿਉਂ ਰਹਿੰਦੇ ਹਨ? ਜਾਂ ਕੀ ਸਾਨੂੰ ਇਹ ਅੰਦਾਜ਼ਾ ਲਾਉਣਾ ਚਾਹੀਦਾ ਹੈ ਕਿ ਜੇਕਰ ਅੱਤਵਾਦੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਤਾਂ ਉਹ ਉਨ੍ਹਾਂ ਲਈ ਮੰਨਣਯੋਗ ਹੈ।’’

ਗਰਨੇਡ ਹਮਲੇ ’ਚ ਮਾਰੇ ਗਏ ਨਾਗਰਿਕਾਂ ’ਚੋਂ 19 ਸਾਲਾ ਵਿਦਿਆਰਥਣ ਸੀ, ਜਿਸ ਨੇ ਆਪਣੀ 12ਵੀਂ ਜਮਾਤ ਦੀ ਪ੍ਰੀਖਿਆ ’ਚ ਡਿਸਟਿੰਗਸ਼ਨ ਹਾਸਲ ਕੀਤਾ ਸੀ। ਉਸ ਵਿਖਾਵਾਕਾਰੀ ਨੇ ਸੋਗ ਪ੍ਰਗਟਾਉਂਦੇ ਹੋਏ ਕਿਹਾ,‘‘ਹਰ ਕੋਈ ਜਾਣਦਾ ਹੈ ਕਿ ਨਿਰਦੋਸ਼ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਪਿੱਛੇ ਕੌਣ ਹੈ ਪਰ ਕਸ਼ਮੀਰ ’ਚ ਹੱਤਿਆਵਾਂ ਅਤੇ ਧਮਕੀਆਂ ਦੀ ਚੋਣਵੇਂ ਤੌਰ ’ਤੇ ਆਲੋਚਨਾ ਕੀਤੀ ਜਾਂਦੀ ਹੈ, ਇੱਥੋਂ ਤੱਕ ਕੌਮਾਂਤਰੀ ਅਧਿਕਾਰ ਸੰਗਠਨਾਂ ਅਤੇ ਮੀਡੀਆ ਵੱਲੋਂ ਵੀ।’’

ਵਿਰੋਧ ਵਿਖਾਵੇ ਦੀ ਅਗਵਾਈ ਕਰ ਰਹੇ ਵਰਕਰਾਂ ’ਚੋਂ ਇਕ ਸਾਜਿਦ ਯੂਸੁਫ ਨੇ ਕਿਹਾ ਕਿ ਉਹ ਇਹ ਯਕੀਨੀ ਕਰਨ ਲਈ ਇਕੱਠੇ ਹੋਏ ਹਨ ਕਿ ਅਧਿਕਾਰੀ ਉਨ੍ਹਾਂ ਨੂੰ ਨਿਆਂ ਦਿਵਾਉਣ। ਉਨ੍ਹਾਂ ਨੇ ਕਿਹਾ,‘‘ਕਸ਼ਮੀਰੀ ਹਿੰਸਾ ਤੋਂ ਬਾਹਰ ਆਉਣਾ ਚਾਹੁੰਦੇ ਹਨ ਅਤੇ ਯੂਥ ਵਰਕਰ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਕਾਰਿਆਂ ਦੇ ਵਿਰੁੱਧ ਆਵਾਜ਼ ਉਠਾਈਏ।’’ਵਿਖਾਵਾਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੱਤਿਆਰਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਹੈ ਕਿਉਂਕਿ ਐਤਵਾਰ ਦੀ ਘਟਨਾ ਪਹਿਲੀ ਘਟਨਾ ਨਹੀਂ ਹੈ,ਜਿੱਥੇ ਅੱਤਵਾਦੀ ਕਾਰਿਆਂ ’ਚ ਨਾਗਰਿਕ ਮਾਰੇ ਗਏ ਹਨ।


Karan Kumar

Content Editor

Related News