ਤੇਜ਼ੀ ਨਾਲ ਵਧ ਰਹੇ ਭਾਰਤੀ ਬਾਜ਼ਾਰ ਵਿਚ ‘ਖਪਤਕਾਰ ਸੁਰੱਖਿਆ’ ਦੀ ਲੋੜ

03/19/2019 7:19:12 AM

ਹੁਣੇ ਜਿਹੇ ਪ੍ਰਕਾਸ਼ਿਤ ਹੋਈ ਵਿਸ਼ਵ ਪ੍ਰਸਿੱਧ ਕੰਸਲਟੈਂਸੀ ਫਰਮ 'ਬੋਸਟਨ ਕੰਸਲਟਿੰਗ ਗਰੁੱਪ' (ਬੀ. ਸੀ. ਜੀ.) ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦਾ ਖਪਤਕਾਰ ਬਾਜ਼ਾਰ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। 
ਸੰਨ 2018 'ਚ ਭਾਰਤ ਦਾ ਖਪਤਕਾਰ ਬਾਜ਼ਾਰ 110 ਲੱਖ ਕਰੋੜ ਰੁਪਏ ਦਾ ਹੋ ਗਿਆ ਹੈ ਤੇ 2028 ਤਕ ਇਹ 335 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ। ਖਪਤਕਾਰ ਬਾਜ਼ਾਰ ਦਾ ਇਹ ਵਾਧਾ ਦੇਸ਼ ਦੀ ਵਧਦੀ ਆਬਾਦੀ, ਤੇਜ਼ ਸ਼ਹਿਰੀਕਰਨ, ਦਰਮਿਆਨੇ ਵਰਗ, ਇੰਟਰਨੈੱਟ ਅਤੇ ਸਮਾਰਟਫੋਨ ਦੀ ਤੇਜ਼ੀ ਨਾਲ ਵਰਤੋਂ ਵਧਣ ਕਰਕੇ ਹੋ ਰਿਹਾ ਹੈ। 
ਯਕੀਨੀ ਤੌਰ 'ਤੇ ਛਾਲਾਂ ਮਾਰ ਕੇ ਅੱਗੇ ਵਧ ਰਹੇ ਭਾਰਤ ਦੇ ਵਿਸ਼ਾਲ ਖਪਤਕਾਰ ਬਾਜ਼ਾਰ ਦੀਆਂ ਅੱਖਾਂ 'ਚ ਖਪਤ ਅਤੇ ਖੁਸ਼ਹਾਲੀ ਦੇ ਜੋ ਸੁਪਨੇ ਹਨ, ਉਨ੍ਹਾਂ ਨੂੰ ਪੂਰੇ ਕਰਨ ਲਈ ਦੇਸ਼-ਵਿਦੇਸ਼ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਆਪਣੀਆਂ ਨਵੀਆਂ ਰਣਨੀਤੀਆਂ ਬਣਾ ਰਹੀਆਂ ਹਨ। ਯਕੀਨੀ ਤੌਰ 'ਤੇ ਖਪਤਕਾਰ ਬਾਜ਼ਾਰ ਦੀ ਆਪਣੀ ਜ਼ੋਰਦਾਰ ਤਾਕਤ ਕਾਰਨ ਦੁਨੀਆ ਦੀਆਂ ਨਜ਼ਰਾਂ 'ਚ ਕੱਲ ਤਕ ਬਹੁਤ ਪਿੱਛੇ ਰਹਿਣ ਵਾਲਾ ਭਾਰਤ ਅੱਜ ਦੁਨੀਆ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਹੈ। 
ਜਿੱਥੇ ਇਹ ਆਪਣੀ ਖਪਤਕਾਰ ਤਾਕਤ ਕਾਰਨ ਆਰਥਿਕ ਮਹਾਸ਼ਕਤੀ ਬਣਨ ਦਾ ਸੁਪਨਾ ਲੈ ਕੇ ਅੱਗੇ ਵਧ ਰਿਹਾ ਹੈ, ਉਥੇ ਹੀ ਆਪਣੀ ਖਰੀਦਦਾਰੀ ਦੀ ਸਮਰੱਥਾ ਕਾਰਨ ਪੂਰੀ ਦੁਨੀਆ ਨੂੰ ਆਪਣੇ ਵੱਲ ਆਕਰਸ਼ਿਤ ਵੀ ਕਰ ਰਿਹਾ ਹੈ। ਭਾਰਤ ਦੇ ਉਚਾਈ 'ਤੇ ਪਹੁੰਚ ਰਹੇ ਖਪਤਕਾਰ ਬਾਜ਼ਾਰਾਂ ਕਾਰਨ ਵੀ ਕੌਮਾਂਤਰੀ ਮੰਚਾਂ ਅਤੇ ਸੰਸਾਰਕ ਸੰਗਠਨਾਂ 'ਚ ਭਾਰਤ ਦੀ ਚਮਕਦਾਰ ਅਹਿਮੀਅਤ ਨਜ਼ਰ ਆ ਰਹੀ ਹੈ। 
ਵਧਦੀ ਆਬਾਦੀ ਤੇ ਖਪਤਕਾਰ ਬਾਜ਼ਾਰ ਦਾ ਸਬੰਧ
ਯਕੀਨੀ ਤੌਰ 'ਤੇ ਦੇਸ਼ ਦੀ ਵਧਦੀ ਆਬਾਦੀ ਦਾ ਖਪਤਕਾਰ ਬਾਜ਼ਾਰ ਦੇ ਤੇਜ਼ੀ ਨਾਲ ਵਧਣ ਨਾਲ ਸਿੱਧਾ ਸਬੰਧ ਹੈ। ਭਾਰਤ ਦੀ ਮੌਜੂਦਾ ਆਬਾਦੀ 134 ਕਰੋੜ ਤਾਂ ਚੀਨ ਦੀ 141 ਕਰੋੜ ਹੈ। ਸੰਯੁਕਤ ਰਾਸ਼ਟਰ ਵਲੋਂ ਦੁਨੀਆ ਦੀ ਆਬਾਦੀ 'ਤੇ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਨ 2024 'ਚ ਭਾਰਤ ਦੀ ਆਬਾਦੀ ਚੀਨ ਨਾਲੋਂ ਜ਼ਿਆਦਾ ਹੋ ਜਾਵੇਗੀ। ਦੁਨੀਆ ਦੇ ਹੋਰ ਸਾਰੇ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਆਬਾਦੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧੇਗੀ। 
ਭਾਰਤ ਦੀ ਆਬਾਦੀ ਸਭ ਤੋਂ ਵੱਡੇ ਵਿਸ਼ਵ ਖਪਤਕਾਰ ਬਾਜ਼ਾਰ ਦਾ ਆਧਾਰ ਵੀ ਬਣੇਗੀ। ਇਹ ਗੱਲ ਵੀ ਅਹਿਮ ਹੈ ਕਿ ਸ਼ਹਿਰਾਂ ਦਾ ਤੇਜ਼ੀ ਨਾਲ ਵਿਕਾਸ ਭਾਰਤ 'ਚ ਖਪਤਕਾਰ ਬਾਜ਼ਾਰ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। 
ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਭਾਰਤ 'ਚ ਖਪਤਕਾਰ ਬਾਜ਼ਾਰ ਦੇ ਵਧਣ ਪਿੱਛੇ ਮੱਧਵਰਗ ਦੀ ਅਹਿਮ ਭੂਮਿਕਾ ਹੈ। ਸ਼ਹਿਰਾਂ 'ਚ ਰਹਿਣ ਵਾਲੇ ਮੱਧਵਰਗ ਦੇ ਲੋਕ ਆਪਣੇ ਕਾਰੋਬਾਰ, ਸੇਵਾਵਾਂ ਅਤੇ ਆਪਣੀਆਂ ਪੇਸ਼ੇਵਰ ਯੋਗਤਾਵਾਂ ਨਾਲ ਨਾ ਸਿਰਫ ਆਪਣੀ ਕਮਾਈ ਵਧਾ ਰਹੇ ਹਨ, ਸਗੋਂ ਆਪਣੀ ਖਰੀਦ ਸ਼ਕਤੀ ਨਾਲ ਖਪਤਕਾਰ ਬਾਜ਼ਾਰ ਨੂੰ ਚਮਕੀਲਾ ਵੀ ਬਣਾ ਰਹੇ ਹਨ।
ਹੁਣੇ ਜਿਹੇ ਗਲੋਬਲ ਕੰਸਲਟੈਂਸੀ ਫਰਮ 'ਪੀ. ਡਬਲਯੂ. ਸੀ.' ਨੇ ਕਿਹਾ ਹੈ ਕਿ  ਇਸ ਸਾਲ ਭਾਰਤ ਫਰਾਂਸ ਨੂੰ ਪਿੱਛੇ ਛੱਡਦਿਆਂ ਖਰੀਦ ਸ਼ਕਤੀ ਦੇ ਆਧਾਰ 'ਤੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੋਵੇਗਾ। 
ਇੰਟਰਨੈੱਟ ਦਾ ਯੋਗਦਾਨ
ਬਿਨਾਂ ਸ਼ੱਕ ਦੇਸ਼ ਦੇ ਖਪਤਕਾਰ ਬਾਜ਼ਾਰ ਨੂੰ ਰਫਤਾਰ ਦੇਣ 'ਚ ਇੰਟਰਨੈੱਟ ਦਾ ਵੀ ਅਹਿਮ ਯੋਗਦਾਨ ਹੈ। ਦੇਸ਼ ਦੇ 62 ਕਰੋੜ ਤੋਂ ਜ਼ਿਆਦਾ ਲੋਕ ਇੰਟਰਨੈੱਟ ਖਪਤਕਾਰ ਹਨ। ਦੁਨੀਆ ਭਰ 'ਚ ਡਾਟਾ ਆਧਾਰਿਤ ਵਿਵਸਥਾਵਾਂ 'ਚ ਵਾਧੇ ਦੇ ਮੁਕਾਬਲੇ ਭਾਰਤ 'ਚ ਡਾਟਾ ਖਪਤ 'ਚ ਵਾਧਾ ਸਭ ਤੋਂ ਜ਼ਿਆਦਾ ਹੋ ਰਿਹਾ ਹੈ। 
ਇਥੇ ਡਾਟਾ ਅਤੇ ਵੁਆਇਸ ਕਾਲ ਦੀ ਲਾਗਤ ਦੁਨੀਆ 'ਚ ਸਭ ਤੋਂ ਘੱਟ ਹੈ। ਦੇਸ਼ ਦੇ 40 ਫੀਸਦੀ ਤੋਂ ਜ਼ਿਆਦਾ ਲੋਕ ਸਮਾਰਟਫੋਨ ਚਲਾ ਰਹੇ ਹਨ। ਆਨਲਾਈਨ ਮਾਧਿਅਮਾਂ ਰਾਹੀਂ ਲੈਣ-ਦੇਣ ਸੌਖਾ ਹੋਇਆ ਹੈ ਤੇ ਅੱਜਕਲ ਕੰਮ-ਧੰਦੇ ਮੋਬਾਇਲ ਨਾਲ ਹੀ ਚੱਲ ਰਹੇ ਹਨ। 
ਚੁਣੌਤੀਆਂ
ਅੱਜ ਜਦੋਂ ਦੇਸ਼ ਦਾ ਖਪਤਕਾਰ ਬਾਜ਼ਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਠੱਗੀ ਤੋਂ ਬਚਾਉਣ ਤੇ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਸਬੰਧੀ ਚੁਣੌਤੀਆਂ ਵੀ ਮੂੰਹ ਅੱਡੀ ਖੜ੍ਹੀਆਂ ਹਨ। ਜੋ ਖਪਤਕਾਰ ਅੱਜ ਬਾਜ਼ਾਰ ਦੀ ਆਤਮਾ ਕਿਹਾ ਜਾਂਦਾ ਹੈ, ਉਹ ਕਈ ਵਾਰ ਬਾਜ਼ਾਰ 'ਚ ਮਿਲਾਵਟਖੋਰੀ, ਸਟੈਂਡਰਡ ਰਹਿਤ ਚੀਜ਼ਾਂ ਦੀ ਵਿਕਰੀ, ਜ਼ਿਆਦਾ ਭਾਅ-ਘੱਟ ਨਾਪ-ਤੋਲ ਵਰਗੇ ਸ਼ੋਸ਼ਣ ਤੋਂ ਪੀੜਤ ਹੁੰਦਾ ਦਿਖਾਈ ਦੇ ਰਿਹਾ ਹੈ। 
ਖਪਤਕਾਰ ਸੁਰੱਖਿਆ ਦੇ ਮੌਜੂਦਾ ਕਾਨੂੰਨ ਕਾਫੀ ਨਹੀਂ ਲੱਗਦੇ। ਉਤਪਾਦਾਂ ਦੀ ਗੁਣਵੱਤਾ ਸਬੰਧੀ ਸ਼ਿਕਾਇਤਾਂ ਦੇ ਤਸੱਲੀਬਖਸ਼ ਹੱਲ ਲਈ ਨਵੇਂ ਰੈਗੂਲੇਸ਼ਨ ਵੀ ਯਕੀਨੀ ਬਣਾਏ ਜਾਣੇ ਜ਼ਰੂਰੀ ਹਨ। ਨਵੀਂ ਸੰਸਾਰਕ ਅਰਥ ਵਿਵਸਥਾ ਦੇ ਤਹਿਤ ਭਵਿੱਖ 'ਚ ਡਾਟਾ ਦੀ ਉਹੀ ਅਹਿਮੀਅਤ ਹੋਵੇਗੀ, ਜੋ ਅੱਜ ਤੇਲ ਦੀ ਹੈ। ਆਉਣ ਵਾਲੀ ਦੁਨੀਆ ਖਪਤਕਾਰਾਂ ਦੇ ਡਾਟਾ 'ਤੇ ਆਧਾਰਿਤ ਹੋਵੇਗੀ, ਇਸ ਲਈ ਖਪਤਕਾਰਾਂ ਦੀ ਢੁੱਕਵੀਂ ਸੁਰੱਖਿਆ ਤੇ ਮੋਬਾਇਲ ਡਾਟਾ ਦੀ ਖਪਤ ਦੇ ਮਾਮਲੇ 'ਚ ਭਾਰਤ ਨੂੰ ਸਭ ਤੋਂ ਪਹਿਲਾਂ ਡਾਟਾ ਸੁਰੱਖਿਆ ਵੱਲ ਧਿਆਨ ਦੇਣਾ ਪਵੇਗਾ। 
ਜਿਸ ਦੇ ਕੋਲ ਜਿੰਨਾ ਜ਼ਿਆਦਾ ਡਾਟਾ ਸੁਰੱਖਿਅਤ ਹੋਵੇਗਾ, ਆਰਥਿਕ ਤੌਰ 'ਤੇ ਉਹ ਦੇਸ਼ ਓਨਾ ਹੀ ਮਜ਼ਬੂਤ ਹੋਵੇਗਾ। ਆਰਥਿਕ ਸੰਦਰਭ 'ਚ ਡਾਟਾ ਇਕ ਅਜਿਹਾ ਖੇਤਰ ਹੈ, ਜਿਥੇ ਕੋਈ ਨਿਯਮ-ਕਾਨੂੰਨ ਨਹੀਂ ਹਨ, ਇਸ ਲਈ ਇਸ ਨਾਲ ਸਬੰਧਤ ਢੁੱਕਵੇਂ ਨਿਯਮ-ਕਾਨੂੰਨ ਬਣਾਉਣੇ ਜ਼ਰੂਰੀ ਹਨ। ਇਹ ਯਕੀਨੀ ਬਣਾਉਣਾ ਪਵੇਗਾ ਕਿ ਡਾਟਾ 'ਤੇ ਦੇਸ਼ ਦਾ ਹੀ ਕੰਟਰੋਲ ਹੋਵੇ ਅਤੇ ਖਾਸ ਡਾਟਾ ਭਾਰਤ 'ਚ ਹੀ ਰੱਖਿਆ ਜਾਵੇ। ਡਾਟਾ ਦੇਸ਼ 'ਚ ਹੀ ਸੰਭਾਲਣ ਦੀ ਲੋੜ ਇਸ ਕਰਕੇ ਹੈ ਤਾਂ ਕਿ ਖਪਤਕਾਰਾਂ ਦੀ ਨਿੱਜੀ ਜਾਣਕਾਰੀ ਲੀਕ ਨਾ ਹੋ ਸਕੇ। 
ਗਾਹਕਾਂ ਦੇ ਡਾਟਾ ਦੀ ਸੁਰੱਖਿਆ ਤੇ ਉਸ ਦੀ ਕਮਰਸ਼ੀਅਲ ਵਰਤੋਂ ਨੂੰ ਲੈ ਕੇ ਹਰ ਤਰ੍ਹਾਂ ਦੀ ਪਾਬੰਦੀ ਲਾਈ ਜਾਣੀ ਜ਼ਰੂਰੀ ਹੈ। ਯਕੀਨੀ ਤੌਰ 'ਤੇ ਛਾਲਾਂ ਮਾਰ ਕੇ ਵਧ ਰਹੇ ਖਪਤਕਾਰ ਬਾਜ਼ਾਰ ਨਾਲ ਜਿੱਥੇ ਭਾਰਤੀ ਖਪਤਕਾਰਾਂ ਦੀ ਸੰਤੁਸ਼ਟੀ ਵਧੇਗੀ ਅਤੇ ਘੱਟ ਕੀਮਤ 'ਤੇ ਚੀਜ਼ਾਂ ਮੁਹੱਈਆ ਹੋਣਗੀਆਂ, ਉਥੇ ਹੀ ਦੇਸ਼ ਦੀ ਵਿਕਾਸ ਦਰ ਵਧੇਗੀ ਤੇ ਅਰਥ ਵਿਵਸਥਾ ਚਮਕਦਾਰ ਬਣੇਗੀ।      -ਡਾ. ਜੈਅੰਤੀ ਲਾਲ ਭੰਡਾਰੀ      jlbhandari@gmail.com


Bharat Thapa

Content Editor

Related News