ਕੁਦਰਤੀ ਆਫਤਾਂ ਨੂੰ ਰੋਕਣ ਦੀ ‘ਕੌਮਾਂਤਰੀ ਪਹਿਲ’
Friday, Dec 07, 2018 - 07:14 AM (IST)

ਦੁਨੀਆ ਦੀ 40 ਫੀਸਦੀ ਆਬਾਦੀ ਵਾਲੇ 8 ਗੁਅਾਂਢੀ ਦੇਸ਼ ਭੂਚਾਲ, ਹੜ੍ਹ ਅਤੇ ਹੋਰ ਕੁਦਰਤੀ ਤੇ ਮਨੁੱਖ ਵਲੋਂ ਪੈਦਾ ਕੀਤੀਅਾਂ ਆਫਤਾਂ ਦੀ ਬੇਹਤਰੀਨ ਮੈਨੇਜਮੈਂਟ, ਰਾਹਤ, ਬਚਾਅ ਤੇ ਮੁੜ-ਵਸੇਬੇ ਦੇ ਕੰਮਾਂ ’ਚ ਵਿਗਿਆਨਕ ਤਕਨੀਕ, ਮਨੁੱਖੀ ਸਮਰੱਥਾਵਾਂ, ਨਵੀਂ ਮਸ਼ੀਨਰੀ ਤੇ ਯੰਤਰਾਂ ਦੀ ਤਾਜ਼ਾ ਜਾਣਕਾਰੀ ਸਾਂਝੀ ਕਰਨ ਅਤੇ ਆਪਣੇ ਤਜਰਬਿਅਾਂ ਦਾ ਫਾਇਦਾ ਇਲਾਕੇ ਦੇ ਗੁਅਾਂਢੀ ਦੇਸ਼ਾਂ ਨੂੰ ਪਹੁੰਚਾਉਣ ਦੇ ਇਰਾਦੇ ਨਾਲ ਅਗਲੇ ਸਾਲ 22 ਤੋਂ 24 ਫਰਵਰੀ ਤਕ ਦਿੱਲੀ ’ਚ ਵਿਚਾਰ-ਵਟਾਂਦਰਾ ਕਰਨਗੇ।
ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਦੇਖਰੇਖ ਹੇਠ ਭਾਰਤ, ਕਜ਼ਾਖਿਸਤਾਨ, ਚੀਨ, ਪਾਕਿਸਤਾਨ, ਰੂਸ, ਤਾਜ਼ਿਕਸਤਾਨ, ਕਿਰਗਿਜ਼ ਗਣਰਾਜ ਅਤੇ ਉਜ਼ਬੇਕਿਸਤਾਨ ਦੇ ਨੁਮਾਇੰਦੇ ਆਪੋ-ਆਪਣੇ ਖੇਤਰ ’ਚ ਪਿਛਲੇ ਸਾਲਾਂ ਦੌਰਾਨ ਆਈਅਾਂ ਕੁਦਰਤੀ ਆਫਤਾਂ ਦੇ ਮੁੱਖ ਕਾਰਨਾਂ ਤੇ ਉਨ੍ਹਾਂ ਦੀ ਮੈਨੇਜਮੈਂਟ ਦੇ ਤਜਰਬੇ ਸਾਂਝੇ ਕਰਨਗੇ ਤਾਂ ਕਿ ਖੇਤਰ ਦੇ ਸਾਰੇ ਲੋਕ ਇਕ-ਦੂਜੇ ਦੇ ਤਜਰਬਿਅਾਂ ਤੋਂ ਸਿੱਖ ਕੇ ਆਪਣੇ ਖੇਤਰਾਂ ’ਚ ਆਉਣ ਵਾਲੀਅਾਂ ਕੁਦਰਤੀ ਆਫਤਾਂ ਨਾਲ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਨੂੰ ਰੋਕ ਸਕਣ।
3 ਲੱਖ ਲੋਕ ਜਾਨਾਂ ਗੁਆ ਚੁੱਕੇ ਹਨ
ਸੰਨ 1996 ਤੋਂ 2015 ਤਕ ਇਨ੍ਹਾਂ ਦੇਸ਼ਾਂ ’ਚ ਆਈਅਾਂ ਕੁਦਰਤੀ ਆਫਤਾਂ ਦੌਰਾਨ ਲੱਗਭਗ 3 ਲੱਖ ਲੋਕ ਆਪਣੀਅਾਂ ਜਾਨਾਂ ਗੁਆ ਚੁੱਕੇ ਹਨ। ਇਹ ਸਾਰੇ ਦੇਸ਼ ਭੂਚਾਲ, ਹੜ੍ਹ, ਤੂਫਾਨ, ਜ਼ਮੀਨ ਖਿਸਕਣ ਅਤੇ ਮਹਾਮਾਰੀਅਾਂ ਦੀ ਲਪੇਟ ’ਚ ਅਕਸਰ ਆਉਂਦੇ ਰਹਿੰਦੇ ਹਨ। ਇਸ ਖੇਤਰ ’ਚ ਮੌਸਮ ਵਿਚ ਤਬਦੀਲੀ ਦੀ ਵਜ੍ਹਾ ਕਰ ਕੇ ਪਾਣੀ ਤੇ ਮੌਸਮ ਸਬੰਧੀ ਜੋਖ਼ਮ ਵਧਣ ਦਾ ਖਦਸ਼ਾ ਰਹਿੰਦਾ ਹੈ। ਅੱਜਕਲ ਦੁੁਨੀਆ ਇਕ-ਦੂਜੇ ਨਾਲ ਨੇੜਿਓਂ ਜੁੜੀ ਹੋਈ ਹੈ ਤੇ ਦੁਨੀਆ ਦੇ ਇਕ ਹਿੱਸੇ ’ਚ ਆਈ ਕੁਦਰਤੀ ਆਫਤ ਦਾ ਦੂਜੇ ਹਿੱਸੇ ’ਤੇ ਸਿੱਧਾ ਜਾਂ ਅਸਿੱਧਾ ਅਸਰ ਪੈਂਦਾ ਹੈ।
ਇਨ੍ਹਾਂ ਦੇਸ਼ਾਂ ’ਚ ਦੁਨੀਆ ਦੀ ਲੱਗਭਗ 40 ਫੀਸਦੀ ਆਬਾਦੀ ਰਹਿੰਦੀ ਹੈ। ਜੇ ਮੈਂਬਰ ਦੇਸ਼ ਇਨ੍ਹਾਂ ਆਫਤਾਂ ਦੇ ਪ੍ਰਭਾਵ ਨੂੰ ਰੋਕਣ ’ਚ ਸਫਲ ਹੋ ਜਾਂਦੇ ਹਨ ਤਾਂ ਇਸ ਦਾ ਸੰਸਾਰ ਪੱਧਰ ’ਤੇ ਅਸਰ ਪਵੇਗਾ। ਵਿਸ਼ਵ ਭਾਈਚਾਰੇ ਵਲੋਂ ਕੁਦਰਤੀ ਆਫਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਟੀਚੇ ਹਾਸਿਲ ਕਰਨ ਲਈ ਐੱਸ.ਸੀ.ਓ. ਮੈਂਬਰ ਦੇਸ਼ਾਂ ਦੀ 9ਵੀਂ ਮੀਟਿੰਗ ਪਿਛਲੇ ਸਾਲ 23 ਤੋਂ 25 ਅਗਸਤ ਤਕ ਕਿਰਗਿਸਤਾਨ ’ਚ ਹੋਈ ਸੀ, ਜਿਸ ’ਚ ਭਾਰਤੀ ਟੀਮ ਦੀ ਅਗਵਾਈ ਕਰਦਿਅਾਂ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 10ਵੀਂ ਮੀਟਿੰਗ ਦਾ ਆਯੋਜਨ ਭਾਰਤ ’ਚ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਦੇ ਲਈ ਸਾਰੇ ਦੇਸ਼ਾਂ ਨੇ ਹਾਮੀ ਭਰ ਦਿੱਤੀ।
ਨਵੀਂ ਦਿੱਲੀ ’ਚ ਪਿਛਲੇ ਮਹੀਨੇ ਐੱਸ. ਸੀ. ਓ. ਦੇਸ਼ਾਂ ਦੀ 2 ਦਿਨਾ ਮੀਟਿੰਗ ਹੋਈ, ਜਿਸ ’ਚ ਆਉਣ ਵਾਲੇ ਸਾਲਾਂ ਦੌਰਾਨ ਚੌਗਿਰਦੇ ’ਚ ਤਬਦੀਲੀ, ਜੰਗਲਾਂ ਦੀ ਘਾਟ ਅਤੇ ਹੋਰ ਕਾਰਨਾਂ ਕਰ ਕੇ ਆਉਣ ਵਾਲੀਅਾਂ ਸੰਭਾਵੀ ਕੁਦਰਤੀ ਆਫਤਾਂ ਬਾਰੇ ਮਾਹਿਰਾਂ ਨੇ ਡੂੰਘਾ ਵਿਚਾਰ-ਵਟਾਂਦਰਾ ਕੀਤਾ।
ਇਸ ਮੀਟਿੰਗ ’ਚ ਖੇਤਰ ’ਚ ਹਾਈਡ੍ਰੋ ਮੈਟ੍ਰੋਲਾਜੀਕਲ ਆਫਤਾਂ ਬਾਰੇ ਖਾਸ ਤੌਰ ’ਤੇ ਚਰਚਾ ਕੀਤੀ ਗਈ ਕਿਉਂਕਿ ਐੱਸ. ਸੀ. ਓ. ਸੰਗਠਨ ਦੇ ਦੇਸ਼ ਭੂਗੋਲਿਕ ਤੌਰ ’ਤੇ ਇਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਕ ਦੇਸ਼ ’ਚ ਆਉਣ ਵਾਲੀ ਕੁਦਰਤੀ ਆਫਤ ਨਾਲ ਉਸ ਦੇ ਗੁਅਾਂਢੀ ਦੇਸ਼ ਸਿੱਧੇ ਜਾਂ ਅਸਿੱਧੇ ਤੌਰ ’ਤੇ ਪ੍ਰਭਾਵਿਤ ਹੁੰਦੇ ਹਨ।
ਚੁਣੌਤੀਅਾਂ ਇਕੋ ਜਿਹੀਅਾਂ
ਦੁਨੀਆ ਦੇ ਸਾਰੇ ਦੇਸ਼ਾਂ ’ਚ ਕੁਦਰਤੀ ਆਫਤਾਂ ਨੂੰ ਲੈ ਕੇ ਚੁਣੌਤੀਅਾਂ ਲੱਗਭਗ ਇਕੋ ਜਿਹੀਅਾਂ ਹਨ ਤੇ ਜੇ ਅਸੀਂ ਕੁਦਰਤੀ ਆਫਤਾਂ ਦੇ ਨੁਕਸਾਨ, ਅਸਰ ਨੂੰ ਘੱਟ ਕਰਨ ’ਚ ਸਫਲ ਹੋ ਜਾਂਦੇ ਹਾਂ ਤਾਂ ਇਸ ਦਾ ਸਿੱਧਾ ਫਾਇਦਾ ਖੇਤਰ ਦੇ ਗੁਅਾਂਢੀ ਦੇਸ਼ਾਂ ਨੂੰ ਮਿਲੇਗਾ ਤੇ ਇਸ ਦੇ ਵਿਸ਼ਵਵਿਆਪੀ ਫਾਇਦੇ ਹੋਣਗੇ। ਅਕਸਰ ਦੇਖਿਆ ਗਿਆ ਹੈ ਕਿ ਗੁਅਾਂਢੀ ਦੇਸ਼ਾਂ ’ਚ ਕੁਦਰਤੀ ਆਫਤਾਂ ਦਾ ਸਰੂਪ ਵੀ ਲੱਗਭਗ ਇਕੋ ਜਿਹਾ ਰਹਿੰਦਾ ਹੈ, ਜਿਵੇਂ ਨੇਪਾਲ ਦੇ ਹੜ੍ਹ ਦਾ ਅਸਰ ਸਿੱਧੇ ਤੌਰ ’ਤੇ ਬਿਹਾਰ ਉੱਤੇ ਪੈਂਦਾ ਹੈ ਅਤੇ ਇਕ ਦੇਸ਼ ’ਚ ਸੋਕੇ ਦਾ ਅਸਰ ਵੀ ਗੁਅਾਂਢੀ ਦੇਸ਼ ’ਚ ਮਹਿਸੂਸ ਕੀਤਾ ਜਾਂਦਾ ਹੈ।
ਇਸ ਲਈ ਜੇ ਸਾਰੇ ਗੁਅਾਂਢੀ ਦੇਸ਼ ਕੁਦਰਤੀ ਆਫਤਾਂ ’ਚ ਆਪਣੇ ਸੋਮਿਅਾਂ ਤੇ ਮਨੁੱਖੀ ਸ਼ਕਤੀ ਦਾ ਇਸਤੇਮਾਲ ਮਿਲ-ਜੁਲ ਕੇ ਕਰਨਗੇ ਤਾਂ ਇਸ ਦਾ ਲਾਭ ਸਾਰਿਅਾਂ ਨੂੰ ਮਿਲੇਗਾ। ਅਗਲੇ ਸਾਲ ਹੋਣ ਵਾਲੀ ਮੀਟਿੰਗ ’ਚ ਕੁਦਰਤੀ ਆਫਤਾਂ ਨਾਲ ਜੁੜੀਅਾਂ ਵੱਖ-ਵੱਖ ਪ੍ਰਸ਼ਾਸਨਿਕ ਅਤੇ ਹੋਰ ਯੋਜਨਾਵਾਂ ਦੇ ਪਹਿਲੂਅਾਂ ਬਾਰੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਰੂਸ ਤੇ ਚੀਨ ਗੁਅਾਂਢੀ ਦੇਸ਼ਾਂ ’ਚ ਆਪਸੀ ਤਾਲਮੇਲ ਵਧਾਉਣ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਇਸ ਸਮੇਂ ਸਾਰੇ ਮੈਂਬਰ ਦੇਸ਼ਾਂ ਦੇ ਆਫਤ ਪ੍ਰਬੰਧ ਮਾਹਿਰਾਂ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਬਚਾਅ ਦਲ ਦੇ ਮੈਂਬਰਾਂ ਲਈ ਥੋੜ੍ਹਚਿਰੀ ਸਿਖਲਾਈ ਕਾਰਜ ਯੋਜਨਾ ਅਤੇ ਵਿਚਾਰ ਸਾਂਝੇ ਕਰਨ ਦੀ ਲੋੜ ਹੈ। ਹੋਣ ਵਾਲੀ ਮੀਟਿੰਗ ’ਚ ਸਾਰੇ ਦੇਸ਼ਾਂ ਦੇ ਆਫਤ ਰੋਕੂ ਮਾਹਿਰਾਂ ਦੇ ਤਜਰਬਿਅਾਂ ਨੂੰ ਸਾਂਝੇ ਕਰਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ ਤਾਂ ਕਿ ਖੇਤਰੀ ਮੁਹਾਰਤ ਦਾ ਵਿਸ਼ਵ ਪੱਧਰ ’ਤੇ ਲਾਹਾ ਲਿਆ ਜਾ ਸਕੇ।
ਇਸ ਤੋਂ ਇਲਾਵਾ ਮੀਟਿੰਗ ’ਚ ਸਾਰੀਅਾਂ ਵਿਕਾਸ ਯੋਜਨਾਵਾਂ ਨੂੰ ਆਫਤ-ਮੁਕਤ ਬਣਾਈ ਰੱਖਣ ’ਤੇ ਚਰਚਾ ਹੋਵੇਗੀ ਅਤੇ ਮੈਂਬਰ ਦੇਸ਼ਾਂ ਵਿਚਾਲੇ ਆਫਤ ਪ੍ਰਬੰਧ ’ਚ ਕੌਮਾਂਤਰੀ ਪੱਧਰ ’ਤੇ ਸਬੰਧਤ ਸਰਕਾਰਾਂ ਦਰਮਿਆਨ ਬੇਹਤਰ ਤਾਲਮੇਲ ਬਣਾ ਕੇ ਹਿੱਸੇਦਾਰੀ ਵਧਾਈ ਜਾਵੇਗੀ ਤੇ ਖੇਤਰੀ ਸਹਿਯੋਗ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ। ਮੈਂਬਰ ਦੇਸ਼ਾਂ ਵਿਚਾਲੇ ਕੁਦਰਤੀ ਆਫਤਾਂ ਦੇ ਹੱਲ ਤੇ ਨਿਪੁੰਨਤਾ ਬਾਰੇ ਵਿਚਾਰ ਸਾਂਝੇ ਕਰ ਕੇ ਕੁਦਰਤੀ ਆਫਤਾਂ ਨਾਲ ਲੜਨ ਉੱਤੇ ਵਿਚਾਰ ਕੀਤਾ ਜਾਵੇਗਾ।
ਭਾਰਤ ਨੇ 2.5 ਅਰਬ ਰੁਪਏ ਰਾਖਵੇਂ ਰੱਖੇ
ਇਸ ਸਮੇਂ ਭਾਰਤ ਸਰਕਾਰ ਨੇ ਲੱਗਭਗ 2.5 ਅਰਬ ਰੁਪਏ ਕੌਮੀ ਆਫਤ ਪ੍ਰਬੰਧ ਲਈ ਰਾਖਵੇਂ ਰੱਖੇ ਹੋਏ ਹਨ, ਜੋ ਕਿ 4,00,000 ਆਫਤ ਪੀੜਤਾਂ ਨੂੰ ਰਾਹਤ ਤੇ ਸਹਾਇਤਾ ਰਾਸ਼ੀ ਦੇਣ ਲਈ ਵਰਤੇ ਜਾਣਗੇ। ਐੱਨ. ਡੀ. ਆਰ. ਐੱਫ. ਨੇ ਪਿਛਲੇ ਕੁਝ ਸਾਲਾਂ ਦੌਰਾਨ ਭੂਚਾਲ, ਹੜ੍ਹ, ਚੱਕਰਵਾਤ, ਰੇਲ ਹਾਦਸਿਅਾਂ ਸਮੇਤ ਕਈ ਕੁਦਰਤੀ ਆਫਤਾਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਹੈ।
ਪਿਛਲੇ 5 ਸਾਲਾਂ ਦੌਰਾਨ ਐੱਨ. ਡੀ. ਆਰ. ਐੱਫ. ਨੇ ਦੇਸ਼ ’ਚ ਆਫਤ ਮੈਨੇਜਮੈਂਟ ਦੇ 1647 ਸਫਲ ਆਪ੍ਰੇਸ਼ਨ ਕੀਤੇ ਹਨ, ਜਿਨ੍ਹਾਂ ’ਚ 54800 ਲੋਕਾਂ ਦੀਅਾਂ ਜਾਨਾਂ ਬਚਾਈਅਾਂ ਗਈਅਾਂ, ਜਦਕਿ ਕੁਦਰਤੀ ਆਫਤਾਂ ’ਚ ਘਿਰੇ 330619 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।
ਸੰਨ 2006 ’ਚ ਐੱਨ. ਡੀ. ਆਰ. ਐੱਫ. ਦੇ ਗਠਨ ਤੋਂ ਬਾਅਦ ਹੁਣ ਤਕ ਇਸ ਸੰਗਠਨ ਨੇ 2371 ਆਪ੍ਰੇਸ਼ਨ ਕੀਤੇ ਹਨ, ਜਿਨ੍ਹਾਂ ’ਚ ਇਸ ਦੀਅਾਂ 4017 ਟੀਮਾਂ ਨੂੰ ਦੇਸ਼ ਭਰ ’ਚ ਤਾਇਨਾਤ ਕੀਤਾ ਗਿਆ। ਵੱਖ-ਵੱਖ ਆਪ੍ਰੇਸ਼ਨਾਂ ’ਚ ਐੱਨ. ਡੀ. ਆਰ. ਐੱਫ. ਨੇ 1,15,724 ਲੋਕਾਂ ਦੀਅਾਂ ਜਾਨਾਂ ਬਚਾਈਅਾਂ ਅਤੇ 5,81,885 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
ਇਸ ਤੋਂ ਇਲਾਵਾ ਬਚਾਅ ਕਰਮਚਾਰੀਅਾਂ ਨੇ 3571 ਮ੍ਰਿਤਕਾਂ ਦੀਅਾਂ ਲਾਸ਼ਾਂ ਮਲਬੇ ਆਦਿ ’ਚੋਂ ਕੱਢੀਅਾਂ। ਐੱਨ. ਡੀ. ਆਰ. ਐੱਫ. ਜ਼ਮੀਨ ਅਤੇ ਪਾਣੀ ’ਚ ਚੱਲਣ ਵਾਲੇ ਵਾਹਨ ਹਾਸਿਲ ਕਰਨ ਤੇ ਅਕਾਦਮੀ ’ਚ ‘ਸਟੇਟ ਆਫ ਆਰਟ ਇਨਫ੍ਰਾਸਟਰੱਕਚਰ’ ਵਿਕਸਿਤ ਕਰਨ ਲਈ ਯਤਨਸ਼ੀਲ ਹੈ।
(ਲੇਖਕ ਭਾਰਤੀ ਪੁਲਸ ਸੇਵਾ ਦੇ ਅਧਿਕਾਰੀ ਅਤੇ ਐੱਨ. ਡੀ. ਆਰ. ਐੱਫ. ਦੇ ਮਹਾਨਿਰਦੇਸ਼ਕ ਹਨ।)
ਨੌਜਵਾਨਾਂ ਦੀ ਵਿਦੇਸ਼ ਵੱਲ ਨੂੰ ਉਡਾਰੀ
ਅੱਜ ਪੰਜਾਬ ਦਾ ਲੱਗਭਗ ਹਰੇਕ ਨੌਜਵਾਨ ਵਿਦੇਸ਼ (ਕੈਨੇਡਾ, ਆਸਟ੍ਰੇਲੀਆ ਵਗੈਰਾ) ਜਾਣ ਲਈ ਉਤਾਵਲਾ ਹੈ ਤੇ ਹਰ ਸਾਲ ਲੱਖਾਂ ਨੌਜਵਾਨ ਪੜ੍ਹਾਈ ਲਈ ਵਿਦੇਸ਼ ਵੱਲ ਨੂੰ ਉਡਾਰੀਅਾਂ ਮਾਰ ਰਹੇ ਹਨ। ਮਾਂ-ਬਾਪ ਕਰਜ਼ੇ ਲੈ ਕੇ, ਜ਼ਮੀਨਾਂ ਵੇਚ ਕੇ ਜਾਂ ਗਹਿਣੇ ਰੱਖ ਕੇ ਆਪਣੇ ਬੱਚਿਅਾਂ ਨੂੰ ਕੈਨੇਡਾ, ਆਸਟਰੇਲੀਆ ਵਰਗੇ ਦੇਸ਼ਾਂ ’ਚ ਭੇਜ ਰਹੇ ਹਨ।
ਕੀ ਸਾਡੇ ਇਥੇ ਸਿੱਖਿਆ ਸਹੀ ਢੰਗ ਨਾਲ ਨਹੀਂ ਦਿੱਤੀ ਜਾਂਦੀ ਜਾਂ ਪੜ੍ਹਾਈ ਤੋਂ ਬਾਅਦ ਨੌਕਰੀ ਨਾ ਮਿਲਣਾ ਇਸ ਦੀ ਵਜ੍ਹਾ ਹੈ? ਇਹ ਤਾਂ ਸਪੱਸ਼ਟ ਹੈ ਕਿ ਪੜ੍ਹਾਈ ਇਕ ਬਹਾਨਾ ਹੈ, ਮਕਸਦ ਸਿਰਫ ਵਿਦੇਸ਼ ’ਚ ਜਾ ਕੇ ਵਸਣ ਦਾ ਹੈ। ਕੀ ਸਾਡੀਅਾਂ ਸਰਕਾਰਾਂ ਨੂੂੰ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਇਥੇ ਹਰੇਕ ਪੜ੍ਹੇ-ਲਿਖੇ ਨੌਜਵਾਨ ਨੂੰ ਨੌਕਰੀ ਮਿਲੇ ਤਾਂ ਕਿ ਸਾਡਾ ਆਉਣ ਵਾਲਾ ਕੱਲ ਸਾਡੇ ਹੱਥੋਂ ਨਾ ਨਿਕਲੇ ਅਤੇ ਇਥੋਂ ਦਾ ਪੈਸਾ ਬਾਹਰ ਨਾ ਜਾਵੇ, ਜੋ ਪੜ੍ਹਾਈ ਦੇ ਨਾਂ ’ਤੇ ਵਿਦੇਸ਼ ਜਾਣ ਵਾਲੇ ਨੌਜਵਾਨ ਉਥੋਂ ਦੇ ਕਾਲਜਾਂ, ਯੂਨੀਵਰਸਿਟੀਅਾਂ ’ਚ ਫੀਸਾਂ ਵਜੋਂ ਜਮ੍ਹਾ ਕਰਵਾ ਰਹੇ ਹਨ?
ਦੂਜਿਅਾਂ ਲਈ ਇਕ ਵੱਡਾ ਬਾਜ਼ਾਰ ਬਣਦੇ ਜਾ ਰਹੇ ਭਾਰਤ ’ਚ ਇਥੋਂ ਦੇ ਨੌਜਵਾਨਾਂ ਲਈ ਸਹੀ ਨੌਕਰੀ ਕਿਉਂ ਨਹੀਂ? ਸਰਕਾਰਾਂ ਨੂੰ ਛੇਤੀ ਇਸ ਪਾਸੇ ਧਿਆਨ ਦੇਣਾ ਪਵੇਗਾ ਅਤੇ ਆਪਣੀਅਾਂ ਕਮੀਅਾਂ ਨੂੰ ਦੂਰ ਕਰਨਾ ਪਵੇਗਾ।
–ਸਤੀਸ਼ ਭਾਟੀਆ, ਜੀ. ਟੀ. ਰੋਡ ਗੁਰਾਇਅਾ