ਇਕ ਵਿਰਾਟ ਸ਼ਖ਼ਸੀਅਤ ਸਨ ਅਟਲ ਬਿਹਾਰੀ ਵਾਜਪਾਈ

Friday, Aug 17, 2018 - 06:09 AM (IST)

ਇਕ ਵਿਰਾਟ ਸ਼ਖ਼ਸੀਅਤ ਸਨ ਅਟਲ ਬਿਹਾਰੀ ਵਾਜਪਾਈ

ਅਟਲ ਬਿਹਾਰੀ ਵਾਜਪਾਈ, ਇਕ ਵਿਰਾਟ ਸ਼ਖ਼ਸੀਅਤ ਸਨ। ਜਿਹੜਾ ਵੀ ਪੱਤਰਕਾਰ, ਸਿਆਸਤਦਾਨ ਪਿਛਲੇ 6 ਦਹਾਕਿਆਂ ਤੋਂ ਦਿੱਲੀ, ਲਖਨਊ, ਭੋਪਾਲ ਅਤੇ ਜੈਪੁਰ ਵਿਚ ਸਰਗਰਮ ਰਿਹਾ ਹੈ, ਹੋ ਨਹੀਂ ਸਕਦਾ ਕਿ ਉਹ ਇਸ ਵਿਰਾਟ ਸ਼ਖ਼ਸੀਅਤ ਤੋਂ ਅਛੂਤਾ ਰਿਹਾ ਹੋਵੇ। 
ਤੁਸੀਂ ਚਾਹੇ ਵਾਜਪਾਈ ਨੂੰ ਸਤਿਕਾਰਯੋਗ ਮੰਨੋ ਜਾਂ ਦੁਸ਼ਮਣ, ਉਨ੍ਹਾਂ ਨਾਲ ਪਿਆਰ ਕਰੋ ਜਾਂ ਨਫਰਤ, ਉਨ੍ਹਾਂ ਨਾਲ ਸਹਿਮਤ ਹੋਵੋ ਜਾਂ ਅਸਹਿਮਤ, ਉਨ੍ਹਾਂ ਨੂੰ ਚੰਗੇ ਮੰਨੋ ਜਾਂ ਬੁਰੇ, ਤੁਸੀਂ ਉਨ੍ਹਾਂ ਨੂੰ ਖਾਰਿਜ ਨਹੀਂ ਕਰ ਸਕਦੇ। ਇਹ ਇਸ ਸ਼ਖ਼ਸ ਦੀ ਜ਼ਿੰਦਗੀ ਦੀ ਸਫਲਤਾ ਦਾ ਸਬੂਤ ਹੈ। ਖ਼ੁਦ ਨੂੰ ਪਸੰਦ ਨਾ ਕਰਨ ਵਾਲੇ ਘੋਰ ਵਿਰੋਧੀ ਨੂੰ ਵੀ ਆਪਣੇ ਰਵੱਈਏ ਨਾਲ ਮੋਹਿਤ ਕਰ ਲੈਣ ਅਤੇ ਉਸ ਨਾਲ ਸਹਿਜ ਸਬੰਧ ਬਣਾ ਲੈਣ ਦੀ ਸਮਰੱਥਾ ਭਾਰਤੀ ਸਿਆਸੀ ਸਿਖਰ ਦੇ ਜਿਹੜੇ ਕੁਝ ਕੁ ਗਿਣੇ-ਚੁਣੇ ਨੇਤਾਵਾਂ ਵਿਚ ਰਹੀ ਹੈ, ਉਨ੍ਹਾਂ 'ਚ ਅਟਲ ਬਿਹਾਰੀ ਵਾਜਪਾਈ ਦਾ ਨਾਂ ਵੀ ਆਉਂਦਾ ਹੈ। 
ਕੋਈ ਕਿੰਨੀ ਵੀ ਕੌੜੀ ਗੱਲ ਕਹੇ, ਵਾਜਪਾਈ ਉਸ ਦਾ ਹੱਸਦੇ ਹੋਏ ਜਵਾਬ ਦੇ ਦਿੰਦੇ ਸਨ। ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਉਨ੍ਹਾਂ ਨੂੰ 'ਗੁਰੂਦੇਵ' ਕਹਿੰਦੇ ਸਨ ਪਰ ਕਈ ਵਾਰ ਵਾਜਪਾਈ ਜੀ ਨੂੰ ਅਜਿਹੇ ਕੌੜੇ ਸ਼ਬਦ ਕਹਿ ਦਿੰਦੇ ਕਿ ਉਹ ਭੜਕ ਉੱਠਦੇ ਸਨ ਪਰ ਜਵਾਬ ਸਹਿਜ ਸ਼ਬਦਾਂ ਵਿਚ ਹੀ ਦਿੰਦੇ ਸਨ। 
ਇਕ ਵਾਰ ਸ਼੍ਰੀ ਵਾਜਪਾਈ ਨੇ ਜਦੋਂ ਜਾਰਜ ਫਰਨਾਂਡੀਜ਼ ਦਾ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਲੈ ਲਿਆ ਤਾਂ ਚੰਦਰ ਸ਼ੇਖਰ ਨੇ ਉਨ੍ਹਾਂ ਨੂੰ ਫੋਨ ਕੀਤਾ ਤੇ ਕਿਹਾ, ''ਗੁਰੂਦੇਵ, ਕੀ ਬਲੀ ਦਾ ਬੱਕਰਾ ਬਣਾਉਣ ਲਈ ਜਾਰਜ ਹੀ ਸਨ?'' ਇਸ 'ਤੇ ਸ਼੍ਰੀ ਵਾਜਪਾਈ ਨੇ ਕਿਹਾ, ''ਨਹੀਂ, ਨਹੀਂ ਚੰਦਰਸ਼ੇਖਰ ਜੀ, ਅਜਿਹਾ ਨਹੀਂ ਹੈ। ਕੁਝ ਸਮੇਂ ਬਾਅਦ ਉਹ ਫਿਰ ਮੰਤਰੀ ਮੰਡਲ ਵਿਚ ਵਾਪਸ ਆ ਜਾਣਗੇ।''
ਇਕ ਹੋਰ ਘਟਨਾ ਚੰਦਰ ਸ਼ੇਖਰ ਨਾਲ ਹੀ ਜੁੜੀ ਹੋਈ ਹੈ। ਸੰਸਦ ਚੱਲ ਰਹੀ ਸੀ ਤੇ ਚੰਦਰ ਸ਼ੇਖਰ ਲੋਕ ਸਭਾ ਵਿਚ ਸਨ। ਦੂਜੇ ਪਾਸੇ ਗੁੜਗਾਓਂ ਦੇ ਉਨ੍ਹਾਂ ਦੇ ਭੋਡਸੀ ਆਸ਼ਰਮ ਜਾਣ ਦਾ ਰਾਹ ਸੀ. ਆਰ. ਪੀ. ਐੱਫ. ਨੇ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਸੀ (ਭੋਡਸੀ ਆਸ਼ਰਮ ਜਾਣ ਦਾ ਰਾਹ ਸੀ. ਆਰ. ਪੀ. ਐੱਫ. ਦੇ ਖੇਤਰ 'ਚੋਂ ਲੰਘਦਾ ਸੀ) ਇਸ ਲਈ ਆਸ਼ਰਮ ਜਾਣਾ ਔਖਾ ਸੀ। ਆਸ਼ਰਮ ਵਿਚ ਰਹਿਣ ਵਾਲਿਆਂ ਨੇ ਚੰਦਰ ਸ਼ੇਖਰ ਦੀ ਰਿਹਾਇਸ਼ ਸਾਊਥ ਐਵੇਨਿਊ ਵਿਚ  ਫੋਨ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਇਹ ਗੱਲ ਚੰਦਰ ਸ਼ੇਖਰ ਤਕ ਪਹੁੰਚਾਉਣ ਲਈ ਕਿਹਾ।
ਲੋਕ ਸਭਾ ਵਿਚ ਜਾ ਕੇ ਇਕ ਸੰਸਦ ਮੈਂਬਰ ਨੇ ਚੰਦਰ ਸ਼ੇਖਰ ਨੂੰ ਸਾਰੀ ਜਾਣਕਾਰੀ ਦਿੱਤੀ, ਤਾਂ ਉਹ ਉਥੋਂ ਉੱਠ ਕੇ ਸਿੱਧੇ ਸੰਸਦ ਭਵਨ ਵਿਚ ਸਥਿਤ ਪ੍ਰਧਾਨ ਮੰਤਰੀ ਦੇ ਕਮਰੇ ਵਿਚ ਚਲੇ ਗਏ। ਉਥੇ ਵਾਜਪਾਈ ਬੈਠੇ ਹੋਏ ਸਨ। ਚੰਦਰ ਸ਼ੇਖਰ ਨੇ ਉਨ੍ਹਾਂ ਨੂੰ ਕਿਹਾ ਕਿ ''ਤੁਹਾਡੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਮੇਰੇ ਭੋਡਸੀ ਆਸ਼ਰਮ ਨੂੰ ਜਾਣ ਵਾਲਾ ਰਾਹ ਸੀ. ਆਰ. ਪੀ. ਐੱਫ. ਤੋਂ ਬੰਦ ਕਰਵਾ ਦਿੱਤਾ ਹੈ, ਮੈਂ ਉਥੇ ਜਾ ਰਿਹਾ ਹਾਂ, ਉਨ੍ਹਾਂ ਨੂੰ ਕਹਿ ਦਿਓ ਰੋਕਣ।''
ਇਹ ਕਹਿ ਕੇ ਚੰਦਰ ਸ਼ੇਖਰ ਤੇਜ਼ੀ ਨਾਲ ਬਾਹਰ ਨਿਕਲ ਗਏ। ਹੈਰਾਨ ਹੋਏ ਵਾਜਪਾਈ ਇਹੋ ਕਹਿੰਦੇ ਰਹਿ ਗਏ, ''ਚੰਦਰ ਸ਼ੇਖਰ ਜੀ ਇਕ ਮਿੰਟ ਰੁਕੋ, ਮੈਂ ਸੀ. ਆਰ. ਪੀ. ਐੱਫ. ਦੇ ਚੀਫ ਨੂੰ ਫੋਨ ਕਰ ਕੇ ਰਸਤਾ ਖੁੱਲ੍ਹਵਾਉਂਦਾ ਹਾਂ ਅਤੇ ਪੁੱਛਦਾ ਹਾਂ ਕਿ ਕਿਸ ਦੇ ਕਹਿਣ 'ਤੇ ਅਤੇ ਕਿਵੇਂ ਰਸਤਾ ਰੋਕਿਆ ਗਿਆ?''
ਚੰਦਰ ਸ਼ੇਖਰ ਸੰਸਦ 'ਚੋਂ ਬਾਹਰ ਨਿਕਲ ਕੇ ਕਾਰ ਵਿਚ ਬੈਠੇ ਅਤੇ ਸਿੱਧੇ ਭੋਡਸੀ ਆਸ਼ਰਮ ਲਈ ਚੱਲ ਪਏ। ਉਥੇ ਗਏ ਤਾਂ ਰਸਤਾ ਖੁੱਲ੍ਹਾ ਮਿਲਿਆ ਅਤੇ ਸੀ. ਆਰ. ਪੀ. ਐੱਫ. ਵਾਲਿਆਂ ਨੇ ਉਨ੍ਹਾਂ ਤੋਂ ਮੁਆਫੀ ਵੀ ਮੰਗੀ। ਅਸਲ ਵਿਚ ਉਨ੍ਹੀਂ ਦਿਨੀਂ ਅਡਵਾਨੀ ਜੀ ਦੇ ਪਰਿਵਾਰ ਵਿਚ ਨੂੰਹ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਹ ਚੰਦਰ ਸ਼ੇਖਰ ਦੇ ਇਕ ਮਿੱਤਰ ਦੀ ਬੇਟੀ ਸੀ। ਅਡਵਾਨੀ ਜੀ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਨੂੰਹ ਚੰਦਰ ਸ਼ੇਖਰ ਦੀ ਸ਼ਹਿ 'ਤੇ ਪ੍ਰੇਸ਼ਾਨ (ਮੁਕੱਦਮਾ) ਕਰ ਰਹੀ ਹੈ।
ਇਕ ਘਟਨਾ ਹੋਰ ਹੈ : ਕੇਂਦਰ ਵਿਚ ਸ਼੍ਰੀ ਵਾਜਪਾਈ ਦੀ ਸਰਕਾਰ ਸੀ। ਉਦੋਂ ਕਾਸ਼ੀ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.), ਵਾਰਾਨਸੀ ਵਿਚ ਇਕ ਵਿਦਿਆਰਥੀ ਦੀ ਮੌਤ ਹੋਣ ਕਰਕੇ ਵਿਦਿਆਰਥੀ ਭੜਕੇ ਹੋਏ ਸਨ। ਉਦੋਂ ਉਥੋਂ ਦੇ ਵਾਈਸ ਚਾਂਸਲਰ ਸਨ ਸ਼੍ਰੀ ਗੌਤਮ, ਜਿਨ੍ਹਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਸੀ ਪਰ ਉਨ੍ਹਾਂ ਨੂੰ ਦੂਜੀ ਟਰਮ ਦੇਣ ਲਈ ਫਾਈਲ ਅੱਗੇ ਵਧਾ ਦਿੱਤੀ ਗਈ ਸੀ। 
ਡਾ. ਮੁਰਲੀ ਮਨੋਹਰ ਜੋਸ਼ੀ ਉਦੋਂ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰੀ ਸਨ। ਸਪਾ ਆਗੂ ਅਤੇ ਉਦੋਂ ਗਾਜ਼ੀਪੁਰ ਤੋਂ ਸੰਸਦ ਮੈਂਬਰ ਓਮ ਪ੍ਰਕਾਸ਼ ਨੇ ਇਹ ਮੁੱਦਾ ਸੰਸਦ ਵਿਚ ਉਠਾਇਆ ਸੀ ਪਰ ਡਾ. ਜੋਸ਼ੀ ਤਾਂ ਗੌਤਮ ਨੂੰ ਇਕ ਹੋਰ ਟਰਮ ਦੇਣ 'ਤੇ ਅੜੇ ਹੋਏ ਸਨ। 
ਉਸ ਤੋਂ ਬਾਅਦ ਕੁਝ ਸੰਸਦ ਮੈਂਬਰਾਂ ਨੇ ਗੌਤਮ ਨੂੰ ਦੂਜੀ ਟਰਮ ਨਾ ਦੇਣ ਦੀ ਚਿੱਠੀ ਤੱਤਕਾਲੀ ਰਾਸ਼ਟਰਪਤੀ ਕੇ. ਆਰ. ਨਾਰਾਇਣਨ ਨੂੰ ਲਿਖੀ। ਸਪਾ ਦੇ ਤੱਤਕਾਲੀ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਮੋਹਨ ਸਿੰਘ ਉਹ ਚਿੱਠੀ ਲੈ ਕੇ ਰਾਸ਼ਟਰਪਤੀ ਕੋਲ ਗਏ ਤੇ ਉਨ੍ਹਾਂ ਨੂੰ ਗੁਜ਼ਾਰਿਸ਼ ਕੀਤੀ ਕਿ ਬੀ. ਐੱਚ. ਯੂ. ਵਿਚ ਗੌਤਮ ਨੂੰ ਦੂਜੀ ਟਰਮ ਨਾ ਦਿੱਤੀ ਜਾਵੇ।
ਉਸ ਤੋਂ ਬਾਅਦ ਰਾਸ਼ਟਰਪਤੀ ਨੇ ਗੌਤਮ ਵਾਲੀ ਫਾਈਲ ਕੇਂਦਰ ਸਰਕਾਰ ਕੋਲ ਵਾਪਸ ਭੇਜ ਦਿੱਤੀ ਪਰ ਡਾ. ਜੋਸ਼ੀ ਅਜੇ ਵੀ ਅੜੇ ਹੋਏ ਸਨ। ਉਹ ਦੁਬਾਰਾ ਗੌਤਮ ਦਾ ਹੀ ਨਾਂ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭਿਜਵਾਉਣ ਵਾਲੇ ਸਨ ਤੇ ਇਸ ਨੂੰ ਲੈ ਕੇ ਓਮ ਪ੍ਰਕਾਸ਼ ਚਿੰਤਤ ਸਨ ਕਿਉਂਕਿ ਉਹ ਬੀ. ਐੱਚ. ਯੂ. ਵਿਦਿਆਰਥੀ ਸੰਘ ਦੇ ਜਨਰਲ ਸਕੱਤਰ ਰਹਿ ਚੁੱਕੇ ਸਨ ਤੇ ਬੀ. ਐੱਚ. ਯੂ. ਦੇ ਵਿਦਿਆਰਥੀਆਂ ਨੇ ਉਨ੍ਹਾਂ 'ਤੇ ਦਬਾਅ ਬਣਾਇਆ ਹੋਇਆ ਸੀ।
ਉਨ੍ਹਾਂ ਨੇ ਮੇਰੇ (ਲੇਖਕ) ਤੋਂ ਸਲਾਹ ਮੰਗੀ ਕਿ ਕੀ ਕਰਨਾ ਚਾਹੀਦਾ ਹੈ, ਤਾਂ ਮੈਂ ਕਿਹਾ ਕਿ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਦੇ ਕਮਰੇ ਵਿਚ ਜਾਓ ਅਤੇ ਵਾਜਪਾਈ ਜੀ ਦੇ ਪੈਰ ਫੜ ਲਓ। ਉਨ੍ਹਾਂ ਨੂੰ ਦੱਸ ਦੇਣਾ ਕਿ ਬੀ. ਐੱਚ. ਯੂ. ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਜਿਸ ਨਾਲ ਵਿਦਿਆਰਥੀ ਭੜਕੇ ਹੋਏ ਹਨ ਤੇ ਉਹ ਵਾਈਸ ਚਾਂਸਲਰ ਗੌਤਮ ਨੂੰ ਦੂਜੀ ਟਰਮ ਦੇਣ ਦਾ ਵਿਰੋਧ ਕਰ ਰਹੇ ਹਨ। ਰਾਸ਼ਟਰਪਤੀ ਨੇ ਵੀ ਗੌਤਮ ਦੀ ਮੁੜ-ਨਿਯੁਕਤੀ ਵਾਲੀ ਫਾਈਲ ਵਾਪਸ ਭੇਜ ਦਿੱਤੀ ਹੈ ਪਰ ਜੋਸ਼ੀ ਉਨ੍ਹਾਂ ਨੂੰ ਦੂਜੀ ਟਰਮ ਦੇਣ 'ਤੇ ਉਤਾਰੂ ਹਨ।
ਓਮ ਪ੍ਰਕਾਸ਼ ਨੇ ਇਹੋ ਕੀਤਾ ਅਤੇ ਵਾਜਪਾਈ ਜੀ ਨੇ ਉਨ੍ਹਾਂ ਦੀ ਪੂਰੀ ਗੱਲ ਸੁਣੀ ਤੇ ਕਿਹਾ ਕਿ ''ਜੋਸ਼ੀ ਜੀ ਵੀ ਗ਼ਜ਼ਬ ਕਰਦੇ ਹਨ। ਮੈਂ ਦੇਖਦਾ ਹਾਂ, ਤੁਸੀਂ ਜਾਓ ਤੇ ਬੱਚਿਆਂ ਨੂੰ ਕਹਿ ਦਿਓ ਕਿ ਗੌਤਮ ਨੂੰ ਦੂਜੀ ਟਰਮ ਨਹੀਂ ਮਿਲੇਗੀ।'' ਇਹੋ ਹੋਇਆ। 
ਵਾਜਪਾਈ ਜੀ ਨੂੰ ਵਿਰੋਧੀ ਪਾਰਟੀਆਂ ਦੇ ਨੌਜਵਾਨ ਸੰਸਦ ਮੈਂਬਰ 'ਗੁਰੂ ਜੀ' ਕਹਿੰਦੇ ਸਨ ਕਿਉਂਕਿ ਉਹ ਕੋਈ ਵੀ ਚੰਗਾ ਕੰਮ ਲੈ ਕੇ ਉਨ੍ਹਾਂ ਕੋਲ ਜਾਂਦੇ ਸਨ ਤਾਂ ਵਾਜਪਾਈ ਮਨ੍ਹਾ ਨਹੀਂ ਕਰਦੇ ਸਨ। ਕਦੇ-ਕਦੇ ਕੁਝ ਮੁੱਦਿਆਂ 'ਤੇ ਪਿਆਰ ਭਰੀ ਝਿੜਕ ਜ਼ਰੂਰ ਸੁਣਨ ਨੂੰ ਮਿਲਦੀ ਸੀ ਕਿ ਤੁਸੀਂ ਲੋਕ ਮਿਹਨਤ ਨਹੀਂ ਕਰ ਰਹੇ, ਅਧਿਐਨ ਨਹੀਂ ਕਰ ਰਹੇ। 
ਸਪਾ ਆਗੂ ਓਮ ਪ੍ਰਕਾਸ਼ ਨੇ ਦੱਸਿਆ ਕਿ ''ਇਕ ਵਾਰ ਲਖਨਊ ਵਿਚ ਵਾਜਪਾਈ ਜੀ ਦੀ ਸਭਾ ਸੀ ਤੇ ਉਦੋਂ ਯੂ. ਪੀ. ਵਿਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਸੀ। ਮੈਂ (ਓਮ ਪ੍ਰਕਾਸ਼) ਵਿਧਾਇਕ ਸੀ। ਮੈਂ ਅਤੇ ਕੁਝ ਹੋਰ ਸਪਾ ਵਿਧਾਇਕਾਂ ਨੇ ਤੈਅ ਕੀਤਾ ਕਿ ਸ਼੍ਰੀ ਵਾਜਪਾਈ ਦੀ ਸਭਾ ਵਿਚ ਨਾਅਰੇਬਾਜ਼ੀ ਕੀਤੀ ਜਾਵੇ ਪਰ ਇਸ ਦੀ ਸੂਚਨਾ ਨੇਤਾ ਜੀ (ਮੁਲਾਇਮ ਸਿੰਘ ਯਾਦਵ) ਨੂੰ ਮਿਲ ਗਈ। ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਕਿਹਾ ਕਿ ਵਾਜਪਾਈ ਜੀ ਦੇਸ਼ ਦੇ ਵੱਡੇ ਨੇਤਾ ਹਨ, ਤੁਹਾਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸ ਲਈ ਉਨ੍ਹਾਂ ਦੀ ਸਭਾ ਵਿਚ ਜਾਓ ਤੇ ਚੁੱਪਚਾਪ ਬੈਠ ਕੇ ਉਨ੍ਹਾਂ ਦਾ ਭਾਸ਼ਣ ਸੁਣੋ। ਉਨ੍ਹਾਂ ਤੋਂ ਸਿੱਖੋ ਕਿ ਭਾਸ਼ਣ ਕਿਵੇਂ ਦਿੱਤਾ ਜਾਂਦਾ ਹੈ, ਕਿਸੇ ਮੁੱਦੇ 'ਤੇ ਕਿਵੇਂ ਬੋਲਿਆ ਜਾਂਦਾ ਹੈ।'' 
ਇਹ ਹੈ ਵਾਜਪਾਈ ਜੀ ਦੀ ਸ਼ਖ਼ਸੀਅਤ। ਅੱਖੜ ਸੁਭਾਅ ਦੇ ਚੰਦਰ ਸ਼ੇਖਰ ਉਨ੍ਹਾਂ ਨੂੰ ਉਂਝ ਹੀ 'ਗੁਰੂਦੇਵ' ਨਹੀਂ ਕਹਿੰਦੇ ਸਨ!  


Related News