ਮਨੁੱਖਤਾ ਨੂੰ ਤਬਾਹੀ ਵੱਲ ਧੱਕਦੀ ਜੰਗ

10/15/2023 2:51:46 PM

ਅਧਿਕਾਰਤ ਆਧਾਰ ’ਤੇ ਪ੍ਰਭੂਸੱਤਾ ਜਮਾਉਣਾ ਸ਼ੁਰੂ ਤੋਂ ਹੀ ਮਨੁੱਖੀ ਸੁਭਾਅ ਦਾ ਅੰਸ਼ ਰਿਹਾ ਹੈ ਪਰ ਖਾਹਿਸ਼ਾਂ ਜਦੋਂ ਲਗਾਤਾਰ ਵਧਦੇ ਹੋਏ ਵਿਗਾੜ ਦਾ ਰੂਪ ਧਾਰਨ ਕਰਨ ਲੱਗਣ ਤਾਂ ਜੰਗ ਵਜੋਂ ਸਮੁੱਚੀ ਦੁਨੀਆ ’ਤੇ ਤਬਾਹੀ ਦਾ ਖਤਰਾ ਮੰਡਰਾਉਣ ਲੱਗਦਾ ਹੈ। ਨਿਹਿਤ ਸਵਾਰਥਾਂ ਦੀ ਵਧੀਕੀ ਕਾਰਨ ਉੱਠੀਆਂ ਹਿੰਸਾ ਵਾਲੀਆਂ ਚੰਗਿਆੜੀਆਂ ਅਮਰੀਕਾ-ਵੀਅਤਨਾਮ ਤੋਂ ਸ਼ੁਰੂ ਹੋ ਕੇ ਰੂਸ-ਯੂਕ੍ਰੇਨ ’ਚ ਜੰਗ ਦੀ ਅੱਗ ਭੜਕਾਉਣ ਪਿੱਛੋਂ, ਵਰਤਮਾਨ ’ਚ ਸ਼ਾਂਤੀ ਅਤੇ ਵਿਕਾਸ ਦੀਆਂ ਅਨੰਤ ਸੰਭਾਵਨਾਵਾਂ ਲਈ ਯਤਨਸ਼ੀਲ ਮੱਧ ਏਸ਼ੀਆਈ ਖੇਤਰ ’ਚ ਵੱਸੇ ਨਾਗਰਿਕਾਂ ਨੂੰ ਆਪਣੀ ਲਪੇਟ ’ਚ ਲੈ ਚੁੱਕੀਆਂ ਹਨ।

7 ਅਕਤੂਬਰ ਨੂੰ ਸ਼ਬਾਤ ਦੇ ਦਿਨ ਮੌਜ-ਮਸਤੀ ’ਚ ਡੁੱਬੇ ਇਜ਼ਰਾਈਲ ਦੀ ਸੀਮਾ ਸੁਰੱਖਿਆ ਪ੍ਰਣਾਲੀ ਤਹਿਸ-ਨਹਿਸ ਕਰਦੇ ਹੋਏ ਹਮਾਸ ਦੇ ਅੱਤਵਾਦੀਆਂ ਨੇ ਅਜਿਹਾ ਕਹਿਰ ਵਰ੍ਹਾਇਆ ਕਿ ਬਦਲੇ ’ਚ ਇਜ਼ਰਾਈਲੀ ਫੌਜ ਨੂੰ ਯੁੱਧ ਦਾ ਬਿਗੁਲ ਵਜਾਉਣਾ ਪਿਆ। ਸਾਲ 2005 ਤੋਂ ਹੀ ਗਾਜ਼ਾਪੱਟੀ ’ਤੇ ਕੰਟ੍ਰੋਲ ਸਥਾਪਿਤ ਕਰ ਚੁੱਕੇ ਹਮਾਸ ਦੇ ਅੱਤਵਾਦੀਆਂ ਨੇ ਇਸ ਜ਼ਾਲਮਾਨਾ ਹਮਲੇ ਦੌਰਾਨ ਬੰਧਕ ਬਣਾਉਣ ’ਚ ਬੁੱਢਿਆਂ, ਬੱਚਿਆਂ, ਔਰਤਾਂ ਤੱਕ ਨੂੰ ਨਹੀਂ ਬਖਸ਼ਿਆ।

22 ਥਾਵਾਂ ’ਤੇ ਅਚਾਨਕ ਕੀਤੇ ਗਏ ਇਸ ਹਮਲੇ ਨੇ ਅਮਰੀਕਾ ’ਤੇ ਹੋਏ 9/11 ਹਮਲੇ ਦੇ ਜ਼ਖਮ ਹਰੇ ਕਰ ਦਿੱਤੇ। ਇਕ ਦਿਨ ’ਚ ਹੀ ਮੌਤ ਦੇ ਘਾਟ ਉਤਾਰੇ ਗਏ ਯਹੂਦੀਆਂ ਦੀ ਗਿਣਤੀ, ਦੂਜੀ ਵਿਸ਼ਵ ਜੰਗ ਦੌਰਾਨ ਹੋਏ ਸਮੂਹਿਕ ਯਹੂਦੀ ਕਤਲੇਆਮ ਪਿੱਛੋਂ ਸਭ ਤੋਂ ਵੱਧ ਗਿਣੀ ਗਈ। ਖੂਨੀ ਲਾਸ਼ਾਂ ਦੇ ਢੇਰ ਦਰਮਿਆਨ ਨਾਰੀਆਂ ਦੀ ਪੱਤ ਰੋਲਦੇ ਹੋਏ ਦਿਲ ਦਹਿਲਾਉਣ ਵਾਲੀ ਵੀਡੀਓ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਬੇਰਹਿਮੀ ਦੇ ਵੇਗ ’ਚ ਕੀ ਕੋਈ ਵਿਅਕਤੀ ਇੰਨਾ ਨਫਰਤੀ ਵਿਹਾਰ ਵੀ ਕਰ ਸਕਦਾ ਹੈ?

ਹਮਾਸ ਹਮਲੇ ਦੇ ਮਾਸਟਰ ਮਾਈਂਡ ਸਮਝੇ ਜਾਣ ਵਾਲੇ ਮੁਹੰਮਦ ਦੀਫ ਵੱਲੋਂ ਜਾਰੀ ਆਡੀਓ ਅਨੁਸਾਰ, ਇਸ ਨੂੰ 2021 ’ਚ ਯੇਰੂਸ਼ਲਮ ਦੀ ਅਲ ਅਕਸਾ ਮਸਜਿਦ ’ਚ ਦਾਖਲ ਹੋਣ ਦੀ ਜਵਾਬੀ ਕਾਰਵਾਈ ਦੱਸਿਆ ਜਾ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ, ਮੁੱਖ ਕਾਰਨ ਇਜ਼ਰਾਈਲ ਅਤੇ ਸਾਊਦੀ ਅਰਬ ਦਰਮਿਆਨ ਹੋਣ ਜਾ ਰਿਹਾ ਵੱਡੇ ਪੱਧਰ ’ਤੇ ਸ਼ਾਂਤੀ ਸਮਝੌਤਾ ਵੀ ਹੈ। ਸਾਲ 2000 ’ਚ ਵੀ ‘ਕੈਂਪ ਡੇਵਿਡ ਸੰਮੇਲਨ’ ਦੌਰਾਨ ਹਮਾਸ ਨੇ ਇਜ਼ਰਾਈਲ-ਫਿਲਸਤੀਨ ਸ਼ਾਂਤੀ ਯੋਜਨਾ ਅਸਫਲ ਕਰਨ ਦਾ ਯਤਨ ਕੀਤਾ ਸੀ।

ਦੂਜੇ ਇੰਤਿਫਾਦਾ (ਬਗਾਵਤ) ਨਾਲ ਨਾ ਸਿਰਫ ਦੋਵਾਂ ਧਿਰਾਂ ਵਿਚਾਲੇ ਸਥਿਤੀ ਆਮ ਹੋਣ ਦੀਆਂ ਸਮੁੱਚੀਆਂ ਸੰਭਾਵਨਾਵਾਂ ਢਹਿ-ਢੇਰੀ ਹੋ ਗਈਆਂ ਸਨ ਸਗੋਂ ਇਸ ਸੰਘਰਸ਼ ’ਚ ਹਜ਼ਾਰਾਂ ਨਾਗਰਿਕ ਮੌਤ ਦੀ ਭੇਟ ਚੜ੍ਹ ਗਏ ਸਨ। ਇਸ ਵਾਰ ਵੀ ਹਮਲਾ ਠੀਕ ਉਸੇ ਸਮੇਂ ਹੋਇਆ ਜਦ ਇਜ਼ਰਾਈਲ, ਸਾਊਦੀ ਅਰਬ ਅਤੇ ਅਮਰੀਕਾ ਇਕ ਤਿੰਨ-ਪੱਧਰੀ ਸਮਝੌਤੇ ਵੱਲ ਵਧ ਰਹੇ ਸਨ, ਜੋ ਕਿ ਰਸਮੀ ਤੌਰ ’ਤੇ ਇਜ਼ਰਾਈਲ ਅਤੇ ਸਾਊਦੀ ਅਰਬ ਨੂੰ ਅਮਰੀਕਾ ਦਾ ਸਹਿਯੋਗੀ ਬਣਾਉਣ ’ਚ ਮਹੱਤਵਪੂਰਨ ਸਿੱਧ ਹੁੰਦਾ।

ਕਾਰਨ ਜਾਂ ਇਰਾਦਾ ਜੋ ਵੀ ਹੋਵੇ ਪਰ ਯਕੀਨੀ ਤੌਰ ’ਤੇ ਸ਼ਾਂਤੀ ਬਹਾਲੀ ਪ੍ਰਕਿਰਿਆ ’ਚ ਪਈ ਇਸ ਵਿਵਸਥਾ ਦਾ ਸਭ ਤੋਂ ਵੱਧ ਖਮਿਆਜ਼ਾ ਫਿਲਸਤੀਨੀਆਂ ਨੂੰ ਹੀ ਮੋੜਨਾ ਪਵੇਗਾ। ਹਮਲੇ ਨੇ ਉਨ੍ਹਾਂ ਦੀ ਆਰਥਿਕ ਤੇ ਸੁਰੱਖਿਆਤਮਕ ਉੱਨਤੀ ਸਬੰਧੀ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ।

ਤ੍ਰਾਸਦੀ ਦਾ ਵਿਸ਼ਾ ਹੈ, ਫਿਲਸਤੀਨੀ ਵਿਕਾਸ ਦੇ ਮੱਦੇਨਜ਼ਰ ਜਦ ਕਦੀ ਵੀ ਸੁਰ ਬੁਲੰਦ ਹੋਏ ਇਸਲਾਮਿਕ ਕੱਟੜਪੰਥੀ ਸੋਚ ਉਨ੍ਹਾਂ ਨੂੰ ਦੱਬਣ-ਕੁਚਲਣ ’ਤੇ ਉਤਾਰੂ ਹੋ ਉੱਠੀ। ਤਾਜ਼ਾ ਹਵਾਈ ਹਮਲਿਆਂ ’ਚ ਹੁਣ ਤੱਕ ਸੈਂਕੜੇ ਫਿਲਸਤੀਨੀ ਮਾਰੇ ਜਾ ਚੁੱਕੇ ਹਨ।

ਇਸ ਵਿਸ਼ੇ ’ਚ ਈਰਾਨ ਦੀ ਭੂਮਿਕਾ ਸ਼ੱਕੀ ਮੰਨੀ ਜਾ ਰਹੀ ਹੈ। ਕਥਿਤ ਤੌਰ ’ਤੇ ਹਮਲੇ ’ਚ ਕੋਈ ਹੱਥ ਹੋਣ ਦੀ ਗੱਲ ਸਵੀਕਾਰ ਨਾ ਕਰਨ ’ਤੇ ਵੀ ਅੱਤਵਾਦੀ ਕਾਰਵਾਈ ਦਾ ਸ਼ਰੇਆਮ ਜਸ਼ਨ ਮਨਾਉਣਾ ਖੁਦ ’ਚ ਹੀ ਇਕ ਸ਼ੱਕੀ ਪਹਿਲੂ ਹੈ। ਈਰਾਨ ਜੋ ਕਿ ਸਾਊਦੀ ਅਰਬ ਦਾ ਸਭ ਤੋਂ ਵੱਡਾ ਵਿਰੋਧੀ ਰਿਹਾ ਹੈ, ਹਮਾਸ ਨੂੰ ਹਰ ਸਾਲ 100 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਪਹਿਲਾਂ ਤੋਂ ਮਿੱਥੇ ਹਮਲੇ ’ਚ ਵੀ ਅਪ੍ਰਤੱਖ ਤੌਰ ’ਤੇ ਈਰਾਨ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਘਾਤਕ ਹਮਲੇ ਨੇ ਇਜ਼ਰਾਈਲ ਦੀ ਉਸ ਸੁਰੱਖਿਆ ਵਿਵਸਥਾ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਜਿਸ ਨੂੰ ਅਭੇਦ ਯਤਨ ’ਚ ਇਕ ਅਰਬ ਡਾਲਰ ਖਰਚ ਕੀਤੇ ਗਏ ਸਨ। ਹਮਲੇ ਦੀ ਭਿਣਕ ਤਕ ਨਾ ਪੈਣ ਕਾਰਨ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦਾ ਸਵਾਲੀਆ ਘੇਰੇ ’ਚ ਆਉਣਾ ਵੀ ਸੁਭਾਵਿਕ ਹੈ। ਸੂਤਰਾਂ ਦੀ ਮੰਨੀਏ ਤਾਂ ਵਰਤਮਾਨ ਹਾਲਾਤ ਲਈ ਨੇਤਨਯਾਹੂ ਦੀਆਂ ਵੰਡਪਾਊ ਨੀਤੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਮੁੱਠੀ ਭਰ ਅੱਤਵਾਦੀਆਂ ਦੀ ਅਚਾਨਕ ਕਾਰਵਾਈ ਤੋਂ ਸਕਤੇ ’ਚ ਆਇਆ ਸਮੁੱਚਾ ਵਿਸ਼ਵ 2 ਧੜਿਆਂ ’ਚ ਵੰਡਿਆ ਜਾ ਚੁੱਕਾ ਹੈ। ਇਕ ਪਾਸੇ ਅਮਰੀਕਾ, ਬ੍ਰਿਟੇਨ, ਜਰਮਨੀ, ਇਟਲੀ, ਫਰਾਂਸ ਆਦਿ ਦੇਸ਼ਾਂ ਨੇ ਇਜ਼ਰਾਈਲ ਨੂੰ ਖੁੱਲ੍ਹੀ ਹਮਾਇਤ ਦਿੰਦੇ ਹੋਏ ਹਮਾਸ ਦੇ ਕਾਰੇ ਨੂੰ ਨਿੰਦਣਯੋਗ ਕਰਾਰ ਦਿੱਤਾ, ਉੱਥੇ ਹੀ ਈਰਾਨ, ਰੂਸ, ਦੱਖਣੀ ਅਫਰੀਕਾ, ਵੈਨੇਜ਼ੁਏਲਾ ਸਮੇਤ 25 ਦੇਸ਼ ਫਿਲਸਤੀਨ ਦੇ ਹਮਾਇਤੀ ਹਨ।

ਭਾਰਤ ਦੇ ਇਜ਼ਰਾਈਲ-ਫਿਲਸਤੀਨ ਨਾਲ ਤੰਦਰੁਸਤ ਕੂਟਨੀਤਕ ਸਬੰਧ ਰਹੇ ਹਨ। ਅੱਤਵਾਦ ਵਿਰੁੱਧ ਇਜ਼ਰਾਈਲ ਨਾਲ ਇਕਜੁੱਟ ਹੋ ਕੇ ਖੜ੍ਹਾ ਭਾਰਤ ਸ਼ਾਂਤੀ ਯਤਨਾਂ ਲਈ ਵੀ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ‘ਆਪ੍ਰੇਸ਼ਨ ਅਜੈ’ ਅਧੀਨ ਦੇਸ਼ਵਾਸੀਆਂ ਨੂੰ ਸੁਰੱਖਿਅਤ ਕੱਢਣ ਦੀ ਸ਼ੁਰੂਆਤ ਹੋ ਚੁੱਕੀ ਹੈ। ਵਿਸ਼ਵੀਕਰਨ ਲਈ ਅੱਤਵਾਦ ਦੇ ਖਾਤਮੇ ਨਾਲ ਮਨੁੱਖਤਾ ਨੂੰ ਜੰਗ ਦੇ ਸਰਾਪ ਤੋਂ ਬਚਾਉਣਾ ਵੀ ਜ਼ਰੂਰੀ ਹੈ। ਰਾਸ਼ਟਰੀ ਹਿੱਤਾਂ ਦੇ ਦ੍ਰਿਸ਼ਟੀਗਤ ਭਾਰਤ ਲਈ ਮੱਧ ਏਸ਼ੀਆ ਖੇਤਰ ’ਚ ਸ਼ਾਂਤੀ ਬਹਾਲੀ ਹੋਣੀ ਲਾਜ਼ਮੀ ਹੈ। ਸੰਯਮਿਤ-ਸਮਝਦਾਰੀ ਵਾਲੇ ਵਿਹਾਰ ਨਾਲ ਅੱਤਵਾਦ ’ਤੇ ਰੋਕ ਲਾਉਂਦੇ ਹੋਏ ਆਪਸੀ ਸੰਘਰਸ਼ ’ਚ ਹੋਣ ਵਾਲੀ ਭਿਆਨਕ ਤਬਾਹੀ ਕਿਵੇਂ ਰੋਕੀ ਜਾਵੇ।

ਵਿਚੋਲਗੀ ਦੇ ਆਧਾਰ ’ਤੇ ਵਿਚਾਰਨਯੋਗ ਸਵਾਲ ਹੈ। ਅੱਤਵਾਦੀ ਹਮਲਾ ਇਕ ਵੱਡੀ ਚਿਤਾਵਨੀ ਵੀ ਹੈ, ਰਾਸ਼ਟਰੀ ਸੁਰੱਖਿਆ ਵਿਵਸਥਾ ਜ਼ਮੀਨੀ ਤੌਰ ’ਤੇ ਇੰਨੀ ਮਜ਼ਬੂਤ ਬਣਾਈ ਜਾਵੇ ਕਿ ਅਜਗਰ ਵਾਂਗ ਫਨ ਫੈਲਾਈ ਅੱਤਵਾਦੀਆਂ ਦੇ ਕਿਤੋਂ ਵੀ ਦੱਬੇ ਪੈਰ ਦਾਖਲ ਹੋਣ ਦੀ ਗੁੰਜਾਇਸ਼ ਤੱਕ ਬਾਕੀ ਨਾ ਰਹੇ।

ਹਮਾਸ ਦੇ ਅੱਤਵਾਦ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਭਵਿੱਖ ’ਚ ਕੋਈ ਅੱਤਵਾਦੀ ਧੜਾ ਸਿਰ ਨਾ ਉਠਾ ਸਕੇ ਪਰ ਤੱਥ ਇਹ ਵੀ ਹੈ, ਜੰਗ ਕਿਵੇਂ ਵੀ ਹੋਵੇ, ਜੀਵ ਹਿਤੈਸ਼ੀ ਕਦੀ ਵੀ ਨਹੀਂ ਹੁੰਦੀ। ਹਮਾਸ ਦਾ ਨਾਮੋ-ਨਿਸ਼ਾਨ ਮਿਟਾ ਦੇਣ ਦੇ ਮੰਤਵ ਨਾਲ ਸ਼ੁਰੂ ਹੋਈ ਇਸ ਜੰਗ ’ਚ ਮੌਤ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ, ਵੱਡੀ ਗਿਣਤੀ ’ਚ ਦੋਵੇਂ ਧਿਰਾਂ ਦੇ ਲੋਕਾਂ ਦਾ ਮਰਨਾ ਜਾਰੀ ਹੈ।

ਭਾਰੀ ਬੰਬਾਰੀ ਤੇ ਨਾਕਾਬੰਦੀ ਨਾਲ ਗਾਜ਼ਾਪੱਟੀ ਦਾ ਖੁਸ਼ਹਾਲ ਖੇਤਰ ਰੇਗਿਸਤਾਨ ’ਚ ਤਬਦੀਲ ਹੋ ਚੁੱਕਾ ਹੈ। ਲੱਖਾਂ ਲੋਕ ਬੇਘਰ ਹੋ ਚੁੱਕੇ ਹਨ। ਭੁੱਖ-ਪਿਆਸ ਨਾਲ ਬੇਹਾਲ ਬੱਚੇ ਧੂ-ਧੂ ਸੜਦੇ ਘਰ ਦੇਖ ਕੇ ਸਿਰਫ ਇਹੀ ਸਵਾਲ ਕਰ ਰਹੇ ਹਨ, ਸੱਭਿਅਕ ਸਮਾਜਾਂ ’ਚ ਅੱਤਵਾਦ ਕਿਉਂ, ਜੰਗ ਕਿਉਂ?

ਦੀਪਿਕਾ ਅਰੋੜਾ


Rakesh

Content Editor

Related News