ਮੱਧ ਏਸ਼ੀਆ ’ਚ ਚੀਨ ਦੇ ਪੈਰਾਂ ਹੇਠੋਂ ਖਿਸਕਦੀ ਧਰਤੀ

03/08/2022 6:43:06 PM

ਡ੍ਰੈਗਨ ਖੁਦ ਨੂੰ ਮੱਧ ਏਸ਼ੀਆ ਦਾ ਬਾਦਸ਼ਾਹ ਅਤੇ ਉਸ ਨੂੰ ਜਾਗੀਰ ਸਮਝਦਾ ਹੈ ਅਤੇ ਇਨ੍ਹਾਂ ਦੇਸ਼ਾਂ ’ਤੇ ਖੁੱਲ੍ਹ ਕੇ ਆਪਣੀ ਬਾਦਸ਼ਾਹਤ ਚਲਾਉਂਦਾ ਹੈ। ਕਿਸੇ ਵੀ ਬਾਹਰੀ ਦੇਸ਼ ਨੂੰ ਮੱਧ ਏਸ਼ੀਆਈ ਦੇਸ਼ਾਂ ਦੇ ਨਾਲ ਸੰਪਰਕ ਬਣਾਉਣ ਤੋਂ ਵੀ ਰੋਕਦਾ ਹੈ। ਓਧਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ’ਤੇ ਵੀ ਆਪਣਾ ਮਾਲਕਾਨਾ ਹੱਕ ਚਲਾਉਂਦਾ ਹੈ, ਖਾਸ ਕਰ ਕੇ ਜਦੋਂ ਮੁੱਦਾ ਦੱਖਣੀ ਚੀਨ ਸਾਗਰ ਦਾ ਹੋਵੇ ਉਦੋਂ ਤਾਂ ਡ੍ਰੈਗਨ ਤਾਨਾਸ਼ਾਹੀ ਦੀ ਹੱਦ ਤਕ ਅੱਗੇ ਵਧ ਜਾਂਦਾ ਹੈ ਪਰ ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਚੀਨ ਦੇ ਗੁਆਂਢੀ ਦੇਸ਼ਾਂ ’ਤੇ ਟਿਕ ਗਈਆਂ ਹਨ, ਜਿਨ੍ਹਾਂ ਨੂੰ ਚੀਨ ਨਾ ਤਾਂ ਅੱਗੇ ਵਧਣ ਦਿੰਦਾ ਹੈ ਅਤੇ ਨਾ ਹੀ ਕਿਸੇ ਦੂਜੇ ਦੇਸ਼ ਦੇ ਪ੍ਰਭਾਵ ’ਚ ਆਉਣ ਦੇਣਾ ਚਾਹੁੰਦਾ ਹੈ।

ਡ੍ਰੈਗਨ ਆਪਣੀ ਇਸ ਕੂਟਨੀਤਕ ਚਾਲ ਦੇ ਤਹਿਤ ਅਚਾਨਕ ਇਕ ਯੋਜਨਾ ਦਾ ਐਲਾਨ ਕਰਦਾ ਹੈ। ਸ਼ੀ ਜਿਨਪਿੰਗ ਅਚਾਨਕ ਇਹ ਤੈਅ ਕਰਦੇ ਹਨ ਕਿ ਮੱਧ ਏਸ਼ੀਆਈ ਦੇਸ਼ਾਂ ਦੇ ਨਾਲ ਆਪਣੇ ਡਿਪਲੋਮੈਟਿਕ ਸੰਬੰਧਾਂ ਦੀ 30ਵੀਂ ਵਰ੍ਹੇਗੰਢ ’ਤੇ ਉਹ ਇਕ ਸ਼ਾਨਦਾਰ ਆਯੋਜਨ ਦੇ ਨਾਲ ਵਰਚੁਅਲ ਮੀਟਿੰਗ ਕਰਨਗੇ । ਇਹ ਕਹਿਣ ਦੀ ਗੱਲ ਨਹੀਂ ਹੈ ਕਿ ਭਾਰਤ ਅਤੇ ਮੱਧ-ਏਸ਼ੀਆਈ ਦੀ ਮੀਟਿੰਗ ਨੂੰ ਫਿੱਕਾ ਬਣਾਉਣ ਲਈ ਡ੍ਰੈਗਨ ਨੇ ਇਹ ਮੱਕਾਰੀ ਭਰਿਆ ਕਦਮ ਉਠਾਇਆ ਹੈ ਪਰ ਡ੍ਰੈਗਨ ਦੇ ਅਜਿਹਾ ਕਰਨ ਨਾਲ ਇੰਨਾ ਤਾਂ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਉਹ ਭਾਰਤ ਦੇ ਇਸ ਕਦਮ ਨਾਲ ਬੁਰੀ ਤਰ੍ਹਾਂ ਘਬਰਾ ਗਿਆ ਹੈ ਅਤੇ ਉਸ ਨੂੰ ਹੁਣ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਦਿਖਾਈ ਦੇ ਰਹੀ ਹੈ। ਹਾਲ ਹੀ ’ਚ ਫਿਲਪੀਨਜ਼ ਵਲੋਂ ਭਾਰਤੀ ਸੁਪਰਸੋਨਿਕ ਮਿਜ਼ਾਈਲ ਬ੍ਰਹਿਮੋਸ ਖਰੀਦਣ ਨਾਲ ਚੀਨ ਬੌਖਲਾ ਗਿਆ ਸੀ ਅਤੇ ਹੁਣ ਭਾਰਤ ਦੇ ਮੱਧ ਏਸ਼ੀਆਈ ਦੇਸ਼ਾਂ ਦੇ ਨੇੜੇ ਜਾਣ ਨਾਲ ਚੀਨ ਗੁੱਸੇ ਨਾਲ ਪਾਗਲ ਹੋ ਗਿਆ ਹੈ। ਬਦਹਵਾਸੀ ’ਚ ਚੀਨ ਨੇ ਆਪਣੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ’ਚ ਜੋ ਖਬਰ ਛਪਵਾਈ ਹੈ, ਉਸ ਨਾਲ ਚੀਨ ਦੀ ਬੌਖਲਾਹਟ ਸਾਫ ਦਿਖਾਈ ਦੇ ਰਹੀ ਹੈ, ਜਿਸ ’ਚ ਚੀਨ ਨੇ ਭਾਰਤ ਬਾਰੇ ਕਿਹਾ ਹੈ ਕਿ ਭਾਰਤ ਦੇ ਸੁਪਨੇ ਤਾਂ ਬਹੁਤ ਵੱਡੇ ਹਨ ਪਰ ਉਸ ਨੇ ਮੱਧ ਏਸ਼ੀਆ ਨੂੰ ਲੈ ਕੇ ਵੱਡੀ ਗਲਤਫਹਿਮੀ ਪਾਲ ਰੱਖੀ ਹੈ।

ਜਿਸ ਤਰ੍ਹਾਂ ਚੀਨ ਨੇ ਮੱਧ ਏਸ਼ੀਆ ’ਚ ਆਰਥਿਕ ਤੌਰ ’ਤੇ ਆਪਣੀ ਬੜ੍ਹਤ ਬਣਾਈ ਹੈ, ਉਸ ਤੋਂ ਉਸ ਦਾ ਪੁਰਾਣਾ ਦੋਸਤ ਰੂਸ ਵੀ ਚਿੰਤਤ ਹੈ। ਚੀਨ ਨੂੰ ਉਸ ਦੀ ਆਰਥਿਕ ਤਰੱਕੀ ਦੇ ਕਾਰਨ ਇਸ ਪੂਰੇ ਖੇਤਰ ’ਚ ਬੜ੍ਹਤ ਮਿਲੀ ਹੋਈ ਹੈ। ਜੇਕਰ ਅਮਰੀਕਾ ਇਥੇ ਕੋਈ ਆਰਥਿਕ ਪਾਬੰਦੀ ਲਗਾਉਂਦਾ ਹੈ ਤਾਂ ਚੀਨ ਨੂੰ ਇਹ ਦੇਸ਼ ਤੇਲ ਅਤੇ ਗੈਸ ਵੇਚ ਕੇ ਆਰਥਿਕ ਸੰਕਟ ਤੋਂ ਬਚ ਨਿਕਲਦੇ ਹਨ। ਉਥੇ ਹੀ ਰੂਸ ਨੂੰ ਇਹ ਗੱਲ ਪਤਾ ਹੈ ਕਿ ਚੀਨ ਜਿਸ ਤਰ੍ਹਾਂ ਆਪਣੇ ਪੰਜੇ ਮੱਧ-ਏਸ਼ੀਆ ’ਚ ਫੈਲਾਅ ਰਿਹਾ ਹੈ, ਆਉਣ ਵਾਲੇ ਸਮੇਂ ’ਚ ਉਸ ਦਾ ਬੁਰਾ ਪ੍ਰਭਾਵ ਰੂਸ ਨੂੰ ਹੀ ਝੱਲਣਾ ਪਵੇਗਾ। ਦਰਅਸਲ ਪਿਛਲੇ 30 ਸਾਲਾਂ ’ਚ ਚੀਨ ਨੇ ਜਿਹੜੀ ਤਰੱਕੀ ਕੀਤੀ ਹੈ, ਉਸ ਤੋਂ ਬਾਅਦ ਉਹ ਰੂਸ ਲਈ ਸਿਰਦਰਦ ਬਣ ਗਿਆ ਹੈ। ਪਹਿਲਾਂ ਚੀਨ ਰੂਸ ਤੋਂ ਹਥਿਆਰ ਖਰੀਦਦਾ ਸੀ ਪਰ ਹੁਣ ਹਥਿਆਰਾਂ ਦੇ ਬਾਜ਼ਾਰ ’ਚ ਚੀਨ ਰੂਸ ਦਾ ਮੁਕਾਬਲੇਬਾਜ਼ ਬਣ ਗਿਆ ਹੈ। ਅੱਜ ਦੀ ਤਰੀਕ ’ਚ ਪੂਰੀ ਦੁਨੀਆ ’ਚ ਰੂਸ ਨਾਲੋਂ ਜ਼ਿਆਦਾ ਹਥਿਆਰਾਂ ਦੀ ਬਰਾਮਦ ਚੀਨ ਕਰਦਾ ਹੈ। ਚੀਨ ਨੇ ਤੀਜੀ ਦੁਨੀਆ ਦੇ ਉਨ੍ਹਾਂ ਦੇਸ਼ਾਂ ਨੂੰ ਆਪਣਾ ਗਾਹਕ ਬਣਾਇਆ ਹੈ ਜੋ ਰੂਸ, ਫਰਾਂਸ, ਇਜ਼ਰਾਈਲ ਅਤੇ ਅਮਰੀਕਾ ਤੋਂ ਹਥਿਆਰ ਖਰੀਦਣ ਦੀ ਹੈਸੀਅਤ ਨਹੀਂ ਰੱਖਦੇ। ਇਨ੍ਹਾਂ ’ਚ ਅਫਰੀਕੀ ਦੇਸ਼, ਮੱਧ ਏਸ਼ੀਆਈ ਦੇਸ਼, ਪਾਕਿਸਤਾਨ ਵਰਗੇ ਦੇਸ਼ ਸ਼ਾਮਲ ਹਨ।

ਚੀਨ ਨੇ ਜਿਹੜੇ ਹਥਿਆਰ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਵੇਚੇ ਹਨ, ਉਨ੍ਹਾਂ ’ਚੋਂ ਵਧੇਰੇ ਰੂਸੀ ਹਥਿਆਰਾਂ ਦੀ ਨਕਲ ਹੈ। ਸਾਲ 2018 ’ਚ ਚੀਨ ਨੇ ਕਜ਼ਾਖਸਤਾਨ ਨੂੰ ਵਾਈ-8 ਜੰਗੀ ਜਹਾਜ਼ ਸਸਤੇ ਰੇਟਾਂ ’ਤੇ ਵੇਚਿਆ ਜੋ ਰੂਸ ਦੇ ਏ. ਐੱਨ.-12 ਦੀ ਨਕਲ ਸੀ, ਉਸੇ ਸਾਲ ਜਨਵਰੀ ’ਚ ਚੀਨ ਨੇ ਤੁਰਕਮੇਨਿਸਤਾਨ ਨੂੰ ਕਿਊ. ਡਬਲਯੂ.-2 ਵੈਨਗਾਰਡ ਵੇਚਿਆ, ਜੋ ਰੂਸੀ 9ਕੇ-38 ਇਗਾਲਾ ਦੀ ਨਕਲ ਸੀ। ਸਾਲ 2016 ’ਚ ਤੁਰਕਮੇਨਿਸਤਾਨ ਨੇ ਦੁਨੀਆ ਨੂੰ ਦੱਸਿਆ ਕਿ ਚੀਨ ਨੇ ਜਿਹੜਾ ਐੱਚ. ਕਿਊ-9 ਮਿਜ਼ਾਈਲ ਸਿਸਟਮ ਉਸ ਨੂੰ ਵੇਚਿਆ ਸੀ, ਉਹ ਰੂਸੀ-300 ਦੀ ਸਿੱਧੀ ਨਕਲ ਸੀ। ਇਸ ਤੋਂ ਇਲਾਵਾ ਮੱਧ-ਏਸ਼ੀਆਈ ਦੇਸ਼ਾਂ ਦੀ ਸੈਂਟਰਲ ਪੁਲਸ ਫੋਰਸ ਨੂੰ ਪਿਸਤੌਲਾਂ, ਰਾਈਫਲ, ਹੈਲਮੇਟ ਸਭ ਕੁਝ ਚੀਨ ਨੇ ਹੀ ਸਸਤੇ ਰੇਟਾਂ ’ਤੇ ਵੇਚਿਆ ਹੈ। ਇਸ ਦੇ ਜਵਾਬ ’ਚ ਰੂਸ ਚਾਹੁੰਦਾ ਹੈ ਕਿ ਉਹ ਭਾਰਤ ਦੇ ਨਾਲ ਮਿਲ ਕੇ ਹਥਿਆਰਾਂ ਦਾ ਨਿਰਮਾਣ ਕਰੇ ਅਤੇ ਮੱਧ-ਏਸ਼ੀਆਈ ਦੇਸ਼ਾਂ ਨੂੰ ਨਿਰਯਾਤ ਕਰੇ। ਦਰਅਸਲ ਰੂਸੀ ਹਥਿਆਰ ਚੀਨੀ ਹਥਿਆਰਾਂ ਦੀ ਤੁਲਨਾ ’ਚ ਮਹਿੰਗੇ ਹੁੰਦੇ ਹਨ, ਜਿਸ ਨੂੰ ਇਹ ਦੇਸ਼ ਖਰੀਦ ਨਹੀਂ ਸਕਦੇ।

ਇਸ ਲਈ ਇਨ੍ਹਾਂ ਹਥਿਆਰਾਂ ਦਾ ਨਿਰਮਾਣ ਭਾਰਤ ’ਚ ਕੀਤਾ ਜਾਣਾ ਤੈਅ ਹੋਇਆ ਹੈ। ਜਿਸ ਨਾਲ ਇਨ੍ਹਾਂ ਦੀ ਕੀਮਤ ਚੀਨ ਦੀ ਤੁਲਨਾ ’ਚ ਵੀ ਘੱਟ ਹੋਵੇਗੀ ਅਤੇ ਰੂਸ ਦੇ ਹੱਥਾਂ ’ਚੋਂ ਮੱਧ ਏਸ਼ੀਆ ਦਾ ਹਥਿਆਰਾਂ ਦਾ ਫਿਸਲਦਾ ਬਾਜ਼ਾਰ ਵਾਪਸ ਉਸ ਦੀ ਮੁੱਠੀ ’ਚ ਆ ਜਾਵੇਗਾ। ਰੂਸ ਇਸ ਖੇਤਰ ’ਚ ਭਾਰਤ ਦਾ ਸਾਥ ਇਸ ਲਈ ਵੀ ਚਾਹੁੰਦਾ ਹੈ ਕਿਉਂਕਿ ਰੂਸ ਕੋਲ ਇਸ ਸਮੇਂ ਇੰਨਾ ਪੈਸਾ ਨਹੀਂ ਹੈ ਕਿ ਉਹ ਲਾਈਨ ਆਫ ਕ੍ਰੈਡਿਟ ਦੇ ਸਕੇ। ਉਥੇ ਹੀ ਭਾਰਤ ਇਨ੍ਹਾਂ ਦੇਸ਼ਾਂ ਨੂੰ ਸਾਫਟ ਲੋਨ ਦੇ ਕੇ ਹਥਿਆਰਾਂ ਦਾ ਨਿਰਯਾਤ ਕਰ ਸਕੇਗਾ। ਇਸ ਦੇ ਉੱਪਰ ਭਾਰਤ ਅਤੇ ਰੂਸ ਦਰਮਿਆਨ ਗੈਰ-ਰਸਮੀ ਸਮਝੌਤਾ ਪੁਤਿਨ ਦੇ ਹਾਲ ਹੀ ਦੇ ਭਾਰਤ ਦੌਰੇ ਦੇ ਸਮੇਂ ਹੋ ਚੁੱਕਾ ਹੈ। ਜੇਕਰ ਭਾਰਤ ਅਤੇ ਰੂਸ ਦੀ ਹਥਿਆਰ ਨਿਰਮਾਣ ’ਚ ਭਾਈਵਾਲੀ ਨਾਲ ਮੱਧ ਏਸ਼ੀਆ ਦੇ ਹਥਿਆਰ ਬਾਜ਼ਾਰ ’ਤੇ ਪਕੜ ਮਜ਼ਬੂਤ ਹੁੰਦੀ ਹੈ ਤਾਂ ਇਸ ਗੱਲ ਨਾਲ ਚੀਨ ਦਾ ਇਕ ਵੱਡਾ ਹਥਿਆਰਾਂ ਦਾ ਬਾਜ਼ਾਰ ਉਸ ਦੇ ਹੱਥੋਂ ਨਿਕਲ ਜਾਵੇਗਾ। ਅਜਿਹੇ ’ਚ ਚੀਨ ਇਹ ਨਹੀਂ ਚਾਹੁੰਦਾ ਕਿ ਉਸ ਦੇ ਖੇਤਰ ਵਾਲੇ ਮੱਧ ਏਸ਼ੀਆ ਅਤੇ ਦੱਖਣ-ਪੂਰਬ ਏਸ਼ੀਆ ’ਚ ਕੋਈ ਬਾਹਰੀ ਦੇਸ਼ ਦਖਲ ਦੇਵੇ ਪਰ ਜਿਸ ਤਰੀਕੇ ਨਾਲ ਚੀਨ ਬੌਖਲਾਹਟ ਭਰੇ ਕਦਮ ਉਠਾ ਰਿਹਾ ਹੈ, ਅਜਿਹੇ ’ਚ ਛੇਤੀ ਹੀ ਉਹ ਕੋਈ ਅਜਿਹੀ ਗਲਤੀ ਕਰੇਗਾ ਜਿਸ ਨਾਲ ਉਸ ਦੀ ਪਕੜ ਇਨ੍ਹਾਂ ਖੇਤਰਾਂ ’ਤੇ ਹੋਰ ਜ਼ਿਆਦਾ ਢਿੱਲੀ ਹੋਵੇਗੀ, ਜਿਸ ਦਾ ਲਾਭ ਉਸ ਦੇ ਵਿਰੋਧੀ ਖੇਮੇ ਵਾਲੇ ਦੇਸ਼ ਉਠਾਉਣਗੇ।
 


Manoj

Content Editor

Related News